ਪੰਜਾਬ ਦੇ 11 ਹਜ਼ਾਰ 849 ਪਿੰਡਾਂ ਲਈ ਖ਼ਤਰੇ ਦੀ ਘੰਟੀ, ਬਣੇ ਚਿੰਤਾਜਨਕ ਹਾਲਾਤ

Friday, Nov 17, 2023 - 06:18 PM (IST)

ਪੰਜਾਬ ਦੇ 11 ਹਜ਼ਾਰ 849 ਪਿੰਡਾਂ ਲਈ ਖ਼ਤਰੇ ਦੀ ਘੰਟੀ, ਬਣੇ ਚਿੰਤਾਜਨਕ ਹਾਲਾਤ

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) : 1980 ਵਿਚ ਸਮੁੱਚੇ ਪੰਜਾਬ ਦੇ 3712 ਪਿੰਡਾਂ ਵਿਚ ਪਾਣੀ ਦੀ ਘਾਟ ਸੀ ਅਤੇ 2007 ਵਿਚ ਇਨ੍ਹਾਂ ਪਿੰਡਾਂ ਦੀ ਗਿਣਤੀ ਵੱਧ ਕੇ 8515 ਹੋ ਗਈ। 1973 ਵਿਚ ਪੰਜਾਬ ਦਾ ਸਿਰਫ ਤਿੰਨ ਫ਼ੀਸਦੀ ਇਲਾਕਾ ਹੀ ਅਜਿਹਾ ਸੀ ਜਿੱਥੇ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਵੱਧ ਨੀਵਾਂ ਸੀ। 2004 ਵਿਚ ਪੰਜਾਬ ਦਾ 90 ਫ਼ੀਸਦੀ ਖੇਤਰ ਅਜਿਹਾ ਸੀ, ਜਿੱਥੇ ਜ਼ਮੀਨੀ ਪਾਣੀ ਦਾ ਪੱਧਰ ਤਿੰਨ ਮੀਟਰ ਤੋਂ ਕਿਤੇ ਜ਼ਿਆਦਾ ਨੀਵਾਂ ਚਲਿਆ ਗਿਆ। ਰਿਪੋਰਟਾਂ ਬੋਲਦੀਆਂ ਹਨ ਕਿ ਪੰਜਾਬ ਦੇ ਕੁੱਲ 12,423 ਪਿੰਡਾਂ ਵਿਚੋਂ 11,849 ਪਿੰਡਾਂ ਦਾ ਜ਼ਮੀਨੀ ਪਾਣੀ ਪੀਣ ਯੋਗ ਹੀ ਨਹੀਂ ਹੈ। ਪਾਣੀ ਦੀ ਕਿੱਲਤ ਤੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਸਮਝਦੇ ਹੋਏ ਜ਼ਰੂਰੀ ਹੈ ਕਿ ਸੰਜੀਦਗੀ ਨਾਲ ਕੋਈ ਗੱਲ ਕੀਤੀ ਜਾਵੇ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਕੀ ਕਰਨਾ ਚਾਹੀਦਾ ਹੈ। ਵਿਅਕਤੀਗਤ, ਸਮਾਜਕ ਤੇ ਸਰਕਾਰੀ ਪੱਧਰ ਉੱਪਰ ਮਿਲ-ਜੁਲ ਕੇ ਕੀਤੇ ਠੋਸ ਯਤਨ ਹੀ ਕੋਈ ਰੋਸ਼ਨੀ ਦੀ ਕਿਰਨ ਦਿਖਾ ਸਕਦੇ ਹਨ। ਇਸ ਲਈ ਕੁਝ ਕੁ ਨੁਕਤੇ ਹਨ ਜਿਵੇਂ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ, ਨਹਿਰੀ ਸਿੰਚਾਈ ਨੂੰ ਵਧਾਉਣਾ, ਵਰਖਾ ਦੇ ਪਾਣੀ ਦਾ ਸਦਉਪਯੋਗ ਕਰਨਾ, ਬਰਸਾਤੀ ਪਾਣੀ ਨੂੰ ਧਰਤੀ ਵਿਚ ਰੀਚਾਰਜ ਕਰਨਾ, ਵਰਖਾ ਦੇ ਪਾਣੀ ਨੂੰ ਭੰਡਾਰਨ ਕਰਨਾ, ਘੱਟ ਪਾਣੀ ਮੰਗਣ ਵਾਲੀਆਂ ਫ਼ਸਲਾਂ ਦੀ ਕਾਸ਼ਤ ਨੂੰ ਉਤਸ਼ਾਹਤ ਕਰਨਾ, ਪਾਣੀ ਬਚਾਉਣ ਲਈ ਤੁਪਕਾ ਸਿੰਚਾਈ ਵਰਗੀਆਂ ਆਧੁਨਿਕ ਤਕਨੀਕਾਂ ਨੂੰ ਹੱਲਾਸ਼ੇਰੀ ਦੇਣਾ ਆਦਿ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਵਨ ਟਾਈਮ ਸੈਟਲਮੈਂਟ ਸਕੀਮ ਦਾ ਐਲਾਨ, ਜਾਣੋਂ ਕਿਨ੍ਹਾਂ ਲੋਕਾਂ ਨੂੰ ਹੋਵੇਗਾ ਫਾਇਦਾ

ਕਈ ਕਾਰਨ ਹਨ

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਵਿਸ਼ਵ ਪੱਧਰ ਉਪਰ ਪੈਦਾ ਹੋ ਰਹੀ ਪਾਣੀ ਦੀ ਕਿੱਲਤ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹਨ, ਜਿਵੇਂ ਜੰਗਲਾਂ ਦੀ ਕਟਾਈ, ਬਰਸਾਤ ਦੀ ਸਾਲਾਨਾ ਦਰ ਦਾ ਘਟਣਾ, ਵਿਸ਼ਵ ਵਿਆਪੀ ਤਪਸ਼ ਦਾ ਵਧਣਾ, ਜਲਵਾਯੂ ਦੀ ਤਬਦੀਲੀ ਅਤੇ ਦਰਿਆਈ ਪਾਣੀਆਂ ਦਾ ਘਟਣਾ ਪਰ ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਲਈ ਉਪਰੋਕਤ ਸਾਰੇ ਪਹਿਲੂਆਂ ’ਤੇ ਵਿਚਾਰ ਕਰਨੀ ਅਤਿਅੰਤ ਲਾਜ਼ਮੀ ਹੈ। ਸਮੁੱਚੇ ਸੰਸਾਰ ਵਿਚ ਘਟ ਰਹੇ ਪਾਣੀ ਦੇ ਸੋਮਿਆਂ ਅਤੇ ਨੀਵੇਂ ਹੋ ਰਹੇ ਜ਼ਮੀਨੀ ਪਾਣੀ ਦੇ ਪੱਧਰ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰ ਰਹੀ ਹੈ। ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵੀ ਇਸ ਕਰੋਪੀ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਜੇਕਰ ਪਿਛਲੇਂ ਕੁਝ ਸਾਲਾਂ ਦੌਰਾਨ ਇਸ ਸਮੱਸਿਆ ਦੇ ਪ੍ਰਕੋਪ ਵੱਲ ਨਜ਼ਰ ਮਾਰੀਏ ਤਾਂ ਅੰਕੜੇ ਬੜੇ ਹੀ ਡਰਾਉਣੇ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਨੂੰ ਇਕ ਹੋਰ ਤੋਹਫ਼ਾ, ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ ਹੋਇਆ ਇਹ ਵੱਡਾ ਐਲਾਨ

ਝੋਨੇ ਦੀ ਬਿਜਾਈ ਧੜੱਲੇ ਨਾਲ ਹੋਣ ਲੱਗੀ

ਕਿਸੇ ਸਮੇਂ ਹਰੇ-ਭਰੇ ਤੇ ਲਹਿਲਹਾਉਂਦੇ ਖੇਤਾਂ ਵਾਲੀ ਪੰਜ ਦਰਿਆਵਾਂ ਦੀ ਧਰਤੀ ਦਾ ਭਵਿੱਖ ਰਸਾਇਣੀ ਜ਼ਹਿਰਾਂ ਦੇ ਪ੍ਰਕੋਪ ਤੋਂ ਇਲਾਵਾ ਕੁਝ ਵੀ ਨਹੀਂ ਰਹਿ ਗਿਆ। ਦੇਸ਼ ਦੀ ਵੰਡ ਦੌਰਾਨ ਦੋ ਦਰਿਆ ਖੋ ਚੁੱਕੇ ਇਸ ਖੇਤਰ ਕੋਲ ਬਚੇ ਤਿੰਨ ਦਰਿਆ ਵੀ ਹੁਣ ਕਿਸੇ ਸੁੱਕੇ ਨਾਲੇ ਦੀ ਸ਼ਕਲ ਵਿਚ ਬਦਲ ਚੁੱਕੇ ਹਨ। ਪੰਜਾਬ ਵਿਚਲੀ ਪਾਣੀ ਦੀ ਸਮੱਸਿਆ ਦਾ ਇਤਿਹਾਸ ਕੋਈ ਬਹੁਤਾ ਪੁਰਾਣਾ ਨਹੀਂ ਹੈ।

ਇਹ ਜ਼ਿਲ੍ਹੇ ਹੋਏ ਪ੍ਰਭਾਵਿਤ

ਸਮੁੱਚੇ ਭਾਰਤ ਦੇ ਕੁੱਲ ਰਕਬੇ ਦਾ ਤਕਰੀਬਨ ਡੇਢ ਫ਼ੀਸਦੀ ਖੇਤਰਫਲ ਹੋਣ ਦੇ ਬਾਵਜੂਦ ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਅਨਾਜ ਦੇ ਉਤਪਾਦਨ ਵਿਚ ਕ੍ਰਾਂਤੀ ਲਿਆ ਦਿੱਤੀ। ਇਹ ਇਕ ਅਜਿਹਾ ਵਾਧਾ ਸੀ ਜਿਸ ਨੇ ਪੰਜਾਬ ਦੇ ਭਵਿੱਖ ਨੂੰ ਤਬਾਹ ਕਰਕੇ ਰੱਖ ਦਿੱਤਾ। ਪੰਜਾਬ ਦੇ ਕੁਝ ਜ਼ਿਲ੍ਹੇ ਜਿਵੇਂ ਬਰਨਾਲਾ, ਸੰਗਰੂਰ, ਪਟਿਆਲਾ, ਮੋਗਾ, ਲੁਧਿਆਣਾ, ਫਤਹਿਗੜ੍ਹ ਸਾਹਿਬ ਅਤੇ ਅੰਮ੍ਰਿਤਸਰ ਜ਼ਮੀਨੀ ਪਾਣੀ ਦੇ ਪੱਧਰ ਦੇ ਹੇਠਾਂ ਡਿੱਗਣ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਏ ਹਨ। ਇਸ ਦੇ ਨਾਲ ਹੀ ਸ੍ਰੀ ਮੁਕਤਸਰ ਸਾਹਿਬ ਵਰਗੇ ਜ਼ਿਲ੍ਹਿਆਂ ਵਿਚ ਪਾਣੀ ਦੀ ਸੇਮ ਕਾਰਨ ਸੈਂਕੜੇ ਏਕੜ ਜ਼ਮੀਨ ਬਰਬਾਦ ਹੋ ਗਈ ਹੈ।

ਇਹ ਵੀ ਪੜ੍ਹੋ : 5994 ਅਧਿਆਪਕਾਂ ਦੀ ਭਰਤੀ ਨੂੰ ਲੈ ਕੇ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਹਾਈਕੋਰਟ ਨੂੰ ਕੀਤੀ ਇਹ ਅਪੀਲ

ਪਾਣੀ ਦਾ ਸੰਕਟ ਚਿੰਤਾ ਦਾ ਵਿਸ਼ਾ

ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿਚ ਪਾਣੀ ਦਾ ਸੰਕਟ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ। ਸਮੁੱਚੇ ਦੇਸ਼ ਦੇ ਅਨਾਜ ਭੰਡਾਰ ਵਿਚ 35 ਤੋਂ ਵੱਧ ਚੌਲ ਅਤੇ 50 ਫ਼ੀਸਦੀ ਤੋਂ ਵੱਧ ਕਣਕ ਦਾ ਯੋਗਦਾਨ ਪਾਉਣ ਵਾਲੇ ਇਸ ਸੂਬੇ ਵਿਚਲੇ ਪਾਣੀ ਦੇ ਸਰੋਤਾਂ ਦਾ ਨਿਘਾਰ ਸਮੁੱਚੇ ਦੇਸ਼ ਲਈ ਪ੍ਰਕੋਪ ਬਣ ਸਕਦਾ ਹੈ। ਜਿਉਂ-ਜਿਉਂ ਦਰਿਆਵਾਂ ਤੇ ਨਹਿਰਾਂ ਵਿਚਲਾ ਪਾਣੀ ਘਟ ਰਿਹਾ ਹੈ, ਤਿਉਂ-ਤਿਉਂ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਹੈ ਤੇ ਅਨਾਜ ਦੀ ਪੈਦਾਵਾਰ ਵੀ ਘੱਟ ਰਹੀ ਹੈ। ਪਰ ਹੁਣ ਦੇਖੀਏ ਤਾਂ 200 ਤੋਂ 300 ਫੁੱਟ ਦੀ ਡੂੰਘਾਈ ਉੱਪਰ ਟਿਊਬਵੈੱਲ ਲੱਗਦੇ ਹਨ। ਜਿੱਥੇ ਪਹਿਲਾਂ 3 ਤੋਂ 5 ਹਾਰਸ ਪਾਵਰ ਦੀਆਂ ਮੋਟਰਾਂ ਕੰਮ ਚਲਾਉਂਦੀਆਂ ਸਨ, ਹੁਣ ਉਨ੍ਹਾਂ ਦੀ ਜਗ੍ਹਾ 10 ਤੋਂ 15 ਹਾਰਸ ਪਾਵਰ ਦੀਆਂ ਮੋਟਰਾਂ ਲਾਉਣੀਆਂ ਪੈ ਰਹੀਆਂ ਹਨ। ਪਹਿਲੇ ਸਮਿਆਂ ਵਿਚ ਪੰਜਾਬ ਵਿਚ ਸਿੰਚਾਈ ਦਾ ਕੰਮ ਖੂਹਾਂ ਜਾਂ ਨਹਿਰੀ ਪਾਣੀ ਰਾਹੀਂ ਹੀ ਕੀਤਾ ਜਾਂਦਾ ਸੀ ਪਰ ਪਾਣੀ ਦੀ ਵੱਧਦੀ ਲੋੜ ਕਾਰਨ ਟਿਊਬਵੈੱਲ ਸਿੰਚਾਈ ਦੇ ਪ੍ਰਮੁੱਖ ਸਾਧਨ ਬਣ ਗਏ। ਮਿਲੇ ਅੰਕੜਿਆਂ ਮੁਤਾਬਕ ਮੰਨਿਆ ਗਿਆ ਹੈ ਕਿ 1970 ਵਿਚ ਪੰਜਾਬ ਵਿਚ ਟਿਊਬਵੈੱਲਾਂ ਦੀ ਸੰਖਿਆ ਇਕ ਵੱਖ 92 ਹਜ਼ਾਰ ਸੀ ਪਰ ਹੁਣ ਇਸ ਗਿਣਤੀ ਲਗਭਗ 15 ਲੱਖ ਤੱਕ ਪੁੱਜ ਗਈ ਹੈ ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਸਕੂਲ ਦੇ ਪ੍ਰਿੰਸੀਪਲ ਨੇ ਸਕੂਲ ’ਚ ਹੀ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਧਰਤੀ ਹੇਠਲਾ ਪਾਣੀ ਫੈਲਾਉਂਦਾ ਹੈ ਭਿਆਨਕ ਬਿਮਾਰੀਆਂ

ਧਰਤੀ ਹੇਠਲਾ ਪਾਣੀ ਜੋ ਨਲਕਿਆਂ ਰਾਹੀਂ ਲੋਕ ਬਾਹਰ ਕੱਢਦੇ ਹਨ, ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਫੈਲਾਉਂਦਾ ਹੈ। ਮਾਲਵਾ ਖੇਤਰ ਦੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਅਧੀਨ ਲਗਭਗ 243 ਪਿੰਡ ਆਉਂਦੇ ਹਨ ਪਰ ਹੈਰਾਨੀ ਵਾਲੀ ਗੱਲ ਹੈ ਕਿ 80 ਪ੍ਰਤੀਸ਼ਤ ਪਿੰਡਾਂ ਵਿਚ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ। ਜ਼ਿਲ੍ਹੇ ਵਿਚ 500 ਤੋਂ ਵੱਧ ਸਰਕਾਰੀ ਸਕੂਲ ਹਨ ਤੇ 844 ਦੇ ਕਰੀਬ ਆਂਗਣਵਾੜੀ ਸੈਂਟਰ ਹਨ ਪਰ ਇਨ੍ਹਾਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿਚ ਵੀ ਕਿਤੇ-ਕਿਤੇ ਹੀ ਪੀਣ ਲਈ ਪਾਣੀ ਚੰਗਾ ਹੈ ਤੇ ਬਾਕੀ ਥਾਵਾਂ 'ਤੇ ਪਾਣੀ ਮਾੜਾ ਹੈ। ਡਾਕਟਰਾਂ ਦੇ ਕਹਿਣ ਅਨੁਸਾਰ ਪੀਣ ਵਾਲਾ ਮਾੜਾ ਪਾਣੀ ਕੈਂਸਰ, ਕਾਲਾ ਪੀਲੀਆ, ਹੱਡੀਆਂ ਦੇ ਰੋਗ, ਗੁਰਦਿਆਂ ਦੀਆਂ ਬਿਮਾਰੀਆਂ ਤੇ ਹੋਰ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਹਜ਼ਾਰਾਂ ਲੋਕ ਖਤਰਨਾਕ ਬਿਮਾਰੀਆਂ ਦੀ ਲਪੇਟ ਵਿਚ ਆਏ ਹੋਏ ਹਨ, ਜਦੋਂਕਿ ਕੈਂਸਰ ਤੇ ਕਾਲੇ ਪੀਲੀਏ ਨੇ ਤਾਂ ਕਈ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਪੇਂਡੂ ਖੇਤਰਾਂ ਦੇ ਲੋਕਾਂ ਨੂੰ ਪੀਣ ਲਈ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਲਈ ਜੋ ਆਰ. ਓ. ਸਿਸਟਮ ਲਗਾਏ ਸਨ, ਉਨ੍ਹਾਂ ਵਿੱਚੋਂ ਕਈ ਪਿੰਡ ਤਾਂ ਅਜਿਹੇ ਹਨ, ਜਿੱਥੇ ਆਰ.ਓ. ਸਿਸਟਮ ਨੂੰ ਬੰਦ ਪਏ 8-10 ਸਾਲ ਬੀਤ ਗਏ ਹਨ। ਬੰਦ ਤੇ ਕਬਾੜ ਬਣ ਚੁੱਕੇ ਇੰਨ੍ਹਾਂ ਆਰ.ਓ ਸਿਸਟਮ ਦੀ ਨਾ ਤਾਂ ਸਬੰਧਿਤ ਵਿਭਾਗ, ਪ੍ਰਸ਼ਾਸ਼ਨ ਤੇ ਸਰਕਾਰ ਨੇ ਸਾਰ ਲਈ ਤੇ ਨਾ ਹੀ ਸਿਆਸੀ ਨੇਤਾਵਾਂ ਨੇ ਇਸ ਪਾਸੇ ਧਿਆਨ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ’ਚ ਠੰਡ ਨੇ ਫੜਿਆ ਜ਼ੋਰ, ਆਉਂਦੇ ਦਿਨਾਂ ਨੂੰ ਲੈ ਕੇ ਮੌਸਮ ਵਿਭਾਗ ਨੇ ਕੀਤੀ ਇਹ ਭਵਿੱਖ ਬਾਣੀ 

ਕੀ ਕਹਿਣਾ ਹੈ ਸਮਾਜ ਸੇਵਕਾਂ ਦਾ

ਬੁੱਧੀਜੀਵੀ ਅਤੇ ਲੇਖਕ ਕ੍ਰਿਸ਼ਨ ਸਿੰਘ, ਤਰਕਸ਼ੀਲ ਆਗੂ ਬੂਟਾ ਸਿੰਘ ਵਾਕਫ਼, ਸਾਹਿਤਕਾਰ ਕੁਲਵੰਤ ਸਰੋਤਾ ਬਰੀਵਾਲਾ, ਡਾ. ਰਾਮ ਚੰਦ ਭੰਗਚੜੀ, ਲੋਕ ਗਾਇਕ ਹਰਿੰਦਰ ਸੰਧੂ, ਚਿੱਤਰਕਾਰ ਵਜ਼ੀਰ ਸਿੰਘ ਰਾਏ ਮੁਕਤਸਰੀ, ਮੁੱਖ ਅਧਿਆਪਕ ਹਰਮੀਤ ਸਿੰਘ ਬੇਦੀ, ਮੁੱਖ ਅਧਿਆਪਕ ਨਵਦੀਪ ਸੁੱਖੀ, ਸਮਾਜ ਸੇਵਕ ਬਰਨੇਕ ਸਿੰਘ ਦਿਉਲ ਬਲਮਗੜ੍ਹ ਅਤੇ ਲੋਕ ਗਾਇਕ ਕੁਲਵਿੰਦਰ ਕਮਲ ਨੇ ਕਿਹਾ ਹੈ ਕਿ ਇਸ ਵੇਲੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਪੀਣ ਲਈ ਸਾਫ਼ ਸੁਥਰਾ ਪਾਣੀ ਨਹੀਂ ਮਿਲ ਰਿਹਾ ਤੇ ਲੋਕ ਮਾੜਾ ਪਾਣੀ ਪੀਣ ਲਈ ਮਜਬੂਰ ਹਨ। ਉਨ੍ਹਾਂ ਇਹ ਵੀ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣਾ ਵੀ ਚਿੰਤਾ ਵਾਲਾ ਮਾਮਲਾ ਹੈ।

ਇਹ ਵੀ ਪੜ੍ਹੋ : ਬਠਿੰਡਾ ’ਚ ਹੋਏ ਢਾਬਾ ਮਾਲਕ ਦੇ ਕਤਲ ਕਾਂਡ ’ਚ ਵੱਡੀ ਕਾਰਵਾਈ, ਰਡਾਰ ’ਤੇ ਗੈਂਗਸਟਰ ਅਰਸ਼ ਡਾਲਾ ਦਾ ਪਿਤਾ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News