Amazon ਨੇ ਵੈੱਬਸਾਇਟ ਤੋਂ ਹਟਾਏ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਵਾਲੇ ਬਾਥਰੂਮ ਰਗਸ
Thursday, Dec 20, 2018 - 01:02 AM (IST)

ਤਲਵੰਡੀ ਸਾਬੋ— ਐਮਾਜ਼ੋਨ ਵਲੋਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਨ 'ਤੇ ਸਿੱਖ ਭਾਈਚਾਰੇ ਦੇ ਵਿਰੋਧ ਪਿੱਛੋਂ ਐਮਾਜ਼ਾਨ ਨੇ ਆਪਣੀ ਸਾਈਟ 'ਤੇ ਪੋਸਟ ਕੀਤੀਆਂ ਵਿਵਾਦਿਤ ਤਸਵੀਰਾਂ ਹਟਾ ਲਈਆਂ ਹਨ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਸਾਬਕਾ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬਾਥਰੂਮ ਰਗਸ ਤੇ ਡੋਰ ਮੈਟ 'ਤੇ ਸ੍ਰੀ ਦਰਬਾਰ ਸਾਹਿਬ ਜੀ ਦੀ ਪਵਿੱਤਰ ਤਸਵੀਰ ਲਾ ਕੇ ਵੱਡੀ ਗਲਤੀ ਅਤੇ ਪਾਪ ਕੀਤਾ ਗਿਆ ਹੈ। ਜਿਸ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਕਾਫੀ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਇਸ ਦਾ ਵਿਰੋਧ ਦੁਨੀਆ ਭਰ ਦੇ ਸਿੱਖਾਂ ਵਲੋਂ ਕੀਤਾ ਗਿਆ, ਜਿਸ ਦੇ ਨਤੀਜੇ ਵਜੋਂ ਐਮਾਜ਼ੋਨ ਨੇ ਇਹ ਵਿਵਾਦਿਤ ਤਸਵੀਰਾਂ ਨੂੰ ਆਪਣੀ ਸਾਈਟ ਤੋਂ ਹਟਾ ਲਿਆ ਹੈ ਅਤੇ ਵਿਵਾਦਿਤ ਪ੍ਰੋਡਕਟ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਲੋਂ ਐਮਾਜ਼ੋਨ ਨੂੰ ਨੋਟਿਸ ਭੇਜਿਆ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਨੂੰ ਆਪਣੀ ਇਸ ਵੱਡੀ ਗਲਤੀ ਦੀ ਸਿੱਖ ਭਾਈਚਾਰੇ ਤੋਂ ਮੁਆਫੀ ਮੰਗਣੀ ਚਾਹੀਦੀ ਹੈ।