ਹੈਰੀਮਾਨ ਦੀ ਸ਼ਬਦਾਵਲੀ ਨੂੰ ਅਕਾਲੀ ਦਲ ਗਲਤ ਢੰਗ ਨਾਲ ਪੇਸ਼ ਕਰ ਰਿਹੈ  : ਟੋਨੀ ਖਾਸੀਆਂ, ਹਰਜਿੰਦਰ

01/15/2018 10:59:45 AM

ਭੁਨਰਹੇੜੀ (ਨਰਿੰਦਰ)-ਹਲਕਾ ਸਨੌਰ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ ਦੇ ਹੱਕ ਵਿਚ ਨਿਤਰਦੇ ਹੋਏ ਹਲਕਾ ਸਨੌਰ ਦੇ ਯੂਥ ਕਾਂਗਰਸੀ ਆਗੂਆਂ ਨੇ ਅਕਾਲੀ ਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਅੱਜ ਇੱਥੇ ਯੂਥ ਕਾਂਗਰਸੀ ਆਗੂਆਂ ਦੀ ਇਕ ਅਹਿਮ ਮੀਟਿੰਗ ਉਪਰੰਤ ਸੀਨੀਅਰ ਯੂਥ ਕਾਂਗਰਸੀ ਟੋਨੀ ਖਾਸੀਆਂ ਤੇ ਹਰਜਿੰਦਰ ਸਿੰਘ ਪੀ. ਏ. ਨੇ ਅਕਾਲੀ ਦਲ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਹੈਰੀਮਾਨ ਦੀ ਸ਼ਬਦਾਵਲੀ ਨੂੰ ਗਲਤ ਢੰਗ ਨਾਲ ਪੇਸ਼ ਕਰ ਰਿਹਾ ਹੈ। ਉਹ ਖੁਦ ਗਲਤ ਸ਼ਬਦਾਵਲੀ ਦਾ ਪ੍ਰਯੋਗ ਕਰ ਕੇ ਹੈਰੀਮਾਨ ਦੀ ਤੁਲਨਾ ਅਬਦਾਲੀ ਨਾਲ ਕਰ ਰਹੇ ਹਨ। ਪ੍ਰੋ. ਚੰਦੂਮਾਜਰਾ ਵੱਲੋਂ ਵਰਤੀ ਗਈ ਅਜਿਹੀ ਘਟੀਆ ਸ਼ਬਦਾਵਲੀ ਅਕਾਲੀ ਦਲ ਦੀ ਅਸਲ ਬੌਖਲਾਹਟ ਦਾ ਨਤੀਜਾ ਹੈ। ਲੋਕਾਂ ਨੂੰ ਲੁੱਟਣਾ ਤੇ ਕੁੱਟਣਾ ਅਕਾਲੀ ਦਲ ਦਾ ਫਾਰਮੂਲਾ ਰਿਹਾ ਹੋਵੇਗਾ, ਕਾਂਗਰਸ ਦਾ ਨਹੀਂ। 
ਉਨ੍ਹਾਂ ਕਿਹਾ ਕਿ ਹੈਰੀਮਾਨ ਹਲਕਾ ਸਨੌਰ ਦੇ ਲੋਕਾਂ ਲਈ 'ਵਿਕਾਸ ਦਾ ਮਸੀਹਾ' ਬਣ ਕੇ ਆਇਆ ਹੈ। ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਹਰਜਿੰਦਰ ਸਿੰਘ ਪੀ. ਏ. ਨੇ ਕਿਹਾ ਅਕਾਲੀ ਦਲ ਜਿੰਨੀ ਮਰਜ਼ੀ ਕਾਂਵਾਂ-ਰੌਲੀ ਪਾਉਂਦਾ ਰਹੇ, ਹਲਕੇ ਦਾ ਵਿਕਾਸ ਨਹੀਂ ਰੁਕੇਗਾ। ਹੈਰੀਮਾਨ ਦੀ ਅਗਵਾਈ 'ਚ ਹਲਕੇ ਦੇ ਵਿਕਾਸ ਕਾਰਜ ਹੋਰ ਤੇਜ਼ੀ ਨਾਲ ਪੂਰੇ ਹੋਣਗੇ। ਇਸ ਮੌਕੇ ਸੀਨੀਅਰ ਯੂਥ ਕਾਂਗਰਸੀ ਨੇਤਾ ਟੋਨੀ ਖਾਸੀਆਂ, ਹਰਜਿੰਦਰ ਸਿੰਘ ਪੀ. ਏ. (ਹੈਰੀਮਾਨ), ਮੀਤਾ ਸਿੰਘ ਬਹਿਲ, ਕਾਲਾ ਸਿੰਘ, ਜਤਿੰਦਰ ਸ਼ੇਰਗਿੱਲ ਤੇ ਹੋਰ ਕਈ ਯੂਥ ਕਾਂਗਰਸੀ ਮੌਜੂਦ ਸਨ।


Related News