ਹੁੜਦੰਗ ਮਚਾਉਣ ਦੇ ਦੋਸ਼ ''ਚ ਦੋ ਅਕਾਲੀ ਆਗੂ ਗ੍ਰਿਫਤਾਰ

Monday, Sep 25, 2017 - 10:25 AM (IST)

ਹੁੜਦੰਗ ਮਚਾਉਣ ਦੇ ਦੋਸ਼ ''ਚ ਦੋ ਅਕਾਲੀ ਆਗੂ ਗ੍ਰਿਫਤਾਰ

ਗੋਨਿਆਣਾ (ਗੋਰਾ ਲਾਲ)-ਸ਼ਰਾਬ ਦੇ ਨਸ਼ੇ ਵਿਚ ਟੱਲੀ ਹੋ ਕੇ ਹੁੜਦੰਗ ਮਚਾਉਣ ਵਾਲੇ ਯੂਥ ਅਕਾਲੀ ਆਗੂ ਠਾਣਾ ਸਿੰਘ ਕਿਲੀ ਨਿਹਾਲ ਸਿੰਘ ਵਾਲਾ ਨੂੰ ਪੁਲਸ ਵੱਲੋਂ ਕਾਬੂ ਕਰਕੇ ਹਵਾਲਾਤ ਵਿਚ ਬੰਦ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਲੂਆਣਾ ਪੁਲਸ ਚੌਕੀ ਦੇ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਜਗਨਾਮ ਸਿੰਘ ਨੇ ਸੂਚਨਾ ਦਿੱਤੀ ਕਿ ਉਕਤ ਠਾਣਾ ਸਿੰਘ ਸ਼ਰਾਬ ਦੇ ਨਸ਼ੇ ਵਿਚ ਏਅਰ ਫੋਰਸ ਸਟੇਸ਼ਨ ਭਿਸ਼ੀਆਣਾ ਮਾਰਕੀਟ ਵਿਚ ਹੁੜਦੰਗ ਮਚਾ ਰਿਹਾ ਹੈ ਤੇ ਗਾਲੀ-ਗਲੋਚ ਕਰ ਰਿਹਾ ਹੈ, ਜਿਸ ਨੂੰ ਮੌਕੇ 'ਤੇ ਪਹੁੰਚ ਕੇ ਪੁਲਸ ਹਿਰਾਸਤ ਵਿਚ ਲੈ ਲਿਆ ਗਿਆ ਤੇ ਉਸ ਦੀ ਡਾਕਟਰੀ ਜਾਂਚ ਤੋਂ ਬਾਅਦ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਉਣ ਉਪਰੰਤ ਉਸ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ। ਰਾਤ ਭਰ ਪੁਲਸ ਹਿਰਾਸਤ ਵਿਚ ਰੱਖੇ ਜਾਣ ਤੋਂ ਬਾਅਦ ਕਥਿਤ ਮੁਲਜ਼ਮ ਠਾਣਾ ਸਿੰਘ ਨੂੰ ਅੱਜ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਗਿਆ।
ਬਠਿੰਡਾ, (ਬਲਵਿੰਦਰ)- ਦੇਰ ਰਾਤ ਪੁਲਸ ਨੇ ਅਕਾਲੀ ਦਲ ਦੇ ਇਕ ਜ਼ਿਲਾ ਪ੍ਰੀਸ਼ਦ ਮੈਂਬਰ ਨੂੰ ਉਸ ਸਮੇਂ ਗ੍ਰਿਫਤਾਰ ਕਰ ਲਿਆ ਜਦੋਂ ਉਹ ਆਪਣੇ ਇਕ ਦੋਸਤ ਨਾਲ ਸੜਕ ਕਿਨਾਰੇ ਸ਼ਰਾਬ ਪੀ ਰਿਹਾ ਸੀ ਤੇ ਹੁਲੜਬਾਜ਼ੀ ਕਰ ਰਿਹਾ ਸੀ। ਜਾਣਕਾਰੀ ਦਿੰਦਿਆਂ ਥਾਣਾ ਕੋਤਵਾਲੀ ਦੇ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਅਮਰੀਕ ਸਿੰਘ ਰੋਡ ਤੋਂ ਇਕ ਫੋਨ ਆਇਆ ਸੀ ਕਿ ਦੋ ਵਿਅਕਤੀ ਸੜਕ 'ਤੇ ਸ਼ਰਾਬ ਪੀ ਕੇ ਹੁਲੜਬਾਜ਼ੀ ਕਰ ਰਹੇ ਹਨ। ਮੌਕੇ 'ਤੇ ਪੁਲਸ ਪਾਰਟੀ ਪਹੁੰਚੀ ਅਤੇ ਦੋਵੇਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਥਾਣੇ ਲਿਆਂਦਾ ਗਿਆ। ਉਕਤ ਦੀ ਸ਼ਨਾਖਤ ਗੁਰਦੀਪ ਸਿੰਘ ਕੋਟਸ਼ਮੀਰ ਮੈਂਬਰ ਜ਼ਿਲਾ ਪ੍ਰੀਸ਼ਦ ਬਠਿੰਡਾ ਅਤੇ ਜਸਪਾਲ ਸਿੰਘ ਭੱਟੀ ਵਜੋਂ ਹੋਈ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਐਲਕੋਮੀਟਰ ਨਾਲ ਚੈੱਕ ਕੀਤਾ ਗਿਆ ਤਾਂ ਦੋਵਾਂ ਦੀ ਸ਼ਰਾਬ ਪੀਤੀ ਹੋਣ ਦੀ ਪੁਸ਼ਟੀ ਹੋਈ। ਉਕਤ ਦੀ ਕਾਰ ਵੀ ਪੁਲਸ ਦੇ ਕਬਜ਼ੇ ਵਿਚ ਹੈ। ਅਗਲੀ ਕਾਰਵਾਈ ਜਾਰੀ ਹੈ।


Related News