ਸੰਤ ਸੀਚੇਵਾਲ ਸਦਕਾ ਮਲੇਸ਼ੀਆ ਤੋਂ ਨੌਜਵਾਨ ਦੀ ਘਰ ਵਾਪਸੀ, ਰੋ-ਰੋ ਸੁਣਾਇਆ ਜੇਲ੍ਹ 'ਚ ਬਿਤਾਇਆ ਭਿਆਨਕ ਮੰਜ਼ਰ
Friday, Nov 07, 2025 - 03:53 PM (IST)
ਸੁਲਤਾਨਪੁਰ ਲੋਧੀ (ਧੀਰ, ਸੋਢੀ, ਅਸ਼ਵਨੀ)-ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮਲੇਸ਼ੀਆ ਵਿਚ ਫਸਿਆ ਪੰਜਾਬ ਦਾ ਇਕ ਨੌਜਵਾਨ ਸਹੀ-ਸਲਾਮਤ ਵਾਪਸ ਆਪਣੇ ਪਰਿਵਾਰ ਵਿਚ ਪਰਤ ਆਇਆ ਹੈ। ਨਸੀਰਪੁਰ (ਜ਼ਿਲ੍ਹਾ ਜਲੰਧਰ) ਦੇ ਰਹਿਣ ਵਾਲੇ ਦਲਜੀਤ ਸਿੰਘ ਨੇ ਦੱਸਿਆ ਕਿ ਮਲੇਸ਼ੀਆ ਦੀ ਜੇਲ੍ਹ ਵਿਚ ਕਈ ਪੰਜਾਬੀ ਮੁੰਡੇ ਸਾਲਾਂ ਤੋਂ ਕੈਦ ਹਨ, ਜਿਨ੍ਹਾਂ ਵਿਚੋਂ ਬਹੁਤੇ ਆਪਣੇ ਮਾਪਿਆਂ ਦੇ ਸੰਪਰਕ ਨੰਬਰ ਤੱਕ ਭੁੱਲ ਚੁੱਕੇ ਹਨ ਅਤੇ ਘਰ ਨਾਲ ਰਾਬਤਾ ਨਹੀਂ ਕਰ ਸਕਦੇ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਆਵਾਜ਼ ਨਾਲ ਦਹਿਲਿਆ ਪੰਜਾਬ! ਸ਼ਿਵ ਸੈਨਾ ਆਗੂ 'ਤੇ ਹਮਲਾ, ਇਕ ਦੀ ਮੌਤ
ਦਲਜੀਤ ਸਿੰਘ ਨੇ ਦੱਸਿਆ ਕਿ ਉਹ 2018 ਵਿਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸੀ। ਕਈ ਸਾਲ ਉੱਥੇ ਮਿਹਨਤ ਕਰਨ ਦੇ ਬਾਵਜੂਦ ਨਾ ਤਾਂ ਉਸ ਨੂੰ ਤਨਖ਼ਾਹ ਮਿਲੀ, ਨਾ ਹੀ ਇਨਸਾਫ਼। ਮਾਲਕਾਂ ਵੱਲੋਂ ਧੋਖਾਦੇਹੀ ਦਾ ਸ਼ਿਕਾਰ ਹੋਣ ਉੱਪਰੋਂ, ਉਸ ਨੂੰ ਪੁਲਸ ਨੇ ਫੜ ਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਬਤੀਤ ਕੀਤੇ ਸਮੇਂ ਨੂੰ ਕੌੜੀ ਯਾਦ ਵਜੋਂ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਜੇਲ੍ਹ ਦੇ ਹਾਲਾਤ ਬਹੁਤ ਹੀ ਭਿਆਨਕ ਸਨ। ਇਕ ਛੋਟੇ ਕਮਰੇ ਵਿੱਚ 70 ਤੋਂ 80 ਬੰਦੇ ਰੱਖੇ ਜਾਂਦੇ ਸਨ, ਜਿੱਥੇ ਸਾਹ ਲੈਣਾ ਵੀ ਔਖਾ ਹੁੰਦਾ ਸੀ। ਉਸ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਖਾਣਾ ਵੀ ਬਹੁਤ ਮਾੜਾ ਹੁੰਦਾ ਸੀ, ਜਿਸ ਕਾਰਨ ਵਾਪਸੀ ਤੋਂ ਮਗਰੋਂ ਅਜੇ ਤੱਕ ਵੀ ਉਸ ਨੂੰ ਖਾਣਾ ਖਾਣ ਤੋਂ ਬਾਅਦ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਲਜੀਤ ਨੇ ਜੇਲ੍ਹ ਦੇ ਭਿਆਨਕ ਮੰਜ਼ਰ ਨੂੰ ਯਾਦ ਕਰਦਿਆਂ ਕਿਹਾ ਕਿ ਉੱਥੇ ਖੁੱਲ੍ਹੀ ਹਵਾ ਵਿਚ ਵੀ ਸਾਹ ਲੈਣ ਲਈ ਤਰਸੇ ਪਏ ਸੀ।
ਇਹ ਵੀ ਪੜ੍ਹੋ: Punjab: ਸਰਕਾਰੀ ਬੱਸਾਂ ਦਾ ਧਰਨਾ ਖ਼ਤਮ! ਮ੍ਰਿਤਕ ਡਰਾਈਵਰ ਜਗਜੀਤ ਸਿੰਘ ਦਾ ਪਰਿਵਾਰ ਸਸਕਾਰ ਲਈ ਮੰਨਿਆ
ਦਲਜੀਤ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਜਦੋਂ ਉਹ ਫੜਿਆ ਗਿਆ, ਤਦ ਉਨ੍ਹਾਂ ਨੂੰ ਕਿਹਾ ਗਿਆ ਸੀ ਕਿ 5 ਮਹੀਨਿਆਂ ਵਿਚ ਦਲਜੀਤ ਦੀ ਵਾਪਸੀ ਹੋ ਜਾਵੇਗੀ। 7–8 ਮਹੀਨੇ ਬੀਤ ਗਏ, ਕੋਈ ਸੁਨੇਹਾ ਨਾ ਆਇਆ। ਆਖ਼ਰ ਉਨ੍ਹਾਂ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ, ਜਿਨ੍ਹਾਂ ਦੀ ਮਦਦ ਸਦਕਾ ਦਲਜੀਤ 31 ਅਕਤੂਬਰ ਨੂੰ ਸੁਰੱਖਿਅਤ ਤੌਰ ’ਤੇ ਭਾਰਤ ਵਾਪਸ ਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਦਲਜੀਤ ਦੀ ਪੈਰਵਾਈ ਨਾ ਹੁੰਦੀ ਤਾਂ ਉਸ ਦਾ ਹਾਲ ਵੀ ਉੱਥੇ ਫਸੇ ਬਾਕੀ ਨੌਜਵਾਨਾਂ ਵਰਗਾ ਹੋ ਜਾਣਾ ਸੀ।
ਇਹ ਵੀ ਪੜ੍ਹੋ: Punjab: ਰਜਿਸਟਰੀਆਂ ਬਣਵਾਉਣ ਵਾਲੇ ਦੇਣ ਧਿਆਨ! ਕੀਤੇ ਗਏ ਅਹਿਮ ਬਦਲਾਅ
ਦਲਜੀਤ ਨੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਟੂਰਿਸਟ ਵੀਜ਼ੇ ’ਤੇ ਕੰਮ ਦੀ ਆਸ ਨਾਲ ਵਿਦੇਸ਼ ਜਾਣਾ ਬਹੁਤ ਵੱਡਾ ਖ਼ਤਰਾ ਹੈ। ਉਸ ਨੇ ਦੱਸਿਆ ਕਿ ਵਿਦੇਸ਼ਾਂ ਵਿਚ ਸਭ ਤੋਂ ਵੱਧ ਸ਼ੋਸ਼ਣ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ ਟੂਰਿਸਟ ਵੀਜ਼ੇ ’ਤੇ ਕੰਮ ਕਰਦੇ ਹਨ, ਕਿਉਂਕਿ ਉਨ੍ਹਾਂ ਦੀ ਸਹਾਇਤਾ ਲਈ ਉੱਥੇ ਕੋਈ ਨਹੀਂ ਹੁੰਦਾ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਮਾਮਲੇ ਵਿਚ ਸਹਿਯੋਗ ਦੇਣ ਲਈ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਗਲਤ ਤਰੀਕਿਆਂ ਨਾਲ ਵਿਦੇਸ਼ ਜਾਣ ਦਾ ਫੈਸਲਾ ਆਪਣੇ ਜੀਵਨ ਨੂੰ ਖਤਰੇ ਵਿੱਚ ਪਾਉਣ ਦੇ ਬਰਾਬਰ ਹੈ। ਇਸ ਲਈ ਵਿਦੇਸ਼ ਜਾਣ ਲਈ ਹਮੇਸ਼ਾਂ ਕਾਨੂੰਨੀ ਤੇ ਸੁਰੱਖਿਅਤ ਤਰੀਕਿਆਂ ਨਾਲ ਹੀ ਕੀਤੀ ਜਾਵੇ।
ਇਹ ਵੀ ਪੜ੍ਹੋ: World Cup ਜਿੱਤਣ ਵਾਲੀਆਂ ਪੰਜਾਬ ਦੀਆਂ ਧੀਆਂ ਦਾ ਜ਼ਬਰਦਸਤ ਸਵਾਗਤ, ਏਅਰਪੋਰਟ 'ਤੇ ਪਹੁੰਚੇ ਮੰਤਰੀ ਚੀਮਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
