ਕਿਸਾਨਾਂ ਦੇ ਧਰਨੇ 'ਚ ਸ਼ਾਮਲ ਸੰਦੋਆ ਬੋਲੇ, 'ਮੈਂ ਵਿਧਾਇਕ ਤੋਂ ਪਹਿਲਾਂ ਕਿਸਾਨ ਦਾ ਪੁੱਤ ਹਾਂ'
Saturday, Nov 28, 2020 - 02:25 PM (IST)
ਨੂਰਪੁਰਬੇਦੀ (ਭੰਡਾਰੀ)— ਵਿਧਾਇਕ ਅਮਰਜੀਤ ਸਿੰਘ ਸੰਦੋਆ ਜੋ ਖੁਦ ਵੀ ਇਕ ਕਿਸਾਨ ਹਨ, ਦਿੱਲੀ ਵਿਖੇ ਕਿਸਾਨਾਂ ਦੇ ਧਰਨੇ 'ਚ ਸ਼ਾਮਲ ਹੋਏ ਹਨ। ਇਸ ਮੌਕੇ ਉਨ੍ਹਾਂ 'ਜਗ ਬਾਣੀ' ਨਾਲ ਫੋਨ 'ਤੇ ਗੱਲਬਾਤ ਕਰਦੇ ਕਿਹਾ ਕਿ ਉਹ ਵਿਧਾਇਕ ਤੋਂ ਪਹਿਲਾਂ ਕਿਸਾਨ ਦੇ ਪੁੱਤ ਹਨ ਅਤੇ ਕਿਸਾਨਾਂ ਪ੍ਰਤੀ ਅਪਣੇ ਫਰਜ਼ ਅਤੇ ਸਮੱਸਿਆਵਾਂ ਨੂੰ ਬਾਖੂਬੀ ਜਾਣਦੇ ਹਨ ਜਿਸ ਕਰਕੇ ਉਹ ਹਰ ਸਮੇਂ ਕਿਸਾਨਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਿਸਾਨ ਭਰਾ ਆਪਣੀ ਲੜਾਈ ਜਿੱਤ ਕੇ ਵਾਪਸ ਨਹੀਂ ਆਉਂਦੇ ਉਹ ਵੀ ਉਨ੍ਹਾਂ ਦੇ ਨਾਲ ਉੱਥੇ ਸੰਘਰਸ਼ 'ਚ ਡਟੇ ਰਹਿਣਗੇ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੋਈ ਹੈਵਾਨੀਅਤ ਦੇ ਮਾਮਲੇ 'ਚ ਦੋਵੇਂ ਮੁਲਜ਼ਮਾਂ ਬਾਰੇ ਅਹਿਮ ਤੱਥ ਆਏ ਸਾਹਮਣੇ
ਉਨ੍ਹਾਂ ਕੇਂਦਰ ਦੀ ਮੋਦੀ ਅਤੇ ਹਰਿਆਣਾ ਦੀ ਖੱਟੜ ਸਰਕਾਰ ਦੀ ਨਿਖੇਧੀ ਕਰਦੇ ਕਿਹਾ ਕਿ ਆਪਣੀਆਂ ਮੰਗਾਂ ਲਈ ਸ਼ਾਂਤਮਈ ਤਰੀਕੇ ਨਾਲ ਪ੍ਰਦਰਸ਼ਨ ਕਰਨ ਦਾ ਹਰ ਇਕ ਨਾਗਰਿਕ ਨੂੰ ਸੰਵਿਧਾਨਿਕ ਅਧਿਕਾਰ ਹੈ ਪਰ ਆਪਣੀਆਂ ਮੰਗਾਂ ਲਈ ਦਿੱਲੀ ਜਾ ਰਹੇ ਕਿਸਾਨਾਂ 'ਤੇ ਉਕਤ ਦੋਵੇਂ ਸਰਕਾਰਾਂ ਵੱਲੋਂ ਤਸ਼ੱਦਦ ਢਾਹੇ ਜਾ ਰਹੇ ਹਨ ਜੋ ਕਿ ਅਤਿ ਨਿੰਦਣਯੋਗ ਘਟਨਾ ਹੈ।
ਇਹ ਵੀ ਪੜ੍ਹੋ: ਬੀਬੀ ਜਗੀਰ ਕੌਰ ਨੂੰ SGPC ਦੀ ਪ੍ਰਧਾਨ ਬਣਾਉਣ 'ਤੇ ਖਹਿਰਾ ਦਾ ਵੱਡਾ ਬਿਆਨ
ਉਨ੍ਹਾਂ ਕਿਹਾ ਕਿ ਬੇਸ਼ੱਕ ਕੇਂਦਰ ਸਰਕਾਰ ਅਤੇ ਉਸ ਦੀਆਂ ਭਾਈਵਾਲ ਰਾਜਨੀਤਕ ਪਾਰਟੀਆਂ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਦਬਾਉਣ ਦਾ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਪਰ ਆਖਿਰਕਾਰ ਕੇਂਦਰ ਨੂੰ ਕਿਸਾਨਾਂ ਦੇ ਗੁੱਸੇ ਅਤੇ ਮੰਗਾਂ ਅੱਗੇ ਝੁਕਣਾ ਹੀ ਪਵੇਗਾ ਅਤੇ ਕਿਸਾਨਾਂ ਦੀ ਹਰ ਹੀਲੇ ਜਿੱਤ ਹੋਵੇਗੀ। ਇਸ ਦੌਰਾਨ ਉਹ ਪੂਰੀ ਸਾਦਗੀ ਨਾਲ ਟਰਾਲੀ 'ਚ ਸਵਾਰ ਹੋ ਕੇ ਕਿਸਾਨਾਂ ਦੇ ਸੰਘਰਸ਼ 'ਚ ਸ਼ਾਮਲ ਹੋਏ।
ਇਹ ਵੀ ਪੜ੍ਹੋ: ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਲਏ ਗਏ ਫ਼ੈਸਲੇ ਦਾ ਕੈਪਟਨ ਨੇ ਕੀਤਾ ਸੁਆਗਤ