MP ਸਾਹਨੀ ਨੇ RDF ਤੇ MDF ਦੇ ਭੁਗਤਾਨ ਦਾ ਮੁੱਦਾ ਹੱਲ ਕਰਨ ਲਈ ਵਿੱਤ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ
Tuesday, Dec 10, 2024 - 08:24 PM (IST)
![MP ਸਾਹਨੀ ਨੇ RDF ਤੇ MDF ਦੇ ਭੁਗਤਾਨ ਦਾ ਮੁੱਦਾ ਹੱਲ ਕਰਨ ਲਈ ਵਿੱਤ ਮੰਤਰੀ ਨੂੰ ਦਖ਼ਲ ਦੇਣ ਦੀ ਕੀਤੀ ਅਪੀਲ](https://static.jagbani.com/multimedia/20_21_452685266jhgdssf.jpg)
ਜਲੰਧਰ- ਪੰਜਾਬ ਤੋਂ ਰਾਜ ਸਭਾ ਮੈਂਬਰ ਅਤੇ ਵਿੱਤ ਬਾਰੇ ਸੰਸਦੀ ਸਲਾਹਕਾਰ ਕਮੇਟੀ ਦੇ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਭਾਰਤ ਦੀ ਵਿੱਤ ਮੰਤਰੀ ਡਾ. ਨਿਰਮਲਾ ਸੀਤਾਰਮਨ ਨੂੰ ਪੰਜਾਬ ਲਈ ਪੇਂਡੂ ਵਿਕਾਸ ਫੰਡ ਅਤੇ ਮਾਰਕੀਟ ਵਿਕਾਸ ਫੀਸਾਂ ਦੇ ਭੁਗਤਾਨ ਦੇ ਮੁੱਦੇ ਨੂੰ ਹੱਲ ਕਰਨ ਲਈ ਉਨ੍ਹਾਂ ਦੇ ਦਖਲ ਦੀ ਬੇਨਤੀ ਕੀਤੀ ਹੈ।
ਡਾ. ਸਾਹਨੀ ਨੇ ਕਿਹਾ ਕਿ ਪੰਜਾਬ ਦੀ ਤੁਲਨਾ ਦੂਜੇ ਸੂਬਿਆਂ ਨਾਲ ਨਹੀਂ ਕੀਤੀ ਜਾ ਸਕਦੀ, ਕਿਉਂਕਿ ਇਹ ਸਭ ਤੋਂ ਵੱਧ 173 ਲੱਖ ਮੀਟ੍ਰਿਕ ਟਨ ਝੋਨਾ ਅਤੇ 125 ਲੱਖ ਮੀਟ੍ਰਿਕ ਟਨ ਪ੍ਰਤੀ ਸਾਲ ਕਣਕ ਦੀ ਖਰੀਦ ਕਰਦਾ ਹੈ। ਸਾਹਨੀ ਨੇ ਜ਼ੋਰ ਦਿੱਤਾ ਕਿ ਪੰਜਾਬ ਵਿੱਚ ਕਿਸਾਨਾਂ ਦੁਆਰਾ ਖੇਤੀ ਉਪਜਾਂ ਦੀ ਢੋਆ-ਢੁਆਈ ਲਈ ਮੰਡੀਆਂ ਨੂੰ ਜੋੜਨ ਵਾਲੀਆਂ 64,724 ਕਿਲੋਮੀਟਰ ਪੇਂਡੂ ਲਿੰਕ ਸੜਕਾਂ ਦਾ ਵਿਸ਼ਾਲ ਨੈੱਟਵਰਕ ਹੈ, ਜਿਸ ਨੂੰ ਮੰਡੀ ਬੋਰਡ ਦੁਆਰਾ ਸਮੇਂ-ਸਮੇਂ 'ਤੇ ਦਿਹਾਤੀ ਵਿਕਾਸ ਫੰਡ ਰਾਹੀਂ ਰੱਖ-ਰਖਾਅ ਅਤੇ ਅਪਗ੍ਰੇਡ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ- FIR ਦਰਜ ਹੋਣ ਮਗਰੋਂ ਰਣਜੀਤ ਸਿੰਘ ਢੱਡਰੀਆਂਵਾਲੇ ਦਾ ਪਹਿਲਾ ਬਿਆਨ ਆਇਆ ਸਾਹਮਣੇ
ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ 1936 ਮੰਡੀਆਂ ਹਨ, ਜੋ ਕਿ ਖੇਤੀ ਉਪਜ ਦੀ ਖਰੀਦ ਅਤੇ ਸਟੋਰੇਜ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਹਨ ਅਤੇ ਮੰਡੀ ਬੋਰਡ ਮੰਡੀਆਂ ਦੇ ਸਾਰੇ ਸੰਚਾਲਨ ਖਰਚੇ ਅਤੇ ਰੱਖ-ਰਖਾਅ ਲਈ ਜ਼ਿੰਮੇਵਾਰ ਹੈ।
ਡਾ. ਸਾਹਨੀ ਨੇ ਵਿੱਤ ਮੰਤਰੀ ਨੂੰ ਇਸ ਮੁੱਦੇ ਦੇ ਜਲਦੀ ਹੱਲ ਲਈ ਕੇਂਦਰ ਅਤੇ ਪੰਜਾਬ ਰਾਜ ਦੇ ਸਾਰੇ ਸਬੰਧਤਾਂ ਅਧਿਕਾਰੀਆਂ ਦੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਕਿਉਂਕਿ ਪੰਜਾਬ ਸਰਕਾਰ ਅਨੁਸਾਰ ਪੇਂਡੂ ਵਿਕਾਸ ਫੀਸ ਦੇ ਖਾਤੇ ਦੇ 6,771 ਕਰੋੜ ਰੁਪਏ ਅਤੇ ਮਾਰਕੀਟ ਵਿਕਾਸ ਫੰਡ ਦੇ ਖਾਤੇ ਦੇ 1,516 ਕਰੋੜ ਰੁਪਏ ਅਜੇ ਵੀ ਬਕਾਇਆ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e