ਪੰਜਾਬ ਦੇ ਸਮੂਹ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਸੜਕਾਂ ’ਤੇ ਉਤਰਣ ਦੀ ਚੇਤਾਵਨੀ, ਸਰਕਾਰ ਅੱਗੇ ਰੱਖੀ ਇਹ ਮੰਗ

Sunday, Aug 27, 2023 - 08:36 AM (IST)

ਪੰਜਾਬ ਦੇ ਸਮੂਹ ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਸੜਕਾਂ ’ਤੇ ਉਤਰਣ ਦੀ ਚੇਤਾਵਨੀ, ਸਰਕਾਰ ਅੱਗੇ ਰੱਖੀ ਇਹ ਮੰਗ

ਅੰਮ੍ਰਿਤਸਰ (ਛੀਨਾ)- ਪੰਜਾਬ ਸਰਕਾਰ ਵਲੋਂ ਮਿੰਨੀ ਬੱਸਾਂ ਦੇ ਨਵੇਂ ਪਰਮਿੱਟ ਜਾਰੀ ਕਰਨ ਤੋਂ ਪਹਿਲਾਂ ਹੀ ਵਿਰੋਧ ਸ਼ੁਰੂ ਹੋ ਗਿਆ ਹੈ, ਜਿਸ ਸਬੰਧੀ ਮਿੰਨੀ ਬੱਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਬਲਦੇਵ ਸਿੰਘ ਬੱਬੂ ਦੀ ਅਗਵਾਈ ’ਚ ਸਥਾਨਕ ਬੱਸ ਸਟੈਂਡ ਵਿਖੇ ਹੋਈ। ਇਸ ਵਿਚ ਚੇਤਾਵਨੀ ਦਿਤੀ ਗਈ ਕਿ ਮਿੰਨੀ ਬੱਸਾਂ ਦੇ ਪੁਰਾਣੇ ਪਰਮਿੱਟ ਬਹਾਲ ਕਰਨ ਤੋਂ ਪਹਿਲਾਂ ਜੇਕਰ ਨਵੇਂ ਪਰਮਿਟ ਜਾਰੀ ਕੀਤੇ ਗਏ ਤਾਂ ਸੂਬੇ ਦੇ ਸਮੂਹ ਮਿੰਨੀ ਬੱਸ ਆਪ੍ਰੇਟਰ ਅਤੇ ਵਰਕਰ ਸੜਕਾਂ ’ਤੇ ਉਤਰ ਆਉਣਗੇ।

ਇਸ ਮੌਕੇ ਪ੍ਰਧਾਨ ਬੱਬੂ ਨੇ ਕਿਹਾ ਕਿ ਮਿੰਨੀ ਬੱਸਾਂ ਦੇ ਪੁਰਾਣੇ ਪਰਮਿਟ ਬਹਾਲ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ, ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਟਰਾਂਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਅਸੀਂ ਹੁਣ ਤੱਕ ਕਈ ਵਾਰ ਮੀਟਿੰਗਾਂ ਕਰ ਚੁੱਕੇ ਹਾਂ ਪਰ ਸਾਡੇ ਪੱਲੇ ਭਰੋਸਿਆਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਪਾਇਆ ਗਿਆ, ਜਿਸ ਕਾਰਨ ਪੰਜਾਬ ਦੇ ਸਮੂਹ ਆਪ੍ਰੇਟਰਾਂ ’ਚ ਵੱਡਾ ਰੋਸ ਹੈ। ਪ੍ਰਧਾਨ ਬੱਬੂ ਨੇ ਆਖਿਆ ਕਿ ਪੁਰਾਣੇ ਪਰਮਿਟ ਬਹਾਲ ਕਰਨ ਤੋਂ ਪਹਿਲਾਂ ਜੇਕਰ ਮਿੰਨੀ ਬੱਸਾਂ ਦੇ ਨਵੇਂ ਪਰਮਿਟ ਜਾਰੀ ਕੀਤੇ ਗਏ ਤਾਂ ਇਸ ਨਾਲ ਮਾਹੌਲ ਗਰਮਾ ਸਕਦਾ ਹੈ, ਜਿਸ ਸਦਕਾ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਉਸ ’ਤੇ ਚੰਗੀ ਤਰ੍ਹਾਂ ਨਾਲ ਵਿਚਾਰ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਵੇਂ ਪਰਮਿਟ ਵੀ ਸਿਰਫ ਉਸੇ ਹੀ ਰੂਟ ’ਤੇ ਜਾਰੀ ਕੀਤੇ ਜਾਣ ਜਿਥੇ ਲੋੜ ਮਹਿਸੂਸ ਹੋਵੇ ਕਿਉਂਕਿ ਹਰੇਕ ਰੂਟ ’ਤੇ ਪਹਿਲਾਂ ਹੀ ਲੋੜ ਤੋਂ ਵੱਧ ਪਰਮਿਟ ਦਿਤੇ ਹੋਏ ਹਨ, ਜਿਸ ਕਾਰਨ ਆਪ੍ਰੇਟਰਾਂ ਲਈ ਤਾਂ ਆਪਣੇ ਖਰਚੇ ਪੂਰੇ ਕਰਨੇ ਵੀ ਅੌਖੇ ਹੋਏ ਪਏ ਹਨ।

ਪੜ੍ਹੋ ਇਹ ਅਹਿਮ ਖ਼ਬਰ-13 ਕਿਲੋ ਅਫ਼ੀਮ ਲੈ ਕੇ ਕੈਨੇਡਾ ਪੁੱਜੇ ਨਿਤੀਸ਼ ਵਰਮਾ ਨੂੰ ਅਦਾਲਤ ਨੇ ਸੁਣਾਈ ਸਖ਼ਤ ਸਜ਼ਾ

ਇਸ ਮੌਕੇ ਸਰਬਜੀਤ ਸਿੰਘ ਤਰਸਿੱਕਾ, ਸੁਖਬੀਰ ਸਿੰਘ ਸੋਹਲ, ਸਤਨਾਮ ਸਿੰਘ ਸੇਖੋਂ, ਜਰਨੈਲ ਸਿੰਘ ਜੱਜ, ਕੁਲਦੀਪ ਸਿੰਘ ਝੰਜੋਟੀ, ਸਾਧੂ ਸਿੰਘ ਧਰਮੀ ਫੌਜੀ, ਸੋਨੂੰ ਨਿਸ਼ਾਤ, ਕਰਮਜੀਤ ਸਿੰਘ ਮਿੰਟੂ, ਸਾਬਾ ਮਜੀਠਾ, ਪ੍ਰਦੀਪ ਸਿੰਘ ਛੀਨਾ, ਸਵਿੰਦਰ ਸਿੰਘ ਮੋਲੇਕੇ, ਅਵਤਾਰ ਸਿੰਘ ਚੋਗਾਵਾਂ, ਹਰਪਿੰਦਰਪਾਲ ਸਿੰਘ ਗੱਗੋਮਾਹਲ, ਚਮਕੌਰ ਸਿੰਘ ਕਸੇਲ, ਜਗਰੂਪ ਸਿੰਘ ਰੰਧਾਵਾ, ਸਾਬਾ ਚੌਹਾਨ ਤੇ ਕੁਲਵੰਤ ਸਿੰਘ ਢਿੱਲੋਂ ਤੋਂ ਇਲਾਵਾ ਵੱਡੀ ਗਿਣਤੀ ’ਚ ਆਪ੍ਰੇਟਰ ਹਾਜ਼ਰ ਸਨ, ਜਿਨ੍ਹਾਂ ਇਕਸੁਰ ਹੋ ਕੇ ਆਖਿਆ ਕਿ ਜੇਕਰ ਸਰਕਾਰ ਨੇ ਸਾਡੀ ਸਹਿਮਤੀ ਤੋਂ ਬਿਨਾ ਪਰਮਿਟ ਜਾਰੀ ਕੀਤੇ ਤਾਂ ਸਾਡੇ ਕੋਲ ਫਿਰ ਆਤਮਦਾਹ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੋਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News