ਸਮਰਾਲਾ ’ਚ ਕੈਪਟਨ ਸਰਕਾਰ ਖਿਲਾਫ਼ ਅਕਾਲੀਆਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

03/08/2021 4:00:20 PM

ਸਮਰਾਲਾ (ਗਰਗ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਪਟਨ ਸਰਕਾਰ ਦੀ ਵਾਅਦਾ ਖਿਲਾਫ਼ੀ ਅਤੇ ਪੈਟਰੋਲ-ਡੀਜ਼ਲ ਸਮੇਤ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਸੁੱਤੀ ਪਈ ਕਾਂਗਰਸ ਸਰਕਾਰ ਨੂੰ ਜਗਾਉਣ ਲਈ ਭਾਰੀ ਰੋਸ ਪ੍ਰਦਰਸ਼ਨ ਕੀਤਾ ਗਿਆ। ਸਥਾਨਕ ਐੱਸ. ਡੀ. ਐੱਮ. ਦਫ਼ਤਰ ਅੱਗੇ ਸਵੇਰੇ 11 ਵਜੇ ਸ਼ੁਰੂ ਹੋਏ ਅਕਾਲੀ ਦਲ ਦੇ ਇਸ ਰੋਸ ਧਰਨੇ ਦੀ ਅਗਵਾਈ ਹਲਕਾ ਇੰਚਾਰਜ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ, ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ, ਯੂਥ ਅਕਾਲੀ ਦਲ ਦੀ ਕੌਰ ਕਮੇਟੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਅਤੇ ਜ਼ਿਲ੍ਹਾ ਯੂਥ ਅਕਾਲੀ ਦਲ ਦੇ ਪ੍ਰਧਾਨ ਬਰਜਿੰਦਰ ਸਿੰਘ ਬਬਲੂ ਲੋਪੋਂ ਵੱਲੋਂ ਕੀਤੀ ਗਈ।

ਇਸ ਰੋਸ ਧਰਨੇ ਦੌਰਾਨ ਵੱਡੀ ਗਿਣਤੀ ’ਚ ਹਲਕੇ ਦੇ ਅਕਾਲੀ ਵਰਕਰਾਂ ਵੱਲੋਂ ਸ਼ਮੂਲੀਅਤ ਕਰਦੇ ਹੋਏ ਪੰਜਾਬ ਦੀ ਕੈਪਟਨ ਸਰਕਾਰ ਨੂੰ ਚੱਲਦਾ ਕਰਨ ਦਾ ਪ੍ਰਣ ਲੈਂਦੇ ਹੋਏ ਭਾਰੀ ਰੋਸ ਵਿਖਾਵਾ ਕੀਤਾ ਗਿਆ।  ਧਰਨੇ ਨੂੰ ਸੰਬੋਧਨ ਕਰਦਿਆਂ ਅਕਾਲੀ ਆਗੂਆਂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹੁਣ ਤੱਕ ਦਾ ਸਭ ਤੋਂ ਫੇਲ੍ਹ ਮੁੱਖ ਮੰਤਰੀ ਸਿੱਧ ਹੋਇਆ ਹੈ ਅਤੇ ਉਸ ਵੱਲੋਂ ਚੋਣਾਂ ਦੌਰਾਨ ਜਨਤਾ ਨਾਲ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ।

ਨਸ਼ੇ ਖ਼ਤਮ ਕਰਨ ਦੀ ਝੂਠੀ ਸਹੁੰ ਖਾ ਕੇ ਮੁੱਖ ਮੰਤਰੀ ਨੇ ਪੰਜਾਬ ਦੀ ਜਨਤਾ ਨਾਲ ਬਹੁਤ ਵੱਡਾ ਧ੍ਰੋਹ ਕਮਾਇਆ ਹੈ, ਜਿਸ ਦੀ ਸਜ਼ਾ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਨੂੰ ਭੁਗਤਣੀ ਪਵੇਗੀ। ਇਸ ਤੋਂ ਇਲਾਵਾ ਦੇਸ਼ ਭਰ ’ਚ ਵੱਧ ਰਹੀਆਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਨੂੰ ਹਰ ਵਰਗ ਲਈ ਮਾਰੂ ਦੱਸਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਤੇਲ ਕੀਮਤਾਂ ’ਚ ਉਛਾਲ ਆਉਣ ਕਰ ਕੇ ਟਰਾਂਸਪੋਰਟ ਖ਼ਰਚਾ ਵੱਧਣ ਦੇ ਨਾਲ ਖਾਣ-ਪੀਣ ਦੀਆਂ ਵਸਤੂਆਂ ਵੀ ਮਹਿੰਗੀਆਂ ਹੋਣ ਲੱਗੀਆਂ ਹਨ।

ਜੱਥੇਦਾਰ ਉਮੈਦਪੁਰੀ ਅਤੇ ਖੀਰਨੀਆਂ ਨੇ ਕਿਹਾ ਕਿ ਵੱਧ ਰਹੀਆਂ ਤੇਲ ਕੀਮਤਾਂ ਦਾ ਜਿੱਥੇ ਹਰ ਵਰਗ ਸੰਤਾਪ ਹੰਢਾ ਰਿਹਾ ਹੈ, ਉੱਥੇ ਹੀ ਕੇਂਦਰ ਅਤੇ ਸੂਬਾ ਸਰਕਾਰ ਆਪਣੇ ਲਾਏ ਟੈਕਸ ਰਾਹੀਂ ਵਾਧੂ ਆਮਦਨ ਕਮਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹਿੰਗਾਈ ਤੋਂ ਬਚਾਉਣ ਲਈ ਸੂਬੇ ਵੱਲੋਂ ਲਾਇਆ ਜਾਣ ਵਾਲਾ ਵੈਟ ਅੱਧਾ ਕੀਤਾ ਜਾਵੇ ਤਾਂ ਜੋ ਕੇਂਦਰ ਸਰਕਾਰ ’ਤੇ ਵੀ ਕਸਟਮ ਡਿਊਟੀ ਘਟਾਉਣ ਲਈ ਦਬਾਅ ਪਾਇਆ ਜਾ ਸਕੇ।
 


Babita

Content Editor

Related News