ਸੁਖਬੀਰ ਬਾਦਲ ''ਤੇ ਹੋਏ ਹਮਲੇ ਦੇ ਮਾਮਲੇ ''ਚ ਬਿਕਰਮ ਮਜੀਠੀਆ ਨੇ DGP ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ

Monday, Dec 09, 2024 - 07:35 PM (IST)

ਸੁਖਬੀਰ ਬਾਦਲ ''ਤੇ ਹੋਏ ਹਮਲੇ ਦੇ ਮਾਮਲੇ ''ਚ ਬਿਕਰਮ ਮਜੀਠੀਆ ਨੇ DGP ਨੂੰ ਲਿਖੀ ਚਿੱਠੀ, ਕੀਤੀ ਇਹ ਅਪੀਲ

ਚੰਡੀਗੜ੍ਹ- ਬੀਤੀ 4 ਦਸੰਬਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਸੇਵਾ ਨਿਭਾ ਰਹੇ ਸੁਖਬੀਰ ਸਿੰਘ ਬਾਦਲ 'ਤੇ ਜਾਨਲੇਵਾ ਹਮਲਾ ਹੋਇਆ ਸੀ, ਜਦੋਂ ਉਨ੍ਹਾਂ 'ਤੇ ਨਰਾਇਣ ਸਿੰਘ ਚੌੜਾ ਨੇ ਗੋਲ਼ੀ ਚਲਾ ਦਿੱਤੀ ਸੀ। ਹਾਲਾਂਕਿ ਇਹ ਹਮਲਾ ਪੁਲਸ ਅਧਿਕਾਰੀਆਂ ਦੀ ਮੁਸਤੈਦੀ ਨਾਲ ਨਾਕਾਮ ਕਰ ਦਿੱਤਾ ਗਿਆ ਸੀ, ਪਰ ਇਸ ਦੀ ਜਾਂਚ ਹਾਲੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਪੁਲਸ ਦੇ ਡੀ.ਜੀ.ਪੀ. ਗੌਰਵ ਯਾਦਵ ਨੂੰ ਇਕ ਪੱਤਰ ਲਿਖਿਆ ਹੈ। 

ਉਨ੍ਹਾਂ ਆਪਣੇ ਪੱਤਰ 'ਚ ਲਿਖਿਆ ਹੈ ਕਿ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੁਖਬੀਰ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਨਿਖੇਧੀ ਕਰਦੇ ਹਨ ਅਤੇ ਉਨ੍ਹਾਂ ਇਸ ਜਾਨਲੇਵਾ ਹਮਲੇ ਦੇ ਨਤੀਜੇ ਵਜੋਂ ਸੂਬੇ 'ਚ ਪੈਦਾ ਹੋਏ ਸੰਵੇਦਨਸ਼ੀਲ ਹਾਲਾਤਾਂ ਪ੍ਰਤੀ ਬੇਹੱਦ ਚਿੰਤਾ ਜਤਾਈ ਹੈ। ਮਜੀਠੀਆ ਨੇ ਲਿਖਿਆ ਕਿ ਹਰਿਮੰਦਰ ਸਾਹਿਬ ਸਿੱਖ ਧਰਮ ਦਾ ਸਭ ਤੋਂ ਸਤਿਕਾਰਤ ਪਵਿੱਤਰ ਤੀਰਥ ਸਥਾਨ ਹੈ। 

ਇਹ ਦੁਨੀਆ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨਾਂ 'ਚੋਂ ਇਕ ਹੈ ਤੇ ਸਭ ਤੋਂ ਸੁਰੱਖਿਅਤ ਅਸਥਾਨ ਵੀ ਹੈ। ਉਨ੍ਹਾਂ ਕਿਹਾ ਕਿ ਇੱਕ ਸਿੱਖ ਹੋਣ ਦੇ ਨਾਤੇ, ਮੈਂ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਗੋਲੀਬਾਰੀ ਅਤੇ ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਘਟਨਾ ਤੋਂ ਬੇਹੱਦ ਦੁਖੀ ਹਾਂ, ਜੋ ਕਿ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਾਲੀ ਪੰਜਾਬ ਪੁਲਸ ਦੀ ਨਾਕਾਮੀ ਕਾਰਨ ਵਾਪਰੀ ਹੈ। 

ਮਜੀਠੀਆ ਨੇ ਲਿਖਿਆ ਕਿ ਅੰਮ੍ਰਿਤਸਰ ਦੀ ਪੁਲਸ ਨਾ ਸਿਰਫ ਸੁਖਬੀਰ ਬਾਦਲ ਦੀ ਜਾਨ ਬਚਾਉਣ 'ਚ ਲਾਪਰਵਾਹ ਰਹੀ, ਸਗੋਂ ਸੀਨੀਅਰ ਪੁਲਸ ਅਧਿਕਾਰੀ ਪਾਕਿਸਤਾਨ ਦੇ ਆਈ.ਐੱਸ.ਆਈ. ਏਜੰਟ ਤੇ ਹਮਲਾਵਰ ਨਰਾਇਣ ਸਿੰਘ ਚੌੜਾ ਨਾਲ ਮਿਲੀਭੁਗਤ ਕਰ ਰਹੇ ਹਨ ਤੇ ਸੱਚ ਸਾਹਮਣੇ ਆਉਣ ਤੋਂ ਰੋਕਣ ਲਈ ਅੰਮ੍ਰਿਤਸਰ ਪੁਲਸ ਵੱਲੋਂ ਵੱਡੇ ਪੱਧਰ 'ਤੇ ਪਰਦਾਪੋਸ਼ੀ ਮੁਹਿੰਮ ਚਲਾਈ ਗਈ ਹੈ। 

ਇਹ ਵੀ ਪੜ੍ਹੋ- ਰੂਸ-ਯੂਕ੍ਰੇਨ ਦੀ ਜੰਗ ਦੌਰਾਨ 'ਮੌਤ ਦੇ ਮੂੰਹ' ਚੋਂ ਨਿਕਲ ਆਇਆ ਨੌਜਵਾਨ, ਬਿਆਨ-ਏ-ਹਾਲ ਸੁਣ ਕੰਬ ਜਾਵੇਗੀ ਰੂਹ

ਮਜੀਠੀਆ ਨੇ ਕਿਹਾ ਹੈ ਕਿ ਨਰਾਇਣ ਸਿੰਘ ਚੌੜਾ ਆਈ.ਐੱਸ.ਆਈ. ਦਾ ਏਜੰਟ ਅਤੇ ਅੱਤਵਾਦੀ ਹੈ, ਜੋ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦਾ ਮੈਂਬਰ ਹੈ। ਉਹ ਇੱਕ ਹਿਸਟਰੀ ਸ਼ੀਟਰ ਹੈ ਅਤੇ ਉਸ ਦੇ ਸਰਹੱਦ ਪਾਰ ਦੇ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ। ਉਹ ਪਾਕਿਸਤਾਨ ਜਾ ਕੇ ਅੱਤਵਾਦੀ ਮਾਡਿਊਲ ਤੋਂ ਸਿਖਲਾਈ ਵੀ ਲੈ ਚੁੱਕਾ ਹੈ।

ਉਨ੍ਹਾਂ ਲਿਖਿਆ ਕਿ ਨਾਰਾਇਣ ਸਿੰਘ ਖ਼ਿਲਾਫ਼ ਆਰ.ਡੀ.ਐਕਸ, ਗ੍ਰਨੇਡ ਤੇ ਹੋਰ ਹਥਿਆਰਾਂ ਦੀ ਬਰਾਮਦਗੀ ਵਰਗੇ 21 ਮਾਮਲੇ ਦਰਜ ਹਨ। ਉਨ੍ਹਾਂ ਅੱਗੇ ਲਿਖਿਆ ਕਿ ਮੀਡੀਆ ਰਿਪੋਰਟਾਂ ਮੁਤਾਬਕ ਬਾਦਲ ਪਰਿਵਾਰ ਉਸ ਦੀ ਹਿੱਟ ਲਿਸਟ 'ਚ ਸ਼ਾਮਲ ਹੈ, ਜਿਸ ਕਾਰਨ ਉਹ ਪਰਿਵਾਰ ਲਈ ਵੱਡਾ ਖ਼ਤਰਾ ਹੈ। 

ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਦੀਆਂ ਪੁਲਸ ਸੁਪਰਡੈਂਟ ਹਰਪਾਲ ਸਿੰਘ ਰੰਧਾਵਾ ਨਾਲ ਗੱਲਬਾਤ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਜਾ ਚੁੱਕੀਆਂ ਹਨ। ਇਸ ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਜਾਨ ਬਚਾਉਣ ਵਾਲੇ ਏ.ਐੱਸ.ਆਈ. ਜਸਬੀਰ ਸਿੰਘ ਤੇ ਹੀਰਾ ਸਿੰਘ ਸਨ, ਜੋ ਕਿ ਸੁਖਬੀਰ ਦੀ ਸੁਰੱਖਿਆ 'ਚ ਪਿਛਲੇ 20 ਸਾਲ ਤੋਂ ਵੀ ਵੱਧ ਸਮੇਂ ਤੋਂ ਤਾਇਨਾਤ ਹਨ ਤੇ ਉਹ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਤਾਇਨਾਤ ਕੀਤੇ ਗਏ 175 ਪੁਲਸ ਅਧਿਕਾਰੀਆਂ 'ਚ ਸ਼ਾਮਲ ਨਹੀਂ ਹਨ। 

ਉਨ੍ਹਾਂ ਡੀ.ਜੀ.ਪੀ. ਸਾਹਿਬ ਨੂੰ ਪੱਤਰ 'ਚ ਲਿਖਿਆ ਕਿ ਲਾਰੈਂਸ ਬਿਸ਼ਨੋਈ ਮਾਮਲੇ 'ਚ ਆਈ.ਪੀ.ਐੱਸ. ਪ੍ਰਬੋਧ ਕੁਮਾਰ ਨੇ ਆਪਣੀ ਇਮਾਨਦਾਰੀ ਤੇ ਵਰਦੀ ਪ੍ਰਤੀ ਵਫ਼ਾਦਾਰੀ ਦਾ ਸਬੂਤ ਦਿੱਤਾ ਹੈ। ਹੁਣ ਉਹ ਚਾਹੁੰਦੇ ਹਨ ਕਿ ਸੁਖਬੀਰ 'ਤੇ ਹੋਏ ਹਮਲੇ ਦਾ ਮਾਮਲਾ ਵੀ, ਜਿਸ ਦੀ ਐੱਫ਼.ਆਈ.ਆਰ. ਨੰਬਰ 134, ਜੋ ਕਿ 4 ਦਸੰਬਰ 2024 ਨੂੰ ਅੰਮ੍ਰਿਤਸਰ ਦੇ ਈ ਡਵੀਜ਼ਨ ਪੁਲਸ ਸਟੇਸ਼ਨ 'ਚ ਦਰਜ ਹੋਇਆ ਸੀ, ਦੀ ਕਾਰਵਾਈ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੀ ਜਗ੍ਹਾ ਆਈ.ਪੀ.ਐੱਸ. ਪ੍ਰਬੋਧ ਕੁਮਾਰ ਨੂੰ ਸੌਂਪੀ ਜਾਵੇ। 

ਇਹ ਵੀ ਪੜ੍ਹੋ- ਦੋਸਤਾਂ ਨਾਲ ਲਾਈ ਗਈ ਗੇੜੀ ਬਣ ਗਈ ਮੁੰਡੇ ਦੀ 'Last Ride', ਤੇਜ਼ ਰਫ਼ਤਾਰ ਨੇ ਲੈ ਲਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News