ਆਕਾਂਸ਼ ਮਰਡਰ ਕੇਸ : ਬਲਰਾਜ ਨੇ ਚੜ੍ਹਾਈ ਆਕਾਂਸ਼ ''ਤੇ ਗੱਡੀ, ਹਰਮਹਿਤਾਬ ਨੇ ਦਿੱਤਾ ਸਾਥ

Thursday, Nov 30, 2017 - 07:28 AM (IST)

ਆਕਾਂਸ਼ ਮਰਡਰ ਕੇਸ : ਬਲਰਾਜ ਨੇ ਚੜ੍ਹਾਈ ਆਕਾਂਸ਼ ''ਤੇ ਗੱਡੀ, ਹਰਮਹਿਤਾਬ ਨੇ ਦਿੱਤਾ ਸਾਥ

ਚੰਡੀਗੜ੍ਹ  (ਸੁਸ਼ੀਲ) - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਦੀ ਪਤਨੀ ਦੇ ਭਤੀਜੇ ਆਕਾਂਸ਼ ਦੀ ਮੌਤ ਦੇ ਮਾਮਲੇ 'ਚ ਬੁੱਧਵਾਰ ਨੂੰ ਸ਼ਿਕਾਇਤਕਰਤਾ ਅਦਮਿਆ ਸਿੰਘ ਰਾਠੌਰ ਨੇ ਬਿਆਨ ਦਰਜ ਕਰਵਾਏ। ਰਾਠੌਰ ਮੁਤਾਬਿਕ ਹਰਮਹਿਤਾਬ ਸਿੰਘ ਰੰਧਾਵਾ ਤੇ ਬਲਰਾਜ ਨੇ ਪਹਿਲਾਂ ਆਕਾਂਸ਼ ਨਾਲ ਝਗੜਾ ਕੀਤਾ ਤੇ ਫਿਰ ਬਲਰਾਜ ਨੇ ਗੱਡੀ ਆਕਾਂਸ਼ 'ਤੇ ਚੜ੍ਹਾ ਦਿੱਤੀ, ਜਿਸ 'ਚ ਹਰਮਹਿਤਾਬ ਨੇ ਉਸਦਾ ਸਾਥ ਦਿੱਤਾ। ਗੱਡੀ ਚੜ੍ਹਨ ਨਾਲ ਆਕਾਂਸ਼ ਦੀ ਮੌਤ ਹੋਈ ਹੈ। ਅਦਾਲਤ ਨੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਸੁਣਵਾਈ ਲਈ 13 ਦਸੰਬਰ ਦੀ ਤਰੀਕ ਤੈਅ ਕੀਤੀ ਹੈ।
ਜ਼ਿਲਾ ਅਦਾਲਤ ਮਾਮਲੇ 'ਚ ਸਹਿ-ਮੁਲਜ਼ਮ ਹਰਮਹਿਤਾਬ ਸਿੰਘ ਉਰਫ ਫਰੀਦ ਖਿਲਾਫ ਹੱਤਿਆ ਦੇ ਦੋਸ਼ ਤੈਅ ਕਰ ਚੁੱਕੀ ਹੈ। ਉਸਦੀ ਜ਼ਮਾਨਤ ਅਰਜ਼ੀ ਪਿਛਲੀ ਤਰੀਕ ਨੂੰ ਕੋਰਟ ਨੇ ਖਾਰਿਜ ਕਰ ਦਿੱਤੀ ਸੀ। ਰਾਠੌਰ ਨੇ ਦੱਸਿਆ ਕਿ ਹਾਦਸੇ ਦੀ ਰਾਤ ਆਕਾਂਸ਼ ਦੇ ਸੈਕਟਰ-9 'ਚ ਰਹਿਣ ਵਾਲੇ ਦੋਸਤ ਦੀਪ ਨੇ ਨਾਈਟ ਹਾਊਸ 'ਚ ਪਾਰਟੀ ਰੱਖੀ ਸੀ। ਇਥੇ ਆਕਾਂਸ਼ ਦੇ ਨਾਲ ਉਸਦਾ ਦੋਸਤ ਸ਼ੇਰਾ ਵੀ ਆਇਆ, ਜਦੋਂਕਿ ਦੀਪ ਨੇ ਬਲਰਾਜ ਤੇ ਹਰਮਹਿਤਾਬ ਨੂੰ ਵੀ ਬੁਲਾਇਆ ਸੀ। ਆਕਾਂਸ਼ ਦੇ ਦੋਸਤ ਸ਼ੇਰਾ ਤੇ ਬਲਰਾਜ ਦਾ ਪੁਰਾਣਾ ਝਗੜਾ ਸੀ ਜੋ ਉਥੇ ਹੋਰ ਵਧ ਗਿਆ। ਇਸ ਦੌਰਾਨ ਬਲਰਾਜ ਤੇ ਸ਼ੇਰਾ 'ਚ ਕੁੱਟਮਾਰ ਵੀ ਹੋ ਗਈ ਤੇ ਫਿਰ ਆਕਾਂਸ਼ ਇਨ੍ਹਾਂ ਨੂੰ ਛੁਡਾਉਣ ਲੱਗਾ।
ਕੁੱਟਮਾਰ ਨੂੰ ਰੋਕ ਕੇ ਆਕਾਂਸ਼ ਉਥੋਂ ਚਲਾ ਗਿਆ ਪਰ ਸ਼ੇਰਾ ਉਥੇ ਹੀ ਰਹਿ ਗਿਆ। ਉਸਨੂੰ ਲੈਣ ਲਈ ਜਦੋਂ ਵਾਪਸ ਆਕਾਂਸ਼ ਆਇਆ ਤਾਂ ਬਲਰਾਜ ਨੇ ਉਸ 'ਤੇ ਗੱਡੀ ਚੜ੍ਹਾ ਦਿੱਤੀ। ਰਾਠੌਰ ਨੇ ਦੱਸਿਆ ਕਿ ਗੱਡੀ 'ਚ ਨਾਲ ਵਾਲੀ ਸੀਟ 'ਤੇ ਬੈਠੇ ਹਰਮਹਿਤਾਬ ਨੇ ਕਿਹਾ ਸੀ ਕਿ ਅਜੇ ਉਹ ਮਰਿਆ ਨਹੀਂ ਹੈ, ਦੁਬਾਰਾ ਗੱਡੀ ਉਸ 'ਤੇ ਚੜ੍ਹਾ ਦੇ। ਇਸ ਤੋਂ ਬਾਅਦ ਬਲਰਾਜ ਨੇ ਗੱਡੀ ਪਿੱਛੇ ਕੀਤੀ ਤੇ ਫਿਰ ਆਕਾਂਸ਼ 'ਤੇ ਚੜ੍ਹਾ ਦਿੱਤੀ। ਮਾਮਲੇ 'ਚ ਮੁੱਖ ਮੁਲਜ਼ਮ ਬਲਰਾਜ ਰੰਧਾਵਾ ਅਜੇ ਫਰਾਰ ਹੈ ਤੇ ਅਦਾਲਤ ਉਸਨੂੰ ਭਗੌੜਾ ਕਰਾਰ ਦੇ ਚੁੱਕੀ ਹੈ।


Related News