ਮਾਛੀਵਾੜਾ ਦੀਆਂ ਖਸਤਾ ਹਾਲਤ ਸੜਕਾਂ ਦੀ ਗੂੰਜ ਲੋਕ ਸਭਾ ’ਚ ਪਈ, ਐੱਮ.ਪੀ. ਅਮਰ ਸਿੰਘ ਨੇ ਚੁੱਕਿਆ ਮੁੱਦਾ
Saturday, Dec 10, 2022 - 05:15 PM (IST)
ਮਾਛੀਵਾੜਾ ਸਾਹਿਬ (ਟੱਕਰ) : ਇਤਿਹਾਸਕ ਸ਼ਹਿਰ ਮਾਛੀਵਾੜਾ ਦੀਆਂ ਖਸਤਾ ਹਾਲਤ ਸਡ਼ਕਾਂ ਦੀ ਮੁੱਦਾ ਹੁਣ ਦਿੱਲੀ ਲੋਕ ਸਭਾ ਵਿਚ ਵੀ ਗੂੰਜ ਉੱਠਿਆ ਅਤੇ ਅੱਜ ਇਸ ਹਲਕੇ ਨਾਲ ਸਬੰਧਿਤ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਕੇਂਦਰ ਸਰਕਾਰ ਕੋਲ ਇਹ ਮੁੱਦਾ ਚੁੱਕ ਕੇ ਜਲਦ ਇਨ੍ਹਾਂ ਦੀ ਮੁਰੰਮਤ ਕਰਨ ਦੀ ਗੁਹਾਰ ਲਗਾਈ ਹੈ। ਮਾਛੀਵਾੜਾ ਇਲਾਕੇ ਦੀਆਂ ਖਸਤਾ ਹਾਲਤ ਸੜਕਾਂ ਤੋਂ ਪ੍ਰੇਸ਼ਾਨ ਅਤੇ ਵਾਪਰ ਰਹੇ ਹਾਦਸਿਆਂ ਤੋਂ ਦੁਖੀ ਹੋ ਕੇ ਸੜਕ ਸੁਧਾਰ ਸੰਘਰਸ਼ ਕਮੇਟੀ ਵਲੋਂ ਪਿਛਲੇ 2 ਮਹੀਨਿਆਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਅਤੇ ਹੁਣ ਪਿਛਲੇ 3 ਦਿਨਾਂ ਤੋਂ ਪੱਕਾ ਰੋਸ ਧਰਨਾ ਵੀ ਲਗਾਇਆ ਹੋਇਆ ਹੈ। ਲੋਕਾਂ ਲਈ ਸੰਘਰਸ਼ ਲੜ ਰਹੇ ਸਮਾਜ ਸੇਵੀਆਂ ਵਲੋਂ ਆਰੰਭੇ ਸੰਘਰਸ਼ ਦੀ ਅਵਾਜ਼ ਪੰਜਾਬ ਦੀ ‘ਆਪ’ ਸਰਕਾਰ ਤੱਕ ਤਾਂ ਨਹੀਂ ਪਹੁੰਚੀ ਕਿਉਂਕਿ ਨਾ ਇਸ ਸਰਕਾਰ ਦਾ ਨੁਮਾਇੰਦਾ ਅਤੇ ਪ੍ਰਸ਼ਾਸਨਿਕ ਅਧਿਕਾਰੀ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਉਣ ਲਈ ਨਾ ਪੁੱਜਾ ਪਰ ਹੁਣ ਐੱਮ.ਪੀ. ਡਾ. ਅਮਰ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਦੀ ਮੁਸ਼ਕਿਲ ਲੋਕ ਸਭਾ ਵਿਚ ਜ਼ਰੂਰ ਉੱਠਾਈ ਹੈ। ਐੱਮ.ਪੀ. ਡਾ. ਅਮਰ ਸਿੰਘ ਨੇ ਲੋਕ ਸਭਾ ਸਪੀਕਰ ਅੱਗੇ ਮੁੱਦਾ ਚੁੱਕਿਆ ਕਿ ਉਹ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਸੰਸਦ ਮੈਂਬਰ ਹਨ ਅਤੇ ਇਸ ਹਲਕੇ ’ਚ ਕਾਫ਼ੀ ਧਾਰਮਿਕ ਅਸਥਾਨ ਪੈਂਦੇ ਹਨ ਪਰ ਇਨ੍ਹਾਂ ਸਥਾਨਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ।
ਉਨ੍ਹਾਂ ਕਿਹਾ ਕਿ ਖਾਸ ਕਰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਇਤਿਹਾਸਕ ਸ਼ਹਿਰ ਮਾਛੀਵਾੜਾ ਤੇ ਝਾੜ ਸਾਹਿਬ ਹਨ, ਜਿੱਥੇ ਗੁਰੂ ਸਾਹਿਬ ਨੇ ਵਿਸ਼ਰਾਮ ਕੀਤਾ ਅਤੇ ਅੱਜ ਉੱਥੇ ਗੁਰਦੁਆਰਾ ਸਾਹਿਬਾਨ ਸੁਸ਼ੋਭਿਤ ਹਨ ਪਰ ਉਨ੍ਹਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਹਾਲਤ ਬੇਹੱਦ ਖਸਤਾ ਹੈ ਜਿਸ ਨਾਲ ਸੰਗਤਾਂ ਪ੍ਰੇਸ਼ਾਨ ਹੁੰਦੀਆਂ ਹਨ। ਐੱਮ.ਪੀ ਅਮਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਆਪਣੇ ਫੰਡਾਂ ਨਾਲ ਇਨ੍ਹਾਂ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਦੀ ਮੁਰੰਮਤ ਦਾ ਕਾਰਜ ਤੁਰੰਤ ਆਰੰਭ ਕਰੇ। ਉਨ੍ਹਾਂ ਇਹ ਵੀ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਹਿੰਦੂ ਧਰਮ ਦਾ ਪਵਿੱਤਰ ਅਸਥਾਨ ਮਾਤਾ ਸ੍ਰੀ ਨੈਣਾ ਦੇਵੀ ਜੋ ਕਿ ਬਿਲਕੁਲ ਪੰਜਾਬ ਨਾਲ ਲੱਗਦਾ ਹੈ ਅਤੇ ਦੋਆਬਾ, ਮਾਲਵਾ ਦੇ ਸ਼ਰਧਾਲੂ ਮਾਛੀਵਾੜਾ ਸਾਹਿਬ ਦੀਆਂ ਖਸਤਾ ਹਾਲਤ ਸੜਕਾਂ ਤੋਂ ਲੰਘ ਕੇ ਦਰਸ਼ਨਾਂ ਲਈ ਜਾਂਦੇ ਹਨ। ਇਸ ਲਈ ਇਨ੍ਹਾਂ ਸੜਕਾਂ ਦੀ ਮੁਰੰਮਤ ਹੋਣੀ ਬਹੁਤ ਜ਼ਰੂਰੀ ਹੈ। ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਦੀ ਗੰਭੀਰ ਸਮੱਸਿਆ ਲੋਕ ਸਭਾ ਤੱਕ ਪਹੁੰਚਾਈ ਅਤੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪ੍ਰਤੀ ਸੂਬਾ ਤੇ ਕੇਂਦਰ ਸਰਕਾਰ ਇਨ੍ਹਾਂ ਸੜਕਾਂ ਦੀ ਮੁਰੰਮਤ ਲਈ ਕਿੰਨੀਆਂ ਕੁ ਗੰਭੀਰ ਦਿਖਾਈ ਦੇਣਗੀਆਂ।