ਆਰ. ਸੀ. ਐੱਫ. ਖੇਤਰ ''ਚ ਚੱਲ ਰਿਹੈ ਨਾਜਾਇਜ਼ ਤੌਰ ''ਤੇ ਸ਼ਰਾਬ ਪਿਲਾਉਣ ਦਾ ਦੌਰ

05/04/2018 4:07:56 AM

ਕਪੂਰਥਲਾ, (ਗੌਰਵ)- ਸੜਕ ਹਾਦਸਿਆਂ ਦੀ ਨਜ਼ਰ ਨਾਲ ਸੂਬੇ 'ਚ ਸਭ ਤੋਂ ਸੰਵੇਦਨਸ਼ੀਲ ਮਾਰਗਾਂ 'ਚ ਸ਼ੁਮਾਰ ਹੋਣ ਵਾਲੇ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਪੈਂਦੇ ਆਰ. ਸੀ. ਐੱਫ. ਖੇਤਰ 'ਚ ਕਈ ਢਾਬਾ ਮਾਲਕਾਂ ਵੱਲੋਂ ਸਰਕਾਰੀ ਨਿਯਮਾਂ ਦੀ ਪਰਵਾਹ ਨਾ ਕਰਦੇ ਹੋਏ ਜਿਥੇ ਲੰਬੇ ਸਮੇਂ ਤੋਂ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਉਥੇ ਹੀ ਸਬੰਧਤ ਆਬਕਾਰੀ ਵਿਭਾਗ ਵੱਲੋਂ ਇਸ ਦਿਸ਼ਾ 'ਚ ਕੋਈ ਚੈਕਿੰਗ ਨਾ ਕਰਨ ਕਾਰਨ ਇਸ ਹਾਈਵੇ 'ਤੇ ਸੜਕ ਹਾਦਸਿਆਂ 'ਚ ਲਗਾਤਾਰ ਵਾਧਾ ਵੇਖਣ ਨੂੰ ਮਿਲਿਆ ਹੈ। 
ਜ਼ਿਕਰਯੋਗ ਹੈ ਕਿ ਕਪੂਰਥਲਾ ਸੁਲਤਾਨਪੁਰ ਲੋਧੀ ਮਾਰਗ 'ਤੇ ਪਿਛਲੇ ਇਕ ਦਹਾਕੇ ਤੋਂ ਲਗਾਤਾਰ ਹੋ ਰਹੇ ਸੜਕ ਹਾਦਸਿਆਂ ਕਾਰਨ ਕਰੀਬ 150 ਵਿਅਕਤੀ ਆਪਣੀ ਜਾਨ ਗਵਾ ਚੁੱਕੇ ਹਨ, ਜਿਨ੍ਹਾਂ 'ਚ ਜ਼ਿਆਦਾਤਰ ਸੜਕ ਹਾਦਸੇ ਇਸ ਹਾਈਵੇ ਦੇ ਕਰੀਬ 28 ਕਿਲੋਮੀਟਰ ਖੇਤਰ 'ਚ ਵੇਖਣ ਨੂੰ ਮਿਲੇ ਹਨ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ ਇਸ ਮਾਰਗ 'ਤੇ ਪੈਂਦੇ ਢਾਬਾ ਮਾਲਕਾਂ ਨੂੰ ਸ਼ਰਾਬ ਪਿਲਾਉਣ ਤੋਂ ਰੋਕਣ ਲਈ ਕਈ ਵਾਰ ਹੁਕਮ ਜਾਰੀ ਕੀਤੇ ਹਨ ਤਾਂ ਕਿ ਸ਼ਰਾਬ ਦੇ ਨਸ਼ੇ 'ਚ ਕੋਈ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਨਾ ਬਣ ਜਾਵੇ ਪਰ ਇਸ ਦੇ ਬਾਵਜੂਦ ਵੀ ਇਸ ਪੂਰੇ ਹਾਈਵੇ 'ਚ ਪੈਂਦੇ ਕਈ ਢਾਬਾ ਮਾਲਕ ਸਰਕਾਰੀ ਹੁਕਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਬਗੈਰ ਲਾਇਸੈਂਸ ਤੋਂ ਲੋਕਾਂ ਨੂੰ ਸ਼ਰਾਬ ਪਿਲਾਉਣ ਦਾ ਕਾਰੋਬਾਰ ਚਲਾ ਰਹੇ ਹਨ, ਜਿਸ ਨਾਲ ਜਿਥੇ ਕਈ ਵੱਡੇ ਸੜਕੀ ਹਾਦਸੇ ਹੋਣ ਦਾ ਡਰ ਬਣ ਗਿਆ ਹੈ, ਉਥੇ ਹੀ ਸਰਕਾਰ ਨੂੰ ਵੀ ਆਬਕਾਰੀ ਫੀਸ ਦਾ ਵੱਡਾ ਨੁਕਸਾਨ ਵੇਖਣ ਨੂੰ ਮਿਲ ਰਿਹਾ ਹੈ। ਹੁਣ ਵੇਖਣਾ ਇਹ ਹੈ ਕਿ ਆਬਕਾਰੀ ਵਿਭਾਗ ਕਦੋਂ ਇਸ ਹਾਈਵੇ 'ਤੇ ਨਾਜਾਇਜ਼ ਤੌਰ 'ਤੇ ਸ਼ਰਾਬ ਪਿਲਾਉਣ ਦੇ ਦੌਰ ਨੂੰ ਬੰਦ ਕਰਦਾ ਹੈ।


Related News