ਪਰਾਲੀ ਦੀ ਸਮੱਸਿਆ ਲਈ ਕਿਸਾਨ ਨਹੀਂ, ਅਮਰਿੰਦਰ ਅਤੇ ਮੋਦੀ ਸਰਕਾਰਾਂ ਜ਼ਿੰਮੇਵਾਰ : ‘ਆਪ’
Saturday, Oct 17, 2020 - 11:17 PM (IST)
ਚੰਡੀਗੜ੍ਹ,(ਰਮਨਜੀਤ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਰਾਲੀ ਦੀ ਸਮੱਸਿਆ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ‘ਆਪ’ ਨੇਤਾਵਾਂ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ 200 ਰੁਪਏ ਪ੍ਰਤੀ ਕੁਇੰਟਲ ਬੋਨਸ ਝੋਨੇ ਦੀ ਫਸਲ ’ਤੇ ਦੇਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ’ਤੇ ਆਰਥਿਕ ਬੋਝ ਨਾ ਪਵੇ।
ਵਿਰੋਧੀ ਧਿਰ ਨੇਤਾ ਹਰਪਾਲ ਸਿੰਘ ਚੀਮਾ, ਉਪ ਵਿਰੋਧੀ ਧਿਰ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ ਤੇ ਕੇਂਦਰੀ ਨਿਕੰਮੀਆਂ, ਮੌਕਾਪ੍ਰਸਤ ਅਤੇ ਦਿਸ਼ਾਹੀਣ ਸਰਕਾਰਾਂ ਕਿਸਾਨਾਂ ਨੂੰ ਹੀ ਹਰ ਪੱਖੋਂ ਮਾਰਨ ’ਤੇ ਤੁਲੀਆਂ ਹੋਈਆਂ ਹਨ। ਪਰਾਲੀ ਦੀ ਸਮੱਸਿਆ ਇਸ ਦੀ ਢੁਕਵੀਂ ਮਿਸਾਲ ਹੈ। ਸਾਢੇ ਤਿੰਨ ਦਹਾਕਿਆਂ ਵਿਚ ਕੇਂਦਰ ਅਤੇ ਪੰਜਾਬ ਦੀ ਕਿਸੇ ਵੀ ਸਰਕਾਰ ਨੇ ਪਰਾਲੀ ਦੇ ਲਾਹੇਵੰਦ ਨਿਪਟਾਰੇ ਲਈ ਕੋਈ ਕਾਰਗਰ ਕਦਮ ਨਹੀਂ ਚੁੱਕਿਆ। ਇਸ ਮਾਮਲੇ ਵਿਚ ਅਮਰਿੰਦਰ ਸਿੰਘ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਸਿੱਧ ਹੋਈ ਹੈ, ਜਿਸ ਨੇ ਕਿਸਾਨਾਂ, ਜਨਤਾ ਅਤੇ ਆਬੋ-ਹਵਾ ਨੂੰ ਲਾਭ ਪਹੁੰਚਾਉਣ ਵਾਲੀ ਦੂਰਅੰਦੇਸ਼ੀ ਨੀਤੀ ਤਾਂ ਕੀ ਬਣਾਉਣੀ ਸੀ, ਸਗੋਂ ਪਰਾਲੀ ਦੇ ਨਿਪਟਾਰੇ ਲਈ ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ.ਜੀ.ਟੀ.) ਦੇ ਹੁਕਮਾਂ ਮੁਤਾਬਕ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਅਤੇ ਹੈਪੀਸੀਡਰ ਆਦਿ ਵੀ ਮੁਹੱਈਆ ਨਹੀਂ ਕਰਵਾਏ।
ਚੀਮਾ ਨੇ ਕਿਹਾ ਕਿ 6 ਨਵੰਬਰ 2019 ਨੂੰ ਸੁਪਰੀਮ ਕੋਰਟ ਨੇ ਪਰਾਲੀ ਨਾ ਸਾੜਨ ਲਈ ਪ੍ਰਤੀ ਏਕੜ 2400 ਰੁਪਏ ਮੁਆਵਜ਼ਾ ਦੇਣ ਅਤੇ 2015 ’ਚ ਐੱਨ.ਜੀ.ਟੀ. ਨੇ ਸਪੱਸ਼ਟ ਨਿਰਦੇਸ਼ ਦਿੱਤਾ ਸੀ ਕਿ ਪਰਾਲੀ ਦੇ ਨਿਪਟਾਰੇ ਲਈ 2 ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਕਿਸਾਨ ਨੂੰ ਹੈਪੀਸੀਡਰ ਅਤੇ ਹੋਰ ਲੋੜੀਂਦੇ ਸੰਦ ਸਰਕਾਰ ਮੁਫ਼ਤ ਮੁਹੱਈਆ ਕਰੇ, ਜਦਕਿ 2 ਤੋਂ 5 ਏਕੜ ਵਾਲੇ ਕਿਸਾਨਾਂ ਨੂੰ ਇਹ ਸੰਦ 5000 ਰੁਪਏ ਅਤੇ 5 ਏਕੜ ਵੱਧ ਮਾਲਕੀ ਵਾਲੇ ਕਿਸਾਨਾਂ ਨੂੰ 15000 ਰੁਪਏ ਵਿਚ ਦਿੱਤੇ ਜਾਣ ਪਰ ਪੰਜਾਬ ਵਿਚ ਨਾ ਪਿਛਲੀ ਬਾਦਲ ਸਰਕਾਰ ਅਤੇ ਨਾ ਹੀ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਨੇ ਕਿਸਾਨਾਂ ਨੂੰ ਲੋੜੀਂਦੀ ਮਾਤਰਾ ਵਿਚ ਇਹ ਸੰਦ ਮੁਹੱਈਆ ਕਰਨ ਵਿਚ ਕੋਈ ਰੁਚੀ ਦਿਖਾਈ ਉਲਟਾ ਫ਼ਰਜ਼ੀ ਅੰਕੜਿਆਂ ’ਤੇ ਆਧਾਰਤ ਅਜਿਹੀ ਬਿਆਨਬਾਜ਼ੀ ਕੀਤੀ, ਜਿਸ ਵਿਚੋਂ ਵੱਡੇ ਘੁਟਾਲੇ ਦੀ ਬੂ ਆ ਰਹੀ ਹੈ।