ਮੈਡੀਕਲ ਸਟੋਰ ਦੀ ਆੜ ''ਚ ਸ਼ਰਾਬ ਤੇ ਡਰੱਗ ਦਾ ਕਾਰੋਬਾਰ ਕਰਨ ਵਾਲਾ ਕਾਬੂ

09/09/2017 7:57:18 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਕੈਮਿਸਟ ਦੀ ਦੁਕਾਨ ਦੀ ਆੜ ਵਿਚ ਸ਼ਰਾਬ ਅਤੇ ਡਰੱਗ ਦਾ ਕਾਰੋਬਾਰ ਕਰਨ ਵਾਲੇ ਇਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਤੋਂ ਭਾਰੀ ਮਾਤਰਾ 'ਚ ਸ਼ਰਾਬ ਅਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। 
ਜਾਣਕਾਰੀ ਅਨੁਸਾਰ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਨੇ ਪੁਲਸ ਟੀਮ ਦੇ ਨਾਲ ਸੁਭਾਨਪੁਰ ਮਾਰਗ 'ਤੇ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਇਕ ਮੁਖਬਰ ਖਾਸ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਪਿੰਡ ਬੂਟਾ 'ਚ ਕੈਮਿਸਟ ਦੀ ਦੁਕਾਨ ਕਰਨ ਵਾਲਾ ਸੁਲਖਨ ਸਿੰਘ ਪੁੱਤਰ ਦਾਰੀ ਰਾਮ ਨਿਵਾਸੀ ਪਿੰਡ ਰੂਪਨਪੁਰ ਕੈਮਿਸਟ ਦੁਕਾਨ ਦੀ ਆੜ ਵਿਚ ਵੱਡੇ ਪੱਧਰ 'ਤੇ ਸ਼ਰਾਬ ਅਤੇ ਡਰੱਗ ਵੇਚਣ ਦਾ ਕਾਰੋਬਾਰ ਕਰਦਾ ਹੈ, ਜਿਸਦੇ ਆਧਾਰ 'ਤੇ ਪੁਲਸ ਟੀਮ ਨੇ ਮੁਲਜ਼ਮ ਦੀ ਦੁਕਾਨ 'ਤੇ ਜਦੋਂ ਛਾਪਾਮਾਰੀ ਕੀਤੀ ਤਾਂ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ 40 ਬੋਤਲ ਫਸਟ ਚੁਆਇਸ ਅਤੇ 22 ਬੋਤਲਾਂ ਮੈਕਡਾਵਲ ਨਿਸ਼ਾਨ ਸ਼ਰਾਬ ਸਮੇਤ 195 ਨਸ਼ੀਲੇ ਕੈਪਸੂਲ ਤੇ 50 ਨਸ਼ੀਲੀ ਗੋਲੀਆਂ ਬਰਾਮਦ ਕੀਤੀਆਂ। ਗ੍ਰਿਫਤਾਰ ਮੁਲਜ਼ਮ ਸੁਲਖਨ ਸਿੰਘ ਤੋਂ ਜਦੋਂ ਪੁਲਸ ਟੀਮ ਨੇ ਪੁੱਛਗਿਛ ਕੀਤੀ ਤਾਂ ਉਸ ਨੇ ਮੰਨਿਆ ਕਿ ਉਹ ਲੰਬੇ ਸਮੇਂ ਤੋਂ ਡਰੱਗ ਅਤੇ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ। ਦੱਸਿਆ ਜਾਂਦਾ ਹੈ ਕਿ ਮੁਲਜ਼ਮ ਨੇ ਪੁੱਛਗਿਛ ਦੇ ਦੌਰਾਨ ਕਈ ਅਹਿਮ ਖੁਲਾਸੇ ਕੀਤੇ, ਜਿਸਦੇ ਦੌਰਾਨ ਕਈ ਹੋਰ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਹਨ।  


Related News