ਖਹਿਰਾ ਦੇ ਕਿਸ ਦਬਾਅ ਕਰ ਕੇ ਕੇਜਰੀਵਾਲ ਉਨ੍ਹਾਂ ਵਿਰੁੱਧ ਕਾਰਵਾਈ ਨਹੀਂ ਕਰ ਰਹੇ : ਅਕਾਲੀ ਦਲ
Monday, Jul 23, 2018 - 01:43 AM (IST)

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਨੂੰ ਪੁੱਛਿਆ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਖ਼ਿਲਾਫ ਉਸ ਦੀ ਆਪਣੀ ਪਾਰਟੀ ਵਿਚਲੇ ਸਾਥੀਆਂ ਵਲੋਂ ਪਾਰਟੀ ਸਮਰਥਕਾਂ ਕੋਲੋਂ ਪੈਸੇ ਬਟੋਰਨ ਦੇ ਲਾਏ ਗਏ ਦੋਸ਼ਾਂ ਦੇ ਬਾਵਜੂਦ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਖਹਿਰਾ ਦਾ ਕੋਈ ਦਬਾਅ ਹੈ, ਜਿਸ ਕਰਕੇ 'ਆਪ' ਕਨਵੀਨਰ ਵਲੋਂ ਉਸ ਨੂੰ ਪਾਰਟੀ ਵਿਚੋਂ ਕੱਢਿਆ ਨਹੀਂ ਜਾ ਰਿਹਾ ਹੈ।
ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ 'ਆਪ' ਦੇ ਸੂਬਾ ਕਨਵੀਨਰ ਡਾ. ਬਲਬੀਰ ਸਿੰਘ ਵਲੋਂ ਸੁਖਪਾਲ ਖਹਿਰਾ 'ਤੇ ਪਟਿਆਲਾ ਵਿਚ ਪਾਰਟੀ ਵਰਕਰਾਂ ਤੋਂ ਪੈਸੇ ਇਕੱਠੇ ਕਰਨ ਦੇ ਦੋਸ਼ ਲਾਉਣ ਮਗਰੋਂ ਵੀ ਭ੍ਰਿਸ਼ਟਾਚਾਰ ਪ੍ਰਤੀ 'ਕਦੇ ਨਾ ਮੁਆਫ ਕਰਨ ਵਾਲਾ ਨਜ਼ਰੀਆ' ਰੱਖਣ ਦਾ ਦਾਅਵਾ ਕਰਨ ਵਾਲੇ 'ਆਪ' ਕਨਵੀਨਰ ਕੇਜਰੀਵਾਲ ਖਹਿਰਾ ਖ਼ਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਖਹਿਰਾ ਨੇ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦਾ ਸੱਦਾ ਦੇਣ ਵਾਲੀ ਰਾਏਸ਼ੁਮਾਰੀ 2020 ਦਾ ਸਮਰਥਨ ਕੀਤਾ ਸੀ, ਉਸ ਸਮੇਂ ਵੀ ਕੇਜਰੀਵਾਲ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਸੀ। ਇਸ ਤੋਂ ਵੀ ਪਹਿਲਾਂ ਜਦੋਂ ਫਾਜ਼ਿਲਕਾ ਦੀ ਇਕ ਅਦਾਲਤ ਨੇ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਇਕ ਕੇਸ ਵਿਚ ਖਹਿਰਾ ਨੂੰ ਤਲਬ ਕੀਤਾ ਸੀ, ਤਦ ਵੀ ਕੇਜਰੀਵਾਲ ਨੇ ਉਸ ਵਿਰੁੱਧ ਕਾਰਵਾਈ ਨਹੀਂ ਸੀ ਕੀਤੀ। ਇਹ ਸਾਰੀਆਂ ਗੱਲਾਂ ਤਾਂ ਇਹੋ ਸੰਦੇਸ਼ ਦਿੰਦੀਆਂ ਹਨ ਕਿ ਵਿਰੋਧੀ ਧਿਰ ਦੇ ਆਗੂ ਦਾ 'ਆਪ' ਕਨਵੀਨਰ 'ਤੇ ਜ਼ਰੂਰ ਕੋਈ ਦਬਾਅ ਹੈ, ਜਿਸ ਕਰਕੇ ਉਹ ਖਹਿਰਾ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕਦੇ।