ਅਲਕਾ ਲਾਂਬਾ ਰੋਪੜ ਥਾਣੇ ’ਚ ਹੋਈ ਪੇਸ਼, ਕਾਂਗਰਸੀਆਂ ਨੇ ਕੀਤਾ ਜ਼ਬਰਦਸਤ ਪ੍ਰਦਰਸ਼ਨ

04/27/2022 4:30:56 PM

ਰੋਪੜ (ਵੈੱਬ ਡੈਸਕ, ਵਿਜੇ)— ਰੋਪੜ ਦੇ ਥਾਣੇ ’ਚ ਕਾਂਗਰਸੀ ਨੇਤਾ ਅਲਕਾ ਲਾਂਬਾ ਪੁਲਸ ਦੇ ਸਾਹਮਣੇ ਪੇਸ਼ ਹੋ ਗਈ ਹੈ। ਇਸ ਮੌਕੇ ਉਥੇ ਹੀ ਕਾਂਗਰਸੀਆਂ ਵੱਲੋਂ ਜ਼ਬਰਦਸਤ ਪ੍ਰਦਰਸ਼ਨ ਵੀ ਕੀਤਾ ਗਿਆ। ਪੁਲਸ ਨੇ ਕਾਂਗਰਸੀ ਆਗੂਆਂ ਨੂੰ ਅੰਦਰ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਕਾਂਗਰਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਹਾਲਾਂਕਿ ਇਸ ਦੌਰਾਨ ਇਕ ਵਾਰ ਫਿਰ ਤੋਂ ਕਾਂਗਰਸ ਦੀ ਖਿੱਚੋਤਾਣ ਸਾਹਮਣੇ ਆਈ ਹੈ। ਇਥੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਰੋਪੜ ਪਹੰੁਚੇ ਹਾਲਾਂਕਿ ਉਹ ਮੌਜੂਦਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਾਂ ਦੂਜੇ ਸੀਨੀਅਰ ਨੇਤਾਨਾਂ ਨੂੰ ਨਹੀਂ ਮਿਲੇ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੜਿੰਗ ਦੀ ਤਾਜਪੋਸ਼ੀ ਦੇ ਦਿਨ ਵੀ ਉਨ੍ਹਾਂ ਨੇ ਕਾਂਗਰਸ ਨੇਤਾਵਾਂ ਦੇ ਨਾਲ ਸਟੇਜ ਸ਼ੇਅਰ ਨਹੀਂ ਕੀਤੀ ਸੀ। 

ਅਲਕਾ ਲਾਂਬਾ ਦੇ ਸਮਰਥਨ ’ਚ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ’ਚ ਵਿਰੋਧੀ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਸਮੇਤ ਪੂਰੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਭਾਰੀ ਗਿਣਤੀ ’ਚ ਪੁਲਸ ਜਵਾਨ ਮੌਜੂਦ ਸਨ। ਪੁਲਸ ਦੇ ਮੁੱਖ ਗੇਟ ਬੰਦ ਕਰ ਦਿੱਤੇ ਪਰ ਗੇਟ ’ਤੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਹੋਰ ਵਰਕਰ ਗੇਟ ਟੱਪਣ ਦੀ ਕੋਸ਼ਿਸ਼ ਕਰ ਰਹੇ ਸਨ। ਮਗਰੋਂ ਪੁਲਸ ਨੇ ਗੇਟ ਖੋਲ੍ਹ ਦਿੱਤੇ ਅਤੇ ਸਮੂਹ ਵਰਕਰ ਪੁਲਸ ਹੈੱਡ ਕੁਆਰਟਰ ਦੇ ਅਹਾਤੇ ’ਚ ਦਾਖਲ ਹੋ ਗਏ। ਜਿੱਥੇ ਉਨ੍ਹਾਂ ਦੀ ਪੁਲਸ ਨਾਲ ਧੱਕਾ-ਮੁੱਕੀ ਹੋਈ। ਵਰਕਰਾਂ ਨੇ ਬੈਰੀਗੇਟ ਹਟਾ ਦਿੱਤੇ ਅਤੇ ਵਰਕਰ ਐੱਸ. ਐੱਸ.ਪੀ. ਦਫ਼ਤਰ ਦੇ ਦਰਵਾਜੇ ਤੱਕ ਪਹੁੰਚ ਗਏ ਜਿੱਥੇ ਦਫ਼ਤਰ ਦੇ ਮੁੱਖ ਦਰਵਾਜੇ ’ਤੇ ਲੱਗੇ ਸ਼ੀਸ਼ਿਆਂ ਦੀ ਭੰਨਤੋੜ ਕੀਤੀ ਗਈ।

ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ’ਚ ਅਕਾਲੀ ਦਲ ਅਤੇ ਕਾਂਗਰਸ ਦੀਆਂ ਸਰਕਾਰਾਂ ਰਹੀਆਂ ਪਰ ਕਦੇ ਕਿਸੇ ਮਹਿਲਾ ’ਤੇ ਇਸ ਤਰ੍ਹਾਂ ਕੇਸ ਦਰਜ ਨਹੀਂ ਕੀਤਾ। ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਅਲਕਾ ਲਾਂਬਾ ਨੂੰ ਨਿਸ਼ਾਨਾ ਬਣਾਇਆ, ਜਿਸ ਨੂੰ ਕਾਂਗਰਸ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 

 

ਇਹ ਵੀ ਪੜ੍ਹੋ: ਅਲਕਾ ਲਾਂਬਾ ਦੀ ਪੇਸ਼ੀ ਤੋਂ ਪਹਿਲਾਂ ਰੋਪੜ ਵਿਖੇ ਕਾਂਗਰਸ ਦਾ ਸ਼ਕਤੀ ਪ੍ਰਦਰਸ਼ਨ

PunjabKesariਕਾਂਗਰਸੀ ਨੇਤਾ ਅਲਕਾ ਲਾਂਬਾ ਅੱਜ ਬਿਨਾਂ ਬਿਆਨ ਦਰਜ ਕਰਵਾਏ ਵਾਪਸ ਚਲੀ ਗਈ ਕਿਉਂਕਿ ਸਾਰਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ 2 ਮਈ ਲਈ ਪੈਡਿੰਗ ਪਿਆ ਹੈ। ਅੱਜ ਸਵੇਰੇ ਲਗਭਗ 10 ਵਜੇ ਕਾਂਗਰਸ ਪਾਰਟੀ ਵੱਲੋਂ ਅਲਕਾ ਲਾਂਬਾ ਵਿਰੁੱਧ ਰੂਪਨਗਰ ਪੁਲਸ ਵੱਲੋਂ ਦਰਜ ਕੇਸ ਦੇ ਵਿਰੋਧ ’ਚ ਭਾਰੀ ਗਿਣਤੀ ’ਚ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਦਿੱਤਾ ਗਿਆ, ਜਿਸ ’ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ ਵਰਕਰ ਜਿਨਾਂ ’ਚ ਮਹਿਲਾਵਾਂ ਅਤੇ ਯੂਥ ਵਰਕਰ ਸ਼ਾਮਲ ਸਨ। ਪਾਰਟੀ ਵੱਲੋਂ ਜ਼ਿਲ੍ਹਾ ਪੁਲਸ ਹੈੱਡਕੁਆਟਰ ਦੇ ਬਾਹਰ ਗੇਟ ਸਾਹਮਣੇ ਰੋਸ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਕਾਂਗਰਸੀ ਵਰਕਰਾਂ ਅਤੇ ਧਰਨੇ ’ਚ ਸ਼ਾਮਲ ਔਰਤਾਂ ਨਾਲ ਪੁਲਸ ਦੀ ਕਾਫੀ ਧੱਕਾ-ਮੁੱਕੀ ਹੋਈ ਅਤੇ ਔਰਤ ਵਰਕਰਾਂ ਨੇ ਪੁਲਸ ਦੀ ਧੱਕੀਸ਼ਾਹੀ ਦੀ ਜ਼ੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ। ਇਸ ਮਗਰੋਂ ਪੁਲਸ ਨੇ ਅਲਕਾ ਲਾਂਬਾ, ਰਾਜਾ ਵੜਿੰਗ ਅਤੇ ਹੋਰ ਮੁੱਖ ਨੇਤਾਵਾਂ ਨੂੰ ਦਫ਼ਤਰ ਅੰਦਰ ਆਉਣ ਦੀ ਆਗਿਆ ਦਿੱਤੀ। ਅਲਕਾ ਲਾਂਬਾ ਅਤੇ ਕਾਂਗਰਸੀ ਨੇਤਾ ਲਗਭਗ ਇੱਕ ਘੰਟਾ ਦਫਤਰ ’ਚ ਐੱਸ. ਐੱਸ. ਪੀ. ਨੂੰ ਮਿਲਣ ਦਾ ਇੰਤਜਾਰ ਕਰਦੇ ਰਹੇ। ਬੜੀ ਮੁਸ਼ਕਿਲ ਨਾਲ ਐੱਸ. ਐੱਸ. ਪੀ. ਆਪਣੇ ਦਫ਼ਤਰ ਦੇ ਪਿਛਲੇ ਦਰਵਾਜੇ ਤੋਂ ਦਾਖ਼ਲ ਹੋਏ। ਐੱਸ. ਐੱਸ. ਪੀ. ਨੇ ਅਲਕਾ ਲਾਂਬਾ ਨੂੰ ਰੂਪਨਗਰ ਥਾਣਾ ਸਦਰ ਜਿੱਥੇ ਕਿ ਮਾਮਲਾ ਦਰਜ ਕੀਤਾ ਗਿਆ ਹੈ ਉਸ ਥਾਂ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਉਣ ਲਈ ਕਿਹਾ। ਜਿਸ ਮਗਰੋਂ ਅਲਕਾ ਲਾਂਬਾ ਨੇ ਕਿਹਾ ਕਿ ਪੁਲਸ ਜਾਣ-ਬੁੱਝ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਜਿਸ ਮਗਰੋਂ ਅਲਕਾ ਲਾਂਬਾ ਕਾਂਗਰਸੀ ਨੇਤਾਵਾਂ ਸਮੇਤ ਸਦਰ ਥਾਣਾ ਪਹੁੰਚੀ ਅਤੇ ਆਪਣੀ ਹਾਜ਼ਰੀ ਲਗਵਾਉਣ ਲਈ ਕਿਹਾ ਪਰ ਉਥੇ ਹਾਜ਼ਰ ਪੁਲਸ ਅਧਿਕਾਰੀ ਨੇ ਕਿਹਾ ਕਿ ਕੇਸ ਦੀ ਫਾਈਲ ਹਾਈਕੋਰਟ ਜਾ ਚੁੱਕੀ ਹੈ। ਇਸ ਮਗਰੋਂ ਉਹ ਪਰਤ ਆਏ। ਉਨ੍ਹਾਂ ਨੂੰ ਅਗਲੀ ਪੇਸ਼ੀ ਲਈ ਮੁਡ਼ ਸੰਮਨ ਜਾਰੀ ਕੀਤੇ ਜਾਣਗੇ। ਇਸ ਮੌਕੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉਪ ਮੁੱਖ ਮੰਤਰੀ ਪੰਜਾਬ , ਰਾਣਾ ਕੇ.ਪੀ. ਸਿੰਘ ਸਾਬਕਾ ਪੰਜਾਬ ਵਿਧਾਨ ਸਭਾ ਸਪੀਕਰ, ਤ੍ਰਿਪਤ ਬਾਜਵਾ, ਪੰਜਾਬ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਕੋਟਲੀ, ਭਾਰਤ ਭੂਸ਼ਣ ਆਸ਼ੂ, ਰਾਜ ਕੁਮਾਰ ਚੱਬੇਵਾਲ, ਬਲਵੀਰ ਸਿੰਘ, ਸੁਖਸਰਕਾਰੀਆ, ਦਰਸ਼ਨ ਲਾਲ ਮੰਗੂਵਾਲ ਤੋਂ ਇਲਾਵਾ ਕਾਂਗਰਸੀ ਨੇਤਾ ਅਤੇ ਕਾਂਗਰਸੀ ਔਰਤਾਂ ਸ਼ਾਮਲ ਸਨ।

ਮੇਰੇ ’ਤੇ ਕੇਸ ਰਾਜਸੀ ਚਿੜ ਕੱਢਣ ਲਈ ਦਰਜ ਕੀਤਾ ਪਰ ਨਿਡਰਤਾ ਨਾਲ ਸਾਹਮਣਾ ਕਰਾਂਗੀ: ਅਲਕਾ ਲਾਂਬਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਲਕਾ ਲਾਂਬਾ ਨੇ ਦੱਸਿਆ ਕਿ ਇਹ ਕੇਸ ਉਨ੍ਹਾਂ ਨਾਲ ਰਾਜਸੀ ਚਿਡ਼ ਕੱਢਣ ਲਈ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕੇਸ ਬਿੱਲਕੁੱਲ ਮਨਘੜਤ ਅਤੇ ਝੂਠਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ’ਚ ਕੇਸ ਦਰਜ ਕਰਵਾਉਣ ’ਚ ਫੇਲ ਹੋਏ ਹਨ ਅਤੇ ਹੁਣ ਪੰਜਾਬ ਪੁਲਸ ’ਤੇ ਗੈਰ ਕਾਨੂੰਨੀ ਦਬਾਅ ਪਾ ਕੇ ਇਹ ਕੇਸ ਦਰਜ ਕਰਵਾਇਆ ਗਿਆ ਹੈ ਤਾਂ ਕਿ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੈਂ ਨਿਡਰ ਹੋ ਕੇ ਇਸ ਕੇਸ ਦਾ ਸਾਹਮਣਾ ਕਰਾਂਗੀ ਅਤੇ ਜੋ ਵੀ ਅਦਾਲਤੀ ਫੈਸਲਾ ਹੋਵੇਗਾ ਉਸ ਨੂੰ ਸਵੀਕਾਰ ਕਰਾਂਗੀ। ਇਸ ਮੌਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ, ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਨੇਤਾਵਾਂ ਨੇ ਰੂਪਨਗਰ ਪੁਲਸ ਦੀ ਇਸ ਕਾਰਵਾਈ ਦੀ ਜੋਰਦਾਰ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਕਾਂਗਰਸ ਅਲਕਾ ਲਾਂਬਾ ਨਾਲ ਡਟ ਕੇ ਖੜੀ ਰਹੇਗੀ।

ਇਹ ਵੀ ਪੜ੍ਹੋ:  ਡਿਫ਼ਾਲਟਰ ਬਿਜਲੀ ਖ਼ਪਤਕਾਰਾਂ ਦੀਆਂ ਲਿਸਟਾਂ ਤਿਆਰ, ਜਲੰਧਰ ਸ਼ਹਿਰ 'ਚ ਅੱਜ ਕੱਟੇ ਜਾਣਗੇ ਕੁਨੈਕਸ਼ਨ

PunjabKesari
 

ਭਗਵੰਤ ਮਾਨ ਨੇ ਪੀਲੀ ਪੱਗ ਬੰਨ੍ਹ ਕੇ ਪੰਜਾਬ ਨੂੰ ਮੁੜ ਗੁਲਾਮ ਬਣਾ ਦਿੱਤਾ: ਸਿੱਧੂ
ਅੱਜ ਕਾਂਗਰਸੀ ਨੇਤਾ ਅਤੇ ਪੰਜਾਬ ਦੇ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਧਰਨੇ ਵਾਲੀ ਥਾਂ ਨੇੜੇ ਅਲਕਾ ਲਾਂਬਾ ਦੇ ਹੱਕ ’ਚ ਪਹੁੰਚੇ ਪਰ ਉਹ ਧਰਨੇ ’ਚ ਸ਼ਾਮਲ ਨਹੀ ਹੋਏ ਅਤੇ ਨਾ ਹੀ ਉਹ ਅਲਕਾ ਲਾਂਬਾ ਅਤੇ ਹੋਰ ਕਾਂਗਰਸੀ ਨੇਤਾਵਾਂ ਨੂੰ ਮਿਲੇ। ਉਨ੍ਹਾਂ ਨੂੰ ਜਦੋਂ ਦੋ ਤਿੰਨ ਪੱਤਰਕਾਰ ਮਿਲਣ ਲਈ ਪਹੁੰਚੇ ਤਾਂ ਉਨ੍ਹਾਂ ਕਿਹਾ ਕਿ ਹੋਰ ਪੱਤਰਕਾਰਾਂ ਨੂੰ ਵੀ ਆ ਲੈਣ ਦਿਓ ਜਿਸ ਮਗਰੋਂ ਉਹ ਬਿਆਨ ਦੇਣਗੇ। ਕੁਝ ਦੇਰ ਮਗਰੋਂ ਜਦੋਂ ਕਾਫ਼ੀ ਪੱਤਰਕਾਰ ਇਕੱਠੋ ਹੋ ਗਏ ਤਾਂ ਉਨ੍ਹਾਂ ਨੇ ਧਰਨੇ ਵਾਲੀ ਥਾਂ ਨੇੜੇ ਅਲਕਾ ਲਾਂਬਾ ਵਿਰੁੱਧ ਦਰਜ ਕੇਸ ਦਾ ਵਿਰੋਧ ਕੀਤ ਅਤੇ ਕਿਹਾ ਕਿ ਇਹ ਸਾਰਾ ਮਾਮਲਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਕਹਿਣ ’ਤੇ ਦਰਜ ਕੀਤਾ ਗਿਆ ਹੈ, ਜੋਕਿ ਰਾਜਨੀਤੀ ਤੋ ਪ੍ਰੇਰਿਤ ਹੈ।
ਉਨ੍ਹਾਂ ਕਿਹਾ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨੇ ਪੀਲੀ ਪੱਗ ਬੰਨ੍ਹ ਕੇ ਦੇਸ਼ ਨੂੰ ਆਜ਼ਾਦ ਕਰਵਾਇਆ ਸੀ ਪਰ ਭਗਵੰਤ ਮਾਨ ਨੇ ਪੀਲੀ ਪੱਗ ਬੰਨ੍ਹ ਕੇ ਪੰਜਾਬ ਨੂੰ ਮੁੜ ਗੁਲਾਮ ਬਣਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਭਗਵੰਤ ਮਾਨ ’ਤੇ ਮਾਣ ਸੀ ਪਰ ਉਨ੍ਹਾਂ ਨੇ ਪੰਜਾਬ ਨੂੰ ਕੇਜਰੀਵਾਲ ਕੋਲ ਗਿਰਵੀ ਕਰ ਦਿੱਤਾ ਹੈ, ਜੋਕਿ ਬਹੁਤ ਹੀ ਨਿੰਦਣਯੋਗ ਗੱਲ ਹੈ।

ਪੁਲਸ ਨੂੰ ਪਹਿਲਾਂ ਆਪਣੀ ਜਾਂਚ ਮੁਕੰਮਲ ਕਰਕੇ ਮਾਮਲਾ ਦਰਜ ਕਰਨਾ ਚਾਹੀਦਾ ਸੀ: ਰਾਣਾ ਕੇ. ਪੀ.
ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਨੇ ਰੂਪਨਗਰ ਪੁਲਸ ਵੱਲੋਂ ਅਲਕਾ ਲਾਂਬਾ ਵਿਰੁੱਧ ਦਰਜ ਕੇਸ ਦੀ ਜੋਰਦਾਰ ਸ਼ਬਦਾਂ ’ਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹੈ ਅਤੇ ਇਕ ਔਰਤ ਨੂੰ ਜਾਣ-ਬੁੱਝ ਕੇ ਨਿੱਜੀ ਕਾਰਨਾਂ ਕਾਰਨ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਨੂੰ ਪਹਿਲਾਂ ਆਪਣੀ ਜਾਂਚ ਮੁਕੰਮਲ ਕਰ ਕੇ ਮਾਮਲਾ ਦਰਜ ਕਰਨਾ ਚਾਹੀਦਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਆਪਣੀ ਨਿੱਜੀ ਰੰਜਿਸ਼ ਕਾਰਨ ਪੰਜਾਬ ਪੁਲਸ ਰਾਹੀਂ ਬਾਰ-ਬਾਰ ਝੂਠੇ ਕੇਸ ਬਣਵਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੀ ਕਾਂਗਰਸ ਪਾਰਟੀ ਅਲਕਾ ਲਾਂਬਾ ਨਾਲ ਡਟ ਕੇ ਖੜੀ ਹੈ।

ਪੁਲਸ ਨੇ ਅਲਕਾ ਲਾਂਬਾ ਨੂੰ ਰੂਪਨਗਰ ਬੁਲਾਇਆ ਫਿਰ ਐੱਸ. ਐੱਸ. ਪੀ. ਸ਼ਹਿਰ ਤੋਂ ਬਾਹਰ ਕਿਉਂ ਗਏ : ਰਾਜਾ ਵੜਿੰਗ
ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਜਦੋਂ ਪੁਲਸ ਨੇ ਅੱਜ ਅਲਕਾ ਲਾਂਬਾ ਨੂੰ ਰੂਪਨਗਰ ਬੁਲਾਇਆ ਸੀ ਅਤੇ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਮੰਤਰੀ ਆਉਣ ਵਾਲੇ ਸਨ ਤਾਂ ਫਿਰ ਐੱਸ. ਐੱਸ. ਪੀ. ਰੂਪਨਗਰ ਸ਼ਹਿਰ ਤੋਂ ਬਾਹਰ ਕਿਉਂ ਗਏ ਸਨ ਅਸੀ ਪਿਛਲੇ ਇਕ ਘੰਟੇ ਤੋਂ ਉਨ੍ਹਾਂ ਦਾ ਇੰਤਜਾਰ ਕਰ ਰਹੇ ਹਾਂ ਪਰ ਉਹ ਹਾਲੇ ਤੱਕ ਨਹੀ ਆਏ। ਉਨ੍ਹਾਂ ਕਿਹਾ ਕਿ ਸਾਨੂੰ ਜਾਣ-ਬੁੱਝ ਕੇ ਰੂਪਨਗਰ ਪੁਲਸ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਨੇ ਜਾਣ-ਬੁੱਝ ਕੇ ਗੇਟ ਬੰਦ ਕੀਤੇ, ਬੈਰੀਗੇਟ ਲਗਾਏ ਅਤੇ ਕਾਂਗਰਸੀ ਵਰਕਰਾਂ ਨਾਲ ਧੱਕਾ-ਮੁੱਕੀ ਕੀਤੀ, ਜਿਨਾਂ ’ਚ ਔਰਤਾਂ ਵੀ ਸ਼ਾਮਲ ਹਨ। ਅਸੀਂ ਇਸ ਸਾਰੇ ਮਾਮਲੇ ਦੀ ਅਤੇ ਰੂਪਨਗਰ ਪੁਲਸ ਦੀ ਜ਼ੋਰਦਾਰ ਸ਼ਬਦਾਂ ’ਚ ਨਿੰਦਾ ਕਰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਅਲਕਾ ਲਾਂਬਾ ਨਾਲ ਹਰ ਸਮੇਂ ਤਿਆਰ ਖੜੀ ਹੈ। ਉਨ੍ਹਾਂ ਭਗਵੰਤ ਮਾਨ ਨੂੰ ਕਿਹਾ ਕਿ ਉਹ ਕੇਜਰੀਵਾਲ ਨੂੰ ਖੁਸ਼ ਕਰਨ ਲਈ ਕੰਮ ਨਾ ਕਰਨ ਸਗੋਂ ਪੰਜਾਬ ਦੇ ਹਿੱਤਾਂ ਦੀ ਰੱਖਿਆ ਕਰਨ। ਰਾਜਾ ਵੜਿੰਗ ਨੇ ਦੋਸ਼ ਲਗਾਇਆ ਕਿ ਰੂਪਨਗਰ ਪੁਲਸ ਦੇ 25 ਜਵਾਨ ਦਿੱਲੀ ’ਚ ਅਲਕਾ ਲਾਂਬਾ ਘਰ ਗਏ ਜਿਵੇਂ ਕਿ ਕਿਸੇ ਅੱਤਵਾਦੀ ਨੂੰ ਫੜਨਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਰੂਪਨਗਰ ਪੁਲਸ ਨੇ ਜਿਸ ਢੰਗ ਨਾਲ ਅਲਕਾ ਲਾਂਬਾ ਨੂੰ ਸੰਮਨ ਭੇਜੇ ਹਨ ਉਹ ਕੇਵਲ ਉਸਨੂੰ ਦਿੱਲੀ ਦੇ ਲੋਕਾਂ ’ਚ ਜਲੀਲ ਕਰਨ ਲਈ ਭੇਜੇ ਗਏ ਹਨ ਜਿਸ ਦੀ ਕੋਈ ਜ਼ਰੂਰਤ ਨਹੀ ਸੀ।

ਜਦੋਂ ਰੂਪਨਗਰ ਪੁਲਸ ਕੋਲ ਕੇਸ ਦੀ ਫਾਇਲ ਹੀ ਨਹੀਂ ਫਿਰ ਅਲਕਾ ਲਾਂਬਾ ਨੂੰ ਬੁਲਾਉਣ ਦੀ ਕੀ ਲੋੜ ਸੀ: ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਉੱਪ ਮੰਤਰੀ ਪੰਜਾਬ ਨੇ ਕਿਹਾ ਕਿ ਜਦੋਂ ਰੂਪਨਗਰ ਪੁਲਸ ਕੋਲ ਇਸ ਕੇਸ ਦੀ ਫਾਇਲ ਹੀ ਨਹੀਂ ਸੀ, ਜੋਕਿ ਹਾਈਕੋਰਟ ’ਚ ਭੇਜੀ ਦੱਸੀ ਗਈ ਹੈ ਤਾਂ ਫਿਰ ਅਲਕਾ ਲਾਂਬਾ ਨੂੰ ਅੱਜ ਬੁਲਾਉਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਪਹਿਲਾਂ ਹੀ ਅਲਕਾ ਲਾਂਬਾ ਨੂੰ ਦੱਸ ਦੇਣਾ ਚਾਹੀਦਾ ਸੀ ਕਿ ਮਾਮਲਾ ਹਾਈਕੋਰਟ ’ਚ ਪੈਂਡਿੰਗ ਪਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਜਾਣ-ਬੁੱਝ ਕੇ ਅਲਕਾ ਲਾਂਬਾ ਨੂੰ ਪ੍ਰੇਸ਼ਾਨ ਕਰਨ ਲਈ ਸਾਰੀ ਸਾਜਿਸ਼ ਰਚੀ ਹੈ ਅਤੇ ਕਾਂਗਰਸੀ ਨੇਤਾਵਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਇਥੇ ਪੁਲਸ ਸਾਰੇ ਮਾਮਲੇ ਨੂੰ ਨਜਿੱਠਣ ਲਈ ਪੂਰੀ ਤਰ੍ਹਾਂ ਫੇਲ ਹੋਈ ਹੈ ਅਤੇ ਕਾਂਗਰਸੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਜੋ ਕਿ ਨਿੰਦਣਯੋਗ ਹੈ।

ਕੇਜਰੀਵਾਲ ਦਿੱਲੀ ’ਚ ਮਾਮਲਾ ਦਰਜ ਕਰਵਾਉਣ ’ਚ ਫੇਲ ਹੋਏ : ਬਾਜਵਾ
ਪ੍ਰਤਾਪ ਸਿੰਘ ਬਾਜਵਾ ਜੋਕਿ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਨ ਨੇ ਕਿਹਾ ਕਿ ਅਲਕਾ ਲਾਂਬਾ ਵਿਰੁੱਧ ਜੋ ਝੂਠਾ ਮਾਮਲਾ ਦਰਜ ਕੀਤਾ ਗਿਆ ਹੈ ਉਸ ’ਚ ਸੋਚੀ-ਸਮਝੀ ਸਾਜਿਸ਼ ਅਧੀਨ ਦਰਜ ਕੀਤਾ ਗਿਆ ਹੈ ਤਾਂ ਜੋ ਇਕ ਔਰਤ ਨੂੰ ਪੰਜਾਬ ’ਚ ਲਿਆ ਕੇ ਜਲੀਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦਿੱਲੀ ’ਚ ਮਾਮਲਾ ਦਰਜ ਕਰਵਾਉਣ ’ਚ ਫੇਲ ਹੋਏ ਹਨ ਅਤੇ ਪੰਜਾਬ ਪੁਲਸ ਦੀ ਮਦਦ ਨਾਲ ਝੂਠਾ ਮਾਮਲਾ ਦਰਜ ਕਰਵਾਇਆ ਹੈ ਜੋ ਕਿ ਬਿੱਲਕੁਲ ਗਲਤ ਹੈ।

ਪੁਲਸ ਕਾਂਗਰਸੀ ਵਰਕਰਾਂ ਨੂੰ ਕੰਟਰੋਲ ਕਰਨ ’ਚ ਬੁਰੀ ਤਰ੍ਹਾਂ ਫੇਲ ਹੋਈ, ਐੱਸ. ਐੱਸ. ਪੀ. ਦਫ਼ਤਰ ਦੇ ਸੀਸ਼ੇ ਟੁੱਟੇ
ਅੱਜ ਐੱਸ. ਐੱਸ. ਪੀ. ਦਫ਼ਤਰ ਦੇ ਬਾਹਰ ਵੱਡੀ ਗਿਣਤੀ ’ਚ ਕਾਂਗਰਸੀ ਨੇਤਾ ਅਤੇ ਵਰਕਰ ਰੋਸ ਧਰਨੇ ’ਚ ਸ਼ਾਮਲ ਹਨ । ਪੁਲਸ ਨੇ ਦਫ਼ਤਰ ਦੇ ਮੁੱਖ ਗੇਟ ਬੰਦ ਕੀਤੇ ਹੋਏ ਸਨ ਕਾਂਗਰਸੀ ਵਰਕਰ ਗੇਟ ਉੱਤੋ ਟੱਪਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਜਬਰਦਸਤ ਨਾਅਰੇਬਾਜ਼ੀ ਹੋ ਰਹੀ ਸੀ। ਜਿਸ ਮਗਰੋਂ ਇਕ ਅਧਿਕਾਰੀ ਦੇ ਇਸ਼ਾਰੇ ’ਤੇ ਮੁੱਖ ਗੇਟ ਖੋਲ੍ਹੇ ਗਏ ਜਿਸ ਮਗਰੋਂ ਭਾਰੀ ਗਿਣਤੀ ’ਚ ਕਾਂਗਰਸੀ ਵਰਕਰ ਬੈਰੀਗੇਟ ਹਟਾ ਕੇ ਐੱਸ.ਐੱਸ.ਪੀ. ਦਫਤਰ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਜਿਸ ਦੌਰਾਨ ਐੱਸ. ਐੱਸ. ਪੀ. ਦਫ਼ਤਰ ਦੇ ਸ਼ੀਸ਼ੇ ਨਾਲ ਭੰਨ ਤੋੜ ਕੀਤੀ ਗਈ ਅਤੇ ਸਰਕਾਰੀ ਪ੍ਰਾਪਰਟੀ ਦਾ ਨੁਕਸਾਨ ਹੋਇਆ। ਪੁਲਸ ਕਾਂਗਰਸੀ ਵਰਕਰਾਂ ਨੂੰ ਕੰਟਰੋਲ ਕਰਨ ’ਚ ਬੁਰੀ ਤਰ੍ਹਾਂ ਫੇਲ ਹੋਈ। ਇਥੇ ਹੀ ਬੱਸ ਨਹੀ ਪੁਲਸ ਨੇ ਮਿਨੀ ਸਕੱਤਰੇਤ ਨੂੰ ਆਉਣ ਵਾਲੀਆਂ ਸਾਰੀਆਂ ਸਡ਼ਕਾਂ ਰੋਕ ਦਿੱਤੀਆਂ ਜਿਸ ਨਾਲ ਆਮ ਲੋਕ ਵੀ ਮਿਨੀ ਸਕੱਤਰੇਤ ਰੋਜ਼ਾਨਾ ਕੰਮ ਲਈ ਨਹੀ ਆਉਣ ਦਿੱਤਾ ਗਿਆ ਅਤੇ ਆਮ ਲੋਕਾਂ ਨੂੰ ਇਸ ਕਾਰਨ ਪ੍ਰੇਸ਼ਾਨ ਹੋਣਾ ਪਿਆ।

ਇਹ ਹੈ ਮਾਮਲਾ 
ਰੋਪੜ ਥਾਣਾ ਸਦਰ ’ਚ ਆਮ ਆਦਮੀ ਪਾਰਟੀ ਦੇ ਨੇਤਾ ਨੇ ਕੇਸ ਦਰਜ ਕਰਵਾਇਆ ਕਿ ਉਹ ਸਮਰਥਕਾਂ ਦੇ ਨਾਲ ਜਦੋਂ ਲੋਕਾਂ ਦੀਆਂ ਸ਼ਿਕਾਇਤਾਂ ਦਾ ਹੱਲ ਕੱਢਣ ਜਾ ਰਹੇ ਸਨ ਤਾਂ ਕੁਝ ਨਕਾਬਪੋਸ਼ ਲੋਕਾਂ ਨੇ ਘੇਰ ਕੇ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ। ‘ਆਪ’ ਨੇਤਾ ਦਾ ਦਾਅਵਾ ਹੈ ਕਿ ਇਹ ਸਭ ਕੁਝ ਉਦੋਂ ਹੋਇਆ ਜਦੋਂ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਨੇ ਕੇਜਰੀਵਾਲ ਦੇ ਵੱਖਵਾਦੀਆਂ ਦੇ ਨਾਲ ਸੰਬੰਧ ਹੋਣ ਦੇ ਦੋਸ਼ ਲਗਾਏ। ਜ਼ਿਕਰਯੋਗ ਹੈ ਕਿ ਰੋਪੜ ਪੁਲਸ ਨੇ ਆਮ ਆਦਮੀ ਪਾਰਟੀ ਦੇ ਨੇਤਾ ਨਰਿੰਦਰ ਦੀ ਸ਼ਿਕਾਇਤ ਦੇ ਆਧਾਰ ’ਤੇ ਕਵਿ ਕੁਮਾਰ ਵਿਸ਼ਵਾਸ ’ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ 12 ਅਪ੍ਰੈਲ ਨੂੰ ਮਾਮਲਾ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਜਲੰਧਰ 'ਚ ਨਾਬਾਲਗ ਕੁੜੀ ਨਾਲ ਗੈਂਗਰੇਪ, ਭੂਆ ਤੇ ਚਾਚੇ ਨੇ ਸਾਜਿਸ਼ ਰਚ ਦਿੱਤਾ ਵਾਰਦਾਤ ਨੂੰ ਅੰਜਾਮ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News