ਅਮਰਨਾਥ ਯਾਤਰਾ ਦੌਰਾਨ ਹੋਏ ਹਮਲੇ ਦੇ ਵਿਰੋਧ ''ਚ ਹਿੰਦੂ ਸੰਗਠਨਾਂ ਨੇ ਲਹਿਰਾਈਆਂ ਤਲਵਾਰਾਂ, ਕੀਤੀ ਇਹ ਮੰਗ

Wednesday, Jul 12, 2017 - 02:04 AM (IST)

ਅਮਰਨਾਥ ਯਾਤਰਾ ਦੌਰਾਨ ਹੋਏ ਹਮਲੇ ਦੇ ਵਿਰੋਧ ''ਚ ਹਿੰਦੂ ਸੰਗਠਨਾਂ ਨੇ ਲਹਿਰਾਈਆਂ ਤਲਵਾਰਾਂ, ਕੀਤੀ ਇਹ ਮੰਗ

ਪਟਿਆਲਾ (ਇੰਦਰਜੀਤ ਬਕਸ਼ੀ) — ਅਮਰਨਾਥ ਯਾਤਰਾ ਦੌਰਾਨ ਬੱਸ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਦੇ ਹਿੰਦੂ ਸੰਗਠਨਾਂ 'ਚ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ, ਪਟਿਆਲਾ ਦੇ ਕਾਲੀ ਦੇਵੀ ਮੰਦਰ ਦੇ ਬਾਹਰ ਅਖਿਲ ਭਾਰਤੀ ਹਿੰਦੂ ਸੁਰੱਖਿਆ ਸਮਿਤੀ ਵਲੋਂ ਵੀ ਇਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾ 'ਚ ਨਿੰਦਾ ਕਰਦੇ ਹੋਏ ਪਾਕਿਸਤਾਨ ਦੇ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਧਮਕੀ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਨਾ ਤਾਂ ਜੰਮੂ ਕਸ਼ਮੀਰ ਦੀਆਂ ਬੱਸਾਂ ਨੂੰ ਪ੍ਰਵੇਸ਼ ਮਿਲੇਗਾ ਤੇ ਨਾ ਹੀ ਪੰਜਾਬ ਵਿਚ ਕਸ਼ਮੀਰੀ ਲੋਕਾਂ ਨੂੰ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ। 
ਉਥੇ ਹੀ ਪ੍ਰਦਰਸ਼ਨ ਕਰਦੇ ਸਮੇਂ ਹਿੰਦੂ ਪ੍ਰੋਟੈਕਸ਼ਨ ਕਮੇਟੀ ਦੇ ਕਾਰਜਕਰਤਾਵਾਂ ਨੇ ਹੱਥਾਂ 'ਚ ਤਲਵਾਰਾਂ ਲਹਿਰਾ ਕੇ ਪਾਕਿਸਤਾਨ ਖਿਲਾਫ ਜੰਮ ਕੇ ਭੜਾਸ ਕੱਢੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਿੰਦੂ ਸੁਰੱਖਿਆ ਕਮੇਟੀ ਦੇ ਕਾਰਜਕਰਤਾ ਰਾਜੇਸ਼ ਨੇ ਕਿਹਾ ਕਿ ਅਸੀਂ ਕਸ਼ਮੀਰੀਆਂ ਨੂੰ ਪੰਜਾਬ ਵਿਚ ਨਹੀਂ ਰਹਿਣ ਦੇਵਾਂਗੇ ਤੇ ਨਾ ਹੀ ਪੰਜਾਬ ਵਿਚ ਜੰਮੂ-ਕਸ਼ਮੀਰ ਦੀਆਂ ਬੱਸਾਂ ਨੂੰ ਆਉਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਮਰਨਾਥ ਜਾਣ ਵਾਲੇ ਸ਼ਰਧਾਲੂਆਂ 'ਤੇ ਹੋ ਰਹੇ ਹਮਲਿਆਂ ਨੂੰ ਨਾ ਰੋਕਿਆ ਤਾਂ ਅਸੀਂ ਪਾਕਿਸਤਾਨ ਅਤੇ ਕਸ਼ਮੀਰੀਆਂ ਨੂੰ ਮੂੰਹਤੋੜ ਜਵਾਬ ਦੇਵਾਂਗੇ। 
ਦੂਜੇ ਪਾਸੇ ਪਟਿਆਲਾ 'ਚ ਸ਼ਿਵ ਸੈਨਾ ਬਾਲਠਾਕਰੇ ਵਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਰਿੰਦਰ ਮੋਦੀ ਤੇ ਰਾਜਨਾਥ ਸਿੰਘ ਦੇ ਪੋਸਟਰਾਂ ਨੂੰ ਸਾੜ ਕੇ ਅਮਰਨਾਥ ਗਏ ਯਾਤਰੀਆਂ ਦੀ ਸੁਰੱਖਿਆ ਦੀ ਮੰਗ ਕੀਤੀ ਤੇ ਨਾਲ ਹੀ ਧਮਕੀ ਦਿੱਤੀ ਕਿ ਉਹ ਪੰਜਾਬ ਭਰ 'ਚ ਜੰਮੂ ਕਸ਼ਮੀਰ ਦੀਆਂ ਬੱਸਾਂ ਨੂੰ ਚਲਣ ਨਹੀਂ ਦੇਣਗੇ।
ਸ਼ਿਵ ਸੈਨਾ ਬਾਲਠਾਕਰੇ ਵਲੋਂ ਪਟਿਆਲਾ ਦੇ ਬੱਸ ਸਟੈਂਡ 'ਤੇ ਅਮਰਨਾਥ ਯਾਤਰਾ ਦੌਰਾਨ ਬੱਸ 'ਤੇ ਹੋਏ ਹਮਲੇ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਸਰਕਾਰ ਅਮਰਨਾਥ ਯਾਤਰੀਆਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ 'ਚ ਅਸਫਲ ਰਹੀ ਹੈ, ਜਦ ਕਿ ਕੇਂਦਰ ਸਰਕਾਰ ਨੇ ਸੁਰੱਖਿਆ ਦੇ ਵੱਡੇ ਦਾਅਵੇ ਕੀਤੇ ਸਨ ਕਿ ਯਾਤਰਾ ਲਈ ਤਿੰਨ ਲੇਅਰ ਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਹਨ ਪਰ ਪ੍ਰਸ਼ਾਸਨ ਨੇ ਉਸ ਨੂੰ ਪਹਿਲਾਂ ਹੀ ਗਾਇਬ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਧਮਕੀ ਦਿੱਤੀ ਕਿ ਪੰਜਾਬ 'ਚ ਜੰਮੂ-ਕਸ਼ਮੀਰ ਦੀਆਂ ਬੱਸਾਂ ਨਹੀਂ ਚਲਣ ਦੇਣਗੇ।


Related News