ਦੋ ਸਾਲ ਦੀ ਸਜ਼ਾ ਦੇ ਵਿਰੋਧ ’ਚ ਮੰਤਰੀ ਅਮਨ ਅਰੋੜਾ ਨੇ ਅਦਾਲਤ ’ਚ ਦਾਇਰ ਕੀਤੀ ਅਪੀਲ
Wednesday, Jan 10, 2024 - 05:39 PM (IST)
ਸੰਗਰੂਰ : ਜੀਜੇ ਨਾਲ ਕੁੱਟਮਾਰ ਦੇ ਮਾਮਲੇ ਵਿਚ ਦੋ ਸਾਲ ਦੀ ਕੈਦ ਦੇ ਵਿਰੋਧ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਜ਼ਿਲ੍ਹਾ ਸੈਸ਼ਨ ਕੋਰਟ ਸੰਗਰੂਰ ਵਿਚ ਅਪੀਲ ਦਾਇਰ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਅਦਾਲਤ ਨੇ 15 ਜਨਵਰੀ ਨੂੰ ਰੱਖੀ ਹੈ ਅਤੇ ਸ਼ਿਕਾਇਤਕਰਤਾ ਧਿਰ ਨੂੰ ਵੀ ਪੇਸ਼ ਹੋਣ ਲਈ ਨੋਟਿਸ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ 21 ਦਸੰਬਰ ਨੂੰ ਸੁਨਾਮ ਕੋਰਟ ਨੇ ਕੈਬਨਿਟ ਮੰਤਰੀ ਸਮੇਤ 9 ਵਿਅਕਤੀਆਂ ਨੂੰ 2 ਸਾਲ ਦੀ ਕੈਦ ਅਤੇ 5-5 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਸੀ। ਅਮਨ ਅਰੋੜਾ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਆਪਣੇ ਜੀਜਾ ਦੇ ਘਰ ਵਿਚ ਦਾਖਲ ਹੋ ਕੇ ਕੁੱਟਮਾਰ ਕਰਨ ਦੇ ਦੋਸ਼ ਸਾਬਤ ਹੋਏ ਸਨ।
ਇਹ ਵੀ ਪੜ੍ਹੋ : ਬਿਜਲੀ ਦੇ ਮੀਟਰ ’ਤੇ ਵਾਧੂ ਲੋਡ ਪਾਉਣ ਵਾਲਿਆਂ ਲਈ ਖ਼ਤਰੇ ਦੀ ਘੰਟੀ, ਕਾਰਵਾਈ ਦੀ ਤਿਆਰੀ ’ਚ ਪਾਵਰਕਾਮ
15 ਸਾਲ ਤਕ ਸੁਨਾਮ ਦੀ ਅਦਾਲਤ ਵਿਚ ਵਿਚਾਰ ਅਧੀਨ ਕੇਸ ਦੌਰਾਨ 21 ਦਸੰਬਰ ਨੂੰ ਅਦਾਲਤ ਨੇ ਸਜ਼ਾ ਦਾ ਐਲਾਨ ਕੀਤਾ ਸੀ। ਬਾਅਦ ਵਿਚ ਅਦਾਲਤ ਨੇ ਅਰੋੜਾ ਨੂੰ ਸੈਸ਼ਨ ਕੋਰਟ ਵਿਚ ਅਪੀਲ ਕਰਨ ਲਈ 30 ਦਿਨ ਦਾ ਸਮਾਂ ਦਿੱਤਾ ਸੀ। ਸ਼ਿਕਾਇਤਕਰਤਾ ਮੰਤਰੀ ਦੇ ਜੀਜਾ ਰਾਜਿੰਦਰ ਦੀਪਾ ਨੇ ਦੱਸਿਆ ਸੀ ਕਿ ਇਹ ਮਾਮਲਾ ਮਾਰਚ 2008 ਦਾ ਹੈ। ਅਮਨ ਅਰੋੜਾ ਅਤੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਘਰ ’ਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ। ਪੁਲਸ ਨੇ ਕਾਰਵਾਈ ਨਹੀਂ ਕੀਤੀ ਤਾਂ ਉਨ੍ਹਾਂ ਨੇ ਜਨਵਰੀ 2009 ਨੂੰ ਸੁਨਾਮ ਅਦਾਲਤ ਵਿਚ ਸ਼ਿਕਾਇਤ ਦਰਜ ਕਰਾਈ ਸੀ। ਅਦਾਲਤ ਨੇ ਅਮਨ ਅਰੋੜਾ ਅਤੇ ਉਨ੍ਹਾਂ ਦੀ ਮਾਂ ਪਰਮੇਸ਼ਵਰੀ ਦੇਵੀ, ਰਾਜਿੰਦਰ ਸਿੰਘ ਰਾਜਾ, ਜਗਜੀਵਨ ਰਾਮ ਉਰਫ ਲੱਕੀ (ਪੀ.ਏ.), ਬਲਜਿੰਦਰ ਸਿੰਘ ਨਿਵਾਸੀ ਨਮੋਲ, ਲਾਭ ਸਿੰਘ ਨਿਵਾਸੀ ਨੀਲੋਵਾਲ, ਚਿਤਵੰਤ ਸਿੰਘ ਵਾਸੀ ਸ਼ੇਰੋਂ, ਕੁਲਦੀਪ ਸਿੰਘ ਵਾਸੀ ਸ਼ੇਰੋਂ, ਸਤਗੁਰ ਸਿੰਘ ਗੱਗੀ ਵਾਸੀ ਨਮੋਲ ਨੂੰ ਨਾਮਜ਼ਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਸ਼ਿਆਰਪੁਰ ’ਚ ਸਰਪੰਚ ਦਾ ਕਤਲ ਕਰਨ ਵਾਲੇ ਦਾ ਪੁਲਸ ਨੇ ਕੀਤਾ ਐਨਕਾਊਂਟਰ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8