ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਬਦਲੇ ਜਾਣ ਦੀ ਚਰਚਾ ਜ਼ੋਰਾਂ ''ਤੇ
Friday, Jun 22, 2018 - 02:07 AM (IST)
ਮੌੜ ਮੰਡੀ(ਪ੍ਰਵੀਨ)-ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਵਿਧਾਨ ਸਭਾ ਹਲਕਾ ਮੌੜ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਾਂ ਨੂੰ ਲਾਹੁਣ ਦਾ ਸਿਲਸਿਲਾ ਜਾਰੀ ਹੈ। ਇਸੇ ਲੜੀ ਦੇ ਤਹਿਤ ਜਿੱਥੇ ਪਹਿਲਾਂ ਨਗਰ ਪੰਚਾਇਤ ਮੰਡੀ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਕੁਰਸੀ ਤੋਂ ਪਾਸੇ ਕੀਤਾ ਗਿਆ, ਉਥੇ ਹੁਣ ਨਗਰ ਕੌਂਸਲ ਮੌੜ ਦੇ ਪ੍ਰਧਾਨ ਨੂੰ ਬਦਲੇ ਜਾਣ ਲਈ ਵੀ ਕਾਂਗਰਸ ਪਾਰਟੀ ਨੇ ਅੰਦਰਖਾਤੇ ਅਕਾਲੀ ਦਲ ਦੇ ਕੌਂਸਲਰਾਂ 'ਚ ਸੰਨ੍ਹ ਲਾ ਲਈ ਹੈ, ਜਿਸ ਕਾਰਨ ਸਾਬਕਾ ਮੰਤਰੀ ਸ. ਜਨਮੇਜਾ ਸਿੰਘ ਸੇਖੋਂ ਦੇ ਬਹੁਤ ਹੀ ਕਰੀਬੀ ਮੰਨੇ ਜਾਂਦੇ ਪ੍ਰਧਾਨ ਗਿਆਨ ਸਿੰਘ ਤੋਂ ਕੁਰਸੀ ਖੋਹੇ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ। ਭਾਵੇਂ ਫਰਵਰੀ 2015 'ਚ ਨਗਰ ਕੌਂਸਲ ਮੌੜ ਦੀਆਂ ਹੋਈਆਂ ਚੋਣਾਂ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਅਗਵਾਈ 'ਚ 17 'ਚੋਂ 14 ਸੀਟਾਂ 'ਤੇ ਕਬਜ਼ਾ ਕੀਤਾ ਸੀ। ਇਸ ਉਪਰੰਤ ਜਨਮੇਜਾ ਸਿੰਘ ਸੇਖੋਂ ਨੇ ਖੁਦ ਨਿੱਜੀ ਦਿਲਚਸਪੀ ਲੈਂਦੇ ਹੋਏ ਬਹੁ-ਗਿਣਤੀ ਕੌਂਸਲਰਾਂ ਦੀ ਸਹਿਮਤੀ ਨਾਲ ਆਪਣੇ ਕਰੀਬੀ ਮੰਨੇ ਜਾਂਦੇ ਗਿਆਨ ਸਿੰਘ ਨੂੰ ਨਗਰ ਕੌਂਸਲ ਮੌੜ ਦਾ ਪ੍ਰਧਾਨ ਬਣਾ ਦਿੱਤਾ ਸੀ। ਸੂਤਰਾਂ ਦੀ ਮੰਨੀਏ ਤਾਂ ਕਾਂਗਰਸੀ ਆਗੂਆਂ ਦੇ ਸੰਪਰਕ 'ਚ ਚੱਲ ਰਹੇ ਕੁਝ ਕੌਂਸਲਰਾਂ ਵੱਲੋਂ ਸ. ਜਨਮੇਜਾ ਸਿੰਘ ਸੇਖੋਂ ਦੇ ਉਸਾਰੇ ਗਏ ਕਿਲੇ ਨੂੰ ਢਾਹੁਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ ਅਤੇ ਬਾਕੀ ਕੌਂਸਲਰਾਂ ਨੂੰ ਵੀ ਆਪਣੇ ਨਾਲ ਰਲਾਉਣ ਲਈ ਗੁਪਤ ਮੀਟਿੰਗਾਂ ਸ਼ੁਰੂ ਕੀਤੀਆਂ ਹੋਈਆਂ ਹਨ, ਤਾਂ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨ ਸਿੰਘ ਨੂੰ ਪ੍ਰਧਾਨਗੀ ਤੋਂ ਉਤਾਰਿਆ ਜਾ ਸਕੇ। ਸੂਤਰਾਂ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਸਰਕਾਰ ਬਦਲੇ ਜਾਣ ਦੀਆਂ ਚਰਚਾਵਾਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਕੌਂਸਲਰ ਕਾਂਗਰਸ ਪਾਰਟੀ ਦੇ ਸੰਪਰਕ 'ਚ ਆ ਗਏ ਸਨ। ਇਹੀ ਕਾਰਨ ਸੀ ਕਿ ਇਨ੍ਹਾਂ ਵਾਰਡਾਂ 'ਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਵੋਟਾਂ ਸਮੇਂ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ ਪ੍ਰਧਾਨ ਗਿਆਨ ਸਿੰਘ ਦੇ ਵਾਰਡ 'ਚੋਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਲੀਡ ਹਾਸਲ ਹੋਈ ਸੀ। ਜ਼ਿਕਰਯੋਗ ਹੈ ਕਿ ਜੇਕਰ ਉਕਤ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਏ ਗਏ ਪ੍ਰਧਾਨ ਨੂੰ ਹਟਾਉਣ 'ਚ ਸਫਲ ਹੁੰਦੇ ਹਨ ਤਾਂ ਜਿੱਥੇ ਲੋਕ ਸਭਾ ਚੋਣਾਂ ਦੌਰਾਨ ਇਸ ਦਾ ਖ਼ਮਿਆਜ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪਵੇਗਾ, ਉਥੇ ਇਸ ਦਾ ਸਿੱਧਾ ਫਾਇਦਾ ਕਾਂਗਰਸ ਪਾਰਟੀ ਨੂੰ ਵੀ ਹੋਵੇਗਾ ਕਿਉਂਕਿ ਪ੍ਰਧਾਨਗੀ ਬਦਲਣ ਲਈ ਉਹੀ ਕੌਂਸਲਰ ਤਰਲੋਮੱਛੀ ਹੋ ਰਹੇ ਹਨ ਜੋ ਪਹਿਲਾਂ ਤੋਂ ਹੀ ਕਾਂਗਰਸੀ ਆਗੂਆਂ ਦੇ ਸੰਪਰਕ 'ਚ ਹਨ। ਨਗਰ ਕੌਂਸਲ ਮੌੜ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹਟਾਉਣ ਲਈ ਜਿੱਥੇ ਕਾਂਗਰਸੀ ਆਗੂ ਅੰਦਰ ਖਾਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ, ਉਥੇ ਪ੍ਰਧਾਨਗੀ ਬਦਲੇ ਜਾਣ ਦੀਆਂ ਚਰਚਾ ਕਾਰਨ ਸ. ਜਨਮੇਜਾ ਸਿੰਘ ਸੇਖੋਂ ਦਾ ਵਕਾਰ ਵੀ ਦਾਅ 'ਤੇ ਲੱਗ ਚੁੱਕਾ ਹੈ। ਹੁਣ ਦੇਖਣਾ ਇਹ ਹੈ ਕਿ ਸ. ਸੇਖੋਂ ਗਿਆਨ ਸਿੰਘ ਦੀ ਪ੍ਰਧਾਨਗੀ ਬਚਾਉਣ 'ਚ ਸਫ਼ਲ ਹੁੰਦੇ ਹਨ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
