ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 22.75 ਲੱਖ ਰੁਪਏ ਦੀ ਠੱਗੀ, ਪਤੀ-ਪਤਨੀ ਖਿਲਾਫ ਮਾਮਲਾ ਦਰਜ
Saturday, Jul 20, 2024 - 04:53 PM (IST)
ਸਮਾਣਾ (ਦਰਦ) : ਨੌਜਵਾਨ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 22.75 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਕ ਮਾਮਲੇ ’ਚ ਸਦਰ ਪੁਲਸ ਨੇ ਪਟਿਆਲਾ ਨਿਵਾਸੀ ਪਤੀ-ਪਤਨੀ ਖ਼ਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਪਵਨ ਸਚਦੇਵਾ ਅਤੇ ਉਸ ਦੀ ਪਤਨੀ ਸ਼ਿਵਾਨੀ ਮਿਸ਼ਰਾ ਨਿਵਾਸੀ ਪਟਿਆਲਾ ਸ਼ਾਮਲ ਹੈ। ਸਦਰ ਪੁਲਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਨੌਜਵਾਨ ਹਰਮਨਜੀਤ ਸਿੰਘ ਦੇ ਪਿਤਾ ਤਲਜੀਤ ਸਿੰਘ ਨਿਵਾਸੀ ਪਿੰਡ ਘਿਉਰਾ ਵੱਲੋਂ ਉਚ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਸ਼ਿਕਾਇਤ ਅਨੁਸਾਰ ਉਕਤ ਜੋੜੀ ਨੇ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਰਕਮ ਇਕ ਬੈਂਕ ਤੋਂ ਲੋਨ ਦੇ ਤੌਰ 'ਤੇ ਦਿਵਾ ਕੇ ਅਤੇ ਬਾਕੀ ਰਕਮ ਬੈਂਕ ਟਰਾਂਸਫਰ ਰਾਹੀ ਵਸੂਲ ਕਰ ਲਈ।
ਰਕਮ ਪ੍ਰਾਪਤ ਕਰਨ ਦੇ ਬਾਵਜੂਦ ਉਸ ਦੇ ਪੁੱਤਰ ਨੂੰ ਅਮਰੀਕਾ ਭੇਜਣ ਲਈ ਟਾਲਮਟੋਲ ਕਰਦੇ ਰਹੇ। ਉਨ੍ਹਾਂ ਨਾ ਤਾਂ ਹਰਮਨਜੀਤ ਸਿੰਘ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਤੋਂ ਲਈ ਰਕਮ ਵਾਪਸ ਕੀਤੀ। ਅਧਿਕਾਰੀ ਅਨੁਸਾਰ ਜ਼ਿਲ੍ਹਾ ਉਚ ਅਧਿਕਾਰੀਆਂ ਵੱਲੋਂ ਜਾਂਚ ਪੜਤਾਲ ਉਪਰੰਤ ਮਾਮਲੇ ਨੂੰ ਸਹੀ ਪਾਏ ਜਾਨ ਅਤੇ ਲੀਗਲ ਰਾਏ ਦੇ ਬਾਅਦ ਦਿੱਤੇ ਹੁਕਮਾਂ 'ਤੇ ਸਦਰ ਪੁਲਸ ਨੇ ਮੁਲਜ਼ਮਾਂ ਦੇ ਖ਼ਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।