ਜੰਗ ਦਾ ਯੋਧਾ - The Man in the Arena

04/06/2020 2:58:47 PM

ਅਮਨਦੀਪ ਸਿੰਘ ਸਿੱਧੂ
ਅਾਸਟ੍ਰੇਲੀਆ ਦੇ ਸਫਲ ਕਿਸਾਨ, ਲੇਖਕ ਅਤੇ ਮੀਡੀਆ ਕਰਮੀ

ਵਿਗਿਆਨ ਨੇ ਆਹ ਕਰਤਾ, ਵਿਗਿਆਨ ਨੇ ਉਹ ਕਰਤਾ। ਦੁਨੀਆ ਅਪਗ੍ਰੇਡ ਹੋ ਗਈ, ਰੱਬ ਅੰਧਵਿਸ਼ਵਾਸ ਹੈ। ਸਾਇੰਸ ਹੀ ਹੁਣ ਸਭ ਦੀ ਬਾਂਹ ਫੜੇਗਾ। ਇਹ ਗੱਲਾਂ ਉਹ ਨਾਸਤਿਕ ਕਿਸਮ ਜਾਂ ਕੁਝ ਆਪਣੇ ਵੀ ਕਰਦੇ ਸਨ, ਜੋ ਆਪ ਬਾਕੀਆਂ ਜਿਤਨਾ ਹੀ ਸਕੂਲਾਂ ਕਾਲਜਾਂ ਵਿਚ ਪੜ੍ਹੇ ਹਨ ਪਰ ਵਿਗਿਆਨ ਦੇ ਖੇਤਰ ਵਿਚ ਕਾਰਜ ਨਹੀਂ ਕਰ ਰਹੇ ਅਤੇ ਨਾ ਹੀ ਕਦੇ ਕੀਤਾ ਹੈ। ਇਹ ਆਪਣੇ-ਆਪ ਹੀ ਉਨ੍ਹਾਂ ਸਾਂਇੰਸਦਾਨਾ ਅਤੇ ਵਿਗਿਆਨੀਆਂ ਦੇ ਸਰਪੰਚ ਬਣ ਕੇ ਇਲਾਹੀ ਧਰਮ ਦੇ ਵਿਰੋਧ ਵਿਚ ਧਿਰ ਬਣਾ ਕੇ ਪੇਸ਼ ਕਰਦੇ ਹਨ। ਇਹ ਇਵੇਂ ਹੈ ਕਿ ਕਾਮੈਂਟਰੀ ਵਾਲੇ ਦਾ ਕਈ ਵਾਰੀ ਜਾਫੀਆਂ ਨਾਲੋਂ ਜ਼ਿਆਦਾ ਜ਼ੋਰ ਲੱਗ ਜਾਂਦਾ ਹੈ ਪਰ ਪਤਾ ਸਟੌਪਰ ਜਾਂ ਰੇਡਰ ਨੂੰ ਹੁੰਦਾ ਹੈ ਕਿ ਬਣ ਕੀ ਰਿਹਾ ਹੈ, ਕਿਉਂਕਿ ਮੈਦਾਨ ਵਿਚ ਤਾਂ ਉਹ ਜੂਝ ਰਹੇ ਹੁੰਦੇ ਹਨ।

ਕੁਝ ਦਿਨ ਪਹਿਲਾਂ ਮੇਰੀ ਗੱਲਬਾਤ ਮਿੰਨੀ ਗੈਸਟਰਿਕ ਸਰਜਰੀ ਦੇ ਖੇਤਰ ਦੇ ਦੁਨੀਆ ਦੇ ਉੱਚ ਕੋਟੀ ਦੇ ਡਾਕਟਰ ਸ. ਕੁਲਦੀਪ ਸਿੰਘ ਕੁਲਾਰ ਨਾਲ ਹੋਈ। ਉਹ ਆਪਣੇ ਕੰਮ ਤੋਂ ਇਲਾਵਾ ਦੁਨੀਆ ਭਰ ਵਿਚ ਤਕਰੀਬਨ 100 ਤੋਂ ਵੱਧ ਸਰਜਨਾ ਨੂੰ ਸੇਧ ਦੇ ਰਹੇ ਹਨ ਅਤੇ ਦੋ ਹਜ਼ਾਰ ਤੋਂ ਵੱਧ ਦੀ ਸੰਸਥਾ ਦੇ ਦੋ ਸਾਲ ਪ੍ਰਧਾਨ ਵੀ ਰਹਿ ਚੁੱਕੇ ਹਨ। ਇੰਟਰਵਿਊ ਵਿਚ ਉਨ੍ਹਾਂ ਦੀ ਆਖਰੀ ਸਟੇਟਮੈਂਟ ਇਹ ਸੀ ਕਿ ਹੁਣ ਤੋਂ ਪਹਿਲਾਂ ਮੈਂ ਇਹ ਸਮਝਦਾ ਸੀ ਕਿ ਕਰਤੇ ਦੀ ਸ਼ਾਨਦਾਰ ਕ੍ਰਿਤ, ਇਸ ਸਰੀਰ ਨੂੰ ,ਸਾਇੰਸ ਨੇ ਦੋ ਕੁ ਫੀਸਦੀ ਸਮਝ ਲਿਆ ਹੈ ਪਰ ਇਸ ਕੋਰੋਨਾ ਵਾਇਰਸ ਦੇ ਸਮੇਂ ਨੇ ਸਾਬਿਤ ਕਰ ਦਿੱਤਾ ਕਿ ਇਹ ਸਮਝ ਸਿਰਫ 0.2% ਦੇ ਕਰੀਬ ਹੈ। ਸਾਇੰਸ ਨੇ ਕੁਝ ਤਰੱਕੀ ਨਹੀਂ ਕੀਤੀ, ਜੋ ਹਾਲਾਤ 1918 (ਐੱਚ.1 ਐੱਨ.1- 5 ਕਰੋੜ ਮੌਤਾਂ) ਵਿਚ ਸਨ, ਉਹੀ 2020 ਵਿਚ ਹਨ। ਅਸੀਂ ਬੇਬਸ ਹਾਂ ਅਤੇ ਸਾਰਿਆਂ ਨੂੰ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ।

ਮੈਂ ਖੁਦ ਕਈ ਵਾਰ ਮੌਤ ਦੇ ਮੂੰਹ ਵਿਚੋਂ ਬਚਿਆਂ ਹਾਂ। ਮੈਨੂੰ ਵੀ ਕਈ ਵਾਰ ਸਰਜਨਾ ਨੇ ਕਹਿ ਦਿੱਤਾ ਸੀ ਕਿ ਅਸੀਂ ਆਪਣਾ ਪੂਰਾ ਜ਼ੋਰ ਲਾਵਾਂਗੇ ਬਾਕੀ ਰੱਬ ਦੀ ਮਰਜ਼ੀ। ਮੇਰੀ ਅਤੇ ਡਾਕਟਰ ਦੀ ਹਾਲਤ ਮੈਦਾਨ ਵਿਚ ਜੁਝਦੇ ਰੇਡਰ ਅਤੇ ਜਾਫੀ ਵਾਲੀ ਸੀ। ਜੋ ਅਸੀਂ ਅਨੁਭਵ ਕੀਤਾ ਉਹ ਸਾਨੂੰ ਪਤਾ ਹੈ। ਅਤੇ ਜੋ ਮੈਨੂੰ ਪਤਾ ਹੈ ਆਪਣੀ ਕਿਤਾਬ 'ਮੁੰਦਾਵਣੀ' ਵਿਚ ਵਿਸਥਾਰ ਵਿਚ ਸਾਂਝਾ ਕੀਤਾ ਹੈ।

ਪਿਛਲੇ ਦਿਨੀ ਜਦੋਂ ਆਸਟ੍ਰੇਲੀਆ ਦੀ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਰਥਿਕ ਮਦਦ ਕਰਨ ਦੀ ਨਾਂਹ ਕਰ ਦਿੱਤੀ ਤਾਂ ਇਹੋ ਜਿਹੇ ਅਕਿਰਤਘਣ ਅਲੋਚਕਾਂ ਨੂੰ ਅਖੀਰ ਗੁਰੂਘਰਾਂ ਅਤੇ ਧਰਮ ਦੀ ਸੇਧ ਵਿਚ ਹੋ ਰਹੀ ਨਿਸ਼ਕਾਮ ਸੇਵਾ ਦੀ ਮਦਦ ਲੈਣ ਲਈ ਹਾਮੀ ਭਰਨੀ ਪਈ। ਕਿਉਂਕਿ ਪੂੰਜੀ ਫ਼ੇਲ, ਤਕਨੀਕ ਫ਼ੇਲ, ਫੈਕਟਰੀਆਂ ਬੰਦ, ਸਾਂਇੰਸ ਦੇ ਉਪਰਕਰਨ ਬੰਦ, ਵਿਗਿਆਨ ਬੇਬਸ, ਦੁਕਾਨਾਂ ਖਾਲੀ, ਕਵੀ ਦਰਬਾਰ ਬੰਦ ਅਤੇ ਲੋਕ ਘਰਾਂ ਵਿਚ ਬੰਦ। ਮੈਦਾਨ ਵਿਚ ਰਹਿ ਕੌਣ ਗਿਆ? ਬੰਦਾ ਅਤੇ ਉਸਦਾ ਰੱਬ।

Theodore Roosevelt’s famous speech, “The Man in the Arena”:
     "It is not the critic who counts; not the man who points out how the strong man stumbles, or where the doer of deeds could have done them better. The credit belongs to the man who is actually in the arena, whose face is marred by dust and sweat and blood; who strives valiantly; who errs, who comes short again and again, because there is no effort without error and shortcoming; but who does actually strive to do the deeds; who knows great enthusiasms, the great devotions; who spends himself in a worthy cause; who at the best knows in the end the triumph of high achievement, and who at the worst, if he fails, at least fails while daring greatly, so that his place shall never be with those cold and timid souls who neither know victory nor defeat."

ਅਮਰੀਕਾ ਦੇ ਰਹਿ ਚੁੱਕੇ ਉਪ-ਰਾਸ਼ਟਰਪਤੀ ਜ਼ਨਾਬ ਰੂਸੇਵੈਲਟ ਦੀ ਬਹੁਤ ਹੀ ਮਕਬੂਲ ਤਕਰੀਰ, "ਦ ਮੈਨ ਇਨ ਦ ਐਰੀਨਾ"

"ਆਲੋਚਕ ਕਿਸੇ ਵੀ ਗਿਣਤੀ ਵਿਚ ਨਹੀਂ ਆਉਂਦਾ। ਨਾ ਹੀ ਉਹ ਸ਼ਖਸ, ਜੋ ਇਹ ਦੱਸੀ ਜਾਵੇ ਕਿ ਲੋਹ ਪੁਰਖ ਕਿਵੇਂ ਡਿੱਗਿਆ, ਜਾਂ ਜੂਝਣ ਵਾਲੇ ਹੋਰ ਬਿਹਤਰ ਕਿਵੇਂ ਕਰ ਸਕਦੇ ਸੀ। ਸਿਹਰਾ ਉਸ ਨੂੰ ਜਾਂਦਾ ਹੈ, ਜੋ ਅਸਲ ਮੈਦਾਨ ਵਿਚ ਹੈ, ਜਿਸਦਾ ਚਿਹਰਾ ਧੂੜ, ਪਸੀਨੇ ਅਤੇ ਖੂਨ ਨਾਲ ਲਬਰੇਜ਼ ਹੈ। ਸ਼ਿੱਦਤ ਨਾਲ ਮਿਹਨਤ ਰਿਹਾ ਹੈ, ਗਲਤੀਆਂ ਵੀ ਕਰ ਰਿਹਾ ਹੈ, ਬਾਰ-ਬਾਰ ਅਸਫ਼ਲ ਹੋ ਰਿਹਾ ਹੈ, ਕਿਉਂਕਿ ਬਿਨਾ ਗਲਤੀਆਂ ਅਤੇ ਊਣਤਾਈਆਂ ਤੋਂ ਉੱਦਮ ਵਾਂਝਾ ਨਹੀਂ। ਪਰ ਉਸ ਵਿਚ ਉੱਦਮ ਕਰਨ ਦੀ ਚਿਣਗ ਹੈ। ਉਸ ਨੂੰ ਚੜ੍ਹਦੀ ਕਲਾ ਦਾ ਪਤਾ ਹੈ, ਸਿਰੜ ਦਾ ਪਤਾ ਹੈ। ਉਹ ਚੰਗੇ ਕਾਰਜ ਲਈ ਆਪਾ ਵਾਰਦਾ ਹੈ, ਜਿਸ ਨੂੰ ਅਖੀਰ ਵਿਚ ਹੋਣ ਵਾਲੀ ਸ਼ਾਨਦਾਰ ਜਿੱਤ ਦਾ ਚੰਗੀ ਤਰਾਂ ਪਤਾ ਹੈ। ਜੇ ਬਦਕਿਸਮਤੀ ਨਾਲ, ਉਹ ਹਾਰ ਗਿਆ, ਕਮ-ਸੇ-ਕਮ ਉਹ ਹਾਰੇਗਾ ਤਾਂ ਜੂਝਦਾ ਹੋਇਆ, ਇਸ ਕਰਕੇ ਉਸ ਦੀ ਜਗ੍ਹਾ ਉਨ੍ਹਾਂ ਬੁਝਦਿਲਾਂ ਅਤੇ ਕਮਦਿਲਿਆਂ ਦੇ ਨਾਲ ਬਿਲਕੁਲ ਵੀ ਨਹੀਂ ਹੋਵੇਗੀ ਜਿਨ੍ਹਾਂ ਨੂੰ ਨਾ ਤਾਂ ਜਿੱਤ ਦਾ ਪਤਾ ਹੈ ਅਤੇ ਨਾ ਹੀ ਹਾਰ ਦਾ"।


rajwinder kaur

Content Editor

Related News