ਸ਼ਰਾਬ ਦੇ ਕਾਰੋਬਾਰ ''ਤੇ ਦੀਪਾ ਮਲਹੋਤਰਾ, ਲਕਸ਼ੈ ਬਿਲਟੈਕਸ, ਚੰਨੀ ਬਜਾਜ ਤੇ ਐੱਨ. ਕੇ. ਦਾ ਕਬਜ਼ਾ

Tuesday, Mar 27, 2018 - 04:46 AM (IST)

ਸ਼ਰਾਬ ਦੇ ਕਾਰੋਬਾਰ ''ਤੇ ਦੀਪਾ ਮਲਹੋਤਰਾ, ਲਕਸ਼ੈ ਬਿਲਟੈਕਸ, ਚੰਨੀ ਬਜਾਜ ਤੇ ਐੱਨ. ਕੇ. ਦਾ ਕਬਜ਼ਾ

ਲੁਧਿਆਣਾ(ਸੇਠੀ)-ਲੁਧਿਆਣਾ 'ਚ ਸ਼ਰਾਬ ਦੇ ਨਵੇਂ ਕਿੰਗ ਪਿੰਨ ਦੀਪ ਮਲਹੋਤਰਾ-23, ਲਕਸ਼ੈ ਬਿਲਟੈਕਸ ਪ੍ਰਾਈਵੇਟ ਲਿਮ.-18, ਐੱਨ. ਕੇ. ਤੇ ਵਰਿੰਦਰ ਸ਼ਰਮਾ-10, ਚੰਨੀ ਬਜਾਜ-17 ਗਰੁੱਪ ਲੈ ਕੇ ਬਣੇ ਜਦੋਂ ਕਿ ਰਾਇਲ ਪੰਜਾਬ ਵਾਈਨ-5 ਰਾਜਸਥਾਨ ਗਰੁੱਪ-6, ਸਿੰਡੀਕੇਟ-5, ਅਰਵਿੰਦ ਸਿੰਗਲਾ-3 ਤੇ ਬਾਕੀ ਨਵੇਂ ਚਿਹਰਿਆਂ ਦੇ ਸਿੰਗਲ ਗਰੁੱਪ ਨਿਕਲੇ ਜਦੋਂ ਕਿ ਪਿਛਲੇ ਸਾਲ ਦਾ ਸਿੰਡੀਕੇਟ ਇਸ ਵਾਰ ਇਸ ਰੇਸ ਵਿਚ ਬਹੁਤ ਪਿੱਛੇ ਰਹਿ ਗਿਆ ਹੈ। ਮਹਾਨਗਰ 'ਚ 98 ਕਾਰਪੋਰੇਸ਼ਨ ਤੇ 52 ਪੇਂਡੂ ਖੇਤਰ ਦੇ ਸ਼ਰਾਬ ਦੇ ਠੇਕਿਆਂ ਦਾ ਡ੍ਰਾਅ ਸੋਮਵਾਰ ਨੂੰ ਹਰਸ਼ਿਲਾ ਰਿਜ਼ੋਰਟ ਵਿਚ ਕੱਢਿਆ ਗਿਆ। ਸਾਲ 2018-19 ਲਈ ਇਹ ਡ੍ਰਾਅ ਇਸ ਲਈ ਮਹੱਤਵ ਰੱਖਦਾ ਹੈ, ਕਿਉਂਕਿ ਸਰਕਾਰ ਨੇ ਇਸ ਵਾਰ ਆਬਕਾਰੀ ਪਾਲਿਸੀ ਵਿਚ ਠੇਕੇਦਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਵਿਭਾਗ ਨੇ ਪਰਚੀ ਫੀਸ 70 ਹਜ਼ਾਰ ਦੀ ਬਜਾਏ 18 ਹਜ਼ਾਰ ਕਰ ਦਿੱਤੀ। ਕੋਟਾ ਅੰਗਰੇਜ਼ੀ ਤੇ ਦੇਸੀ ਦਾ 32 ਫੀਸਦੀ, ਜਦੋਂ ਕਿ ਬੀਅਰ ਦਾ 20 ਫੀਸਦੀ ਘੱਟ ਕੀਤਾ ਹੈ। ਨਵੇਂ ਠੇਕੇਦਾਰਾਂ ਨੇ ਇਸ ਵਾਰ ਇਸ ਕਾਰੋਬਾਰ ਵਿਚ ਇਸ ਲਈ ਦੋਬਾਰਾ ਆਉਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਗਰੁੱਪ ਫੀਸ ਵੀ 3 ਤੋਂ 6.25 ਕਰੋੜ ਰੁਪਏ ਰੱਖੀ ਗਈ ਹੈ। ਸਰਕਾਰ ਨੇ ਇਸ ਵਾਰ ਰੈਵੀਨਿਊ ਟੀਚਾ 827 ਕਰੋੜ ਰੱਖਿਆ ਹੈ, ਜਿਸ ਵਿਚੋਂ 592 ਕਰੋੜ ਰੁਪਏ ਕਾਰਪੋਰੇਸ਼ਨ ਜਦ ਕਿ 235 ਕਰੋੜ ਰੁਪਏ ਪੇਂਡੂ ਖੇਤਰ ਤੋਂ ਆਉਣ ਦੀ ਸੰਭਾਵਨਾ ਹੈ ਜਦੋਂ ਕਿ ਲੁਧਿਆਣਾ ਜ਼ਿਲੇ ਤੋਂ ਵਿਭਾਗ ਨੂੰ ਸਾਲ 2017-18 ਵਿਚ ਕੇਵਲ 755 ਕਰੋੜ ਰੁਪਏ ਦਾ ਰੈਵੀਨਿਊ ਹੀ ਆਇਆ ਹੈ, ਕਿਉਂਕਿ ਸਿੰਡੀਕੇਟ ਨੇ ਲੁਧਿਆਣਾ ਜ਼ਿਲੇ ਦੇ ਸਾਰੇ ਠੇਕੇ ਟੈਂਡਰ ਰਾਹੀਂ ਖਰੀਦੇ ਸਨ। ਸਪੱਸ਼ਟ ਹੈ ਕਿ ਵਿਭਾਗ ਇਸ ਵਾਰ ਲੁਧਿਆਣਾ ਤੋਂ ਹੀ 72 ਕਰੋੜ ਰੁਪਏ ਦਾ ਵੱਧ ਰੈਵੀਨਿਊ ਪ੍ਰਾਪਤ ਕਰੇਗਾ। ਪੂਰੇ ਜ਼ਿਲੇ ਵਿਚ 670 ਦੇ ਲਗਭਗ ਠੇਕੇ ਹਨ, ਜਿਨ੍ਹਾਂ 'ਚੋਂ 325 ਕਾਰਪੋਰੇਸ਼ਨ ਦੇ ਹਿੱਸੇ ਵਿਚ ਆਉਣਗੇ। ਇਸ ਵਾਰ ਠੇਕੇਦਾਰਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਕਿਉਂਕਿ ਪੁਰਾਣੇ ਧੁਰਾਂਤਰ ਠੇਕੇਦਾਰਾਂ ਤੋਂ ਇਲਾਵਾ ਇਸ ਵਾਰ ਨਵੇਂ ਚਿਹਰੇ ਵੀ ਸਾਹਮਣੇ ਆਏ ਹਨ ਕਿਉਂਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਕੋਟਾ ਘੱਟ ਹੋਣ ਨਾਲ ਆਉਣ ਵਾਲੇ ਸਾਲ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਨਹੀਂ ਹੋ ਸਕੇਗੀ, ਜਿਸ ਨਾਲ ਉਨ੍ਹਾਂ ਦੇ ਪ੍ਰੋਫਿਟ 'ਚ ਇਸ ਵਾਰ ਵਾਧਾ ਜ਼ਰੂਰ ਹੋਵੇਗਾ। ਵਿਭਾਗ ਨੂੰ ਇਸ ਵਾਰ ਬਿਨੈਕਾਰਾਂ ਵੱਲੋਂ ਪਾਈਆਂ ਗਈਆਂ ਪਰਚੀਆਂ 7500 ਸਨ, ਜਿਨ੍ਹਾਂ ਤੋਂ ਵਿਭਾਗ ਨੂੰ 16 ਕਰੋੜ ਦਾ ਰੈਵੀਨਿਊ ਵੀ ਮਿਲਿਆ ਹੈ। ਕਾਰਪੋਰੇਸ਼ਨ ਲਈ 5200 ਪਰਚੀਆਂ ਲਈ 98 ਗਰੁੱਪ ਦਾ ਡ੍ਰਾਅ ਵਿਭਾਗ ਲਈ ਦੇਰ ਸ਼ਾਮ ਸ਼ੁਰੂ ਕੀਤਾ ਅਤੇ ਸਫਲ ਬੋਲੀਦਾਤਾ ਨੂੰ 25 ਫੀਸਦੀ ਫਿਕਸ ਲਾਇਸੈਂਸ ਫੀਸ ਮੌਕੇ 'ਤੇ ਜਮ੍ਹਾ ਕਰਵਾਉਣੀ ਹੁੰਦੀ ਹੈ। ਚੁੱਕਣ 'ਤੇ ਉਸ ਸਫਲ ਠੇਕੇਦਾਰ ਦੀ ਪਰਚੀ ਕੈਂਸਲ ਕਰ ਦਿੱਤੀ ਜਾਂਦੀ ਹੈ। ਇਸ ਵਾਰ ਸ਼ਰਾਬ ਪੀਣ ਦੇ ਸ਼ੌਕੀਨਾਂ ਨੂੰ ਦਾਰੂ ਵਾਜ਼ਬ ਕੀਮਤ 'ਤੇ ਮਿਲੇਗੀ, ਕਿਉਂਕਿ ਵਿਭਾਗ ਇਸ ਵਾਰ ਠੇਕੇਦਾਰਾਂ 'ਤੇ ਤਿੱਖੀ ਨਜ਼ਰ ਰੱਖੇਗਾ ਉਥੇ ਪਾਲਿਸੀ ਅਨੁਸਾਰ ਠੇਕੇਦਾਰਾਂ ਨੂੰ ਬਿੱਲ ਦੇਣਾ ਵੀ ਜ਼ਰੂਰੀ ਕੀਤਾ ਗਿਆ ਹੈ ਜਿਸ ਦਾ ਰਿਕਾਰਡ ਵਿਭਾਗ ਕਦੀ ਵੀ ਚੈੱਕ ਕਰ ਸਕਦਾ ਹੈ ਜਦੋਂ ਕਿ ਪੇਂਡੂ ਇਲਾਕੇ ਦਾ ਡ੍ਰਾਅ ਦੇਰ ਰਾਤ ਤੱਕ ਚਲਦਾ ਰਿਹਾ।
ਤਿੰਨ ਕਿਸ਼ਤਾਂ 'ਚ ਜਮ੍ਹਾ ਕਰਵਾਉਣੀ ਹੋਵੇਗੀ ਲਾਇਸੈਂਸ ਫੀਸ ਸਫਲ ਬੋਲੀਦਾਤਾ ਨੂੰ
ਵਿਭਾਗ ਕੋਲ ਸਫਲ ਅਲਾਟੀ ਨੂੰ 3 ਕਿਸ਼ਤਾਂ 'ਚ ਕੁਲ ਲਾਇਸੈਂਸ ਫੀਸ ਜਮ੍ਹਾ ਕਰਵਾਉਣੀ ਹੋਵੇਗੀ 25 ਫੀਸਦੀ ਮੌਕੇ 'ਤੇ, 25 ਫੀਸਦੀ ਅਗਲੇ 48 ਘੰਟਿਆਂ ਵਿਚ ਅਤੇ 50 ਫੀਸਦੀ 31 ਮਾਰਚ 2018 ਤੱਕ ਜਮ੍ਹਾ ਕਰਵਾਉਣੀ ਹੋਵੇਗੀ। ਫੀਸ ਸਮੇਂ 'ਤੇ ਨਾ ਜਮ੍ਹਾ ਹੋਣ 'ਤੇ ਠੇਕੇਦਾਰ ਦਾ ਲਾਇਸਂੈਸ ਕੈਂਸਲ ਕੀਤਾ ਜਾ ਸਕਦਾ ਹੈ।
ਲੁਧਿਆਣਾ ਲਈ ਵਿਭਾਗ ਨੇ ਕੀ ਕੋਟਾ ਫਿਕਸ ਕੀਤਾ ਹੈ ਇਸ ਵਾਰ
ਆਬਕਾਰੀ ਵਿਭਾਗ ਵੱਲੋਂ ਜ਼ਿਲਾ ਲੁਧਿਆਣਾ ਲਈ ਜੋ ਕੋਟਾ ਫਿਕਸ ਕੀਤਾ ਹੈ, ਉਸ ਅਨੁਸਾਰ ਪੀ. ਐੱਮ. ਐੱਲ. 7175469 (ਪਰੂਫ ਲਿਟਰ), ਆਈ. ਐੱਮ. ਐੱਲ.  (ਪੀ. ਐੱਲ.) 4611778 ਰੱਖਿਆ ਗਿਆ ਹੈ ਜਦੋਂ ਕਿ ਬੀਅਰ ਲਈ 4482878 ਪੀ. ਐੱਲ. ਦਾ ਕੋਟਾ ਇਸ ਵਾਰ ਤੈਅ ਕੀਤਾ ਗਿਆ ਹੈ ਅਤੇ ਵਿਭਾਗ ਵੱਲੋਂ ਸਾਲ 2017-18 ਤੋਂ ਇਸ ਵਾਰ 32 ਫੀਸਦੀ ਅੰਗਰੇਜ਼ੀ ਅਤੇ ਦੇਸੀ, ਜਦੋਂ ਕਿ 20 ਫੀਸਦੀ ਬੀਅਰ ਦਾ ਕੋਟਾ ਘੱਟ ਕੀਤਾ ਹੈ। ਵਿਭਾਗ ਨੇ ਇਹ ਕਦਮ ਪੰਜਾਬ 'ਚ ਹੋਣ ਵਾਲੀ ਨਾਜਾਇਜ਼ ਸ਼ਰਾਬ ਦੀ ਸਮੱਗਲਿੰਗ 'ਤੇ ਪਾਬੰਦੀ ਲਾਉਣ ਲਈ ਚੁੱਕਿਆ ਹੈ।
ਹੋਰਨਾਂ ਰਾਜਾਂ ਦੇ ਠੇਕੇਦਾਰ ਵੀ ਇਸ ਡ੍ਰਾਅ 'ਚ ਨਜ਼ਰ ਆਏ
ਪਿਛਲੀ ਵਾਰ ਇਕ ਹੀ ਗਰੁੱਪ (ਡੋਡਾ ਗਰੁੱਪ) ਸਿੰਡੀਕੇਟ ਨੂੰ ਪੂਰੇ ਜ਼ਿਲੇ ਦੇ ਸਾਰੇ ਠੇਕੇ ਘੱਟ ਰੇਟ ਵਿਚ ਦੇਣੇ ਪਏ ਸਨ ਪਰ ਇਸ ਵਾਰ ਪੰਜਾਬ ਦੀ ਐਕਸਾਈਜ਼ ਪਾਲਿਸੀ ਉਤਸ਼ਾਹ ਭਰੀ ਹੋਣ ਕਾਰਨ ਰਾਜਸਥਾਨ, ਹਿਮਾਚਲ ਤੇ ਹਰਿਆਣਾ ਦੇ ਠੇਕੇਦਾਰਾਂ ਨੇ ਵੀ ਹਿੱਸਾ ਲਿਆ।
ਤੀਸਰੇ ਬੋਲੀਦਾਤਾ ਦੀ ਅਲਾਟਮੈਂਟ ਹੋਈ ਕੈਂਸਲ
ਵਿਭਾਗ ਵੱਲੋਂ ਬਣਾਈ ਗਈ ਪਾਲਿਸੀ ਅਨੁਸਾਰ ਹਰ ਸਫਲ ਬੋਲੀਦਾਤਾ ਨੂੰ ਡ੍ਰਾਅ ਨਿਕਲਣ 'ਤੇ 25 ਫੀਸਦੀ ਲਾਇਸੈਂਸ ਫੀਸ ਮੌਕੇ 'ਤੇ ਜਮ੍ਹਾ ਕਰਵਾਉਣੀ ਹੁੰਦੀ ਹੈ ਪਰ ਇਸ ਵਾਰ ਤੀਸਰੇ ਡ੍ਰਾਅ ਦੇ ਮੌਕੇ ਜਿਸ ਸਫਲ ਬੋਲੀਦਾਤਾ ਦਾ ਨਾਂ ਆਇਆ, ਉਹ ਮੌਕੇ 'ਤੇ ਲਾਇਸੈਂਸ ਫੀਸ ਨਹੀਂ ਜਮ੍ਹਾ ਕਰਵਾ ਸਕਿਆ ਜਿਸ ਕਾਰਨ ਵਿਭਾਗ ਨੇ ਉਸ ਦਾ ਡ੍ਰਾਅ ਕੈਂਸਲ ਕਰ ਕੇ ਅਗਲੇ ਉਮੀਦਵਾਰ ਦਾ ਨਾਂ ਐਲਾਨ ਕਰ ਦਿੱਤਾ।


Related News