ਬੀਬੀ ਹਰਸਿਮਰਤ ਕੌਰ ਬਾਦਲ ਨੇ ਰੱਖੀ ਅਕਾਲੀ ਦਲ ਦੀ ਲਾਜ, ਚੌਥੀ ਵਾਰੀ ਵੀ ਵੱਡੀ ਲੀਡ ਨਾਲ ਕੀਤੀ ਜਿੱਤ ਹਾਸਲ
Sunday, Jun 09, 2024 - 01:55 PM (IST)
ਜਲੰਧਰ (ਲਾਭ ਸਿੰਘ ਸਿੱਧੂ)–ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ’ਚ ਭਾਵੇਂ ਬੁਰੀ ਤਰ੍ਹਾਂ ਹਾਰ ਝੱਲਣੀ ਪਈ ਹੈ ਪਰ ਬਠਿੰਡਾ ਲੋਕ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਧਾਕੜ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਇਹ ਸੀਟ ਲਗਾਤਾਰ ਚੌਥੀ ਵਾਰ ਜਿੱਤ ਕੇ ਅਕਾਲੀ ਦਲ ਦੀ ਲਾਜ ਰੱਖ ਲਈ ਹੈ ਅਤੇ ਅਕਾਲੀ ਦਲ ਜਿਊਂਦਿਆਂ ’ਚ ਰਹਿ ਗਿਆ ਹੈ। ਬੀਬਾ ਹਰਸਿਮਰਤ ਕੌਰ ਬਾਦਲ ਨੇ ਲਗਾਤਾਰ ਚੌਥੀ ਵਾਰ ਹਲਕੇ ’ਚ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਬੁਲੰਦ ਕਰਦਿਆਂ ਆਪਣੇ ਵਿਰੋਧੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਨੂੰ 49,656 ਵੋਟਾਂ ਦੇ ਫਰਕ ਨਾਲ ਚਿੱਤ ਕੀਤਾ ਹੈ। ਬੀਬਾ ਬਾਦਲ ਦੇ ਲਗਾਤਾਰ ਹਲਕੇ ’ਚ ਪੈਰ ਪੱਕੇ ਕਰਨ ਲਈ ਉਸ ਦੀ ਮਿਹਨਤ ਹੀ ਰੰਗ ਲਿਆਈ ਹੈ।
ਬੀਬਾ ਬਾਦਲ ਹਲਕੇ ਦੇ ਕਿਸੇ ਵੀ ਪਾਰਟੀ ਵਰਕਰ ਦੇ ਦੁੱਖ-ਸੁੱਖ ਨੂੰ ਆਪਣਾ ਸਮਝਦੇ ਹਨ ਅਤੇ ਹਰੇਕ ਦੇ ਦੁੱਖ-ਸੁੱਖ ’ਚ ਨਿੱਜੀ ਤੌਰ ’ਤੇ ਸ਼ਾਮਲ ਹੁੰਦੇ ਹਨ, ਜਿਸ ਕਰਕੇ ਅਕਾਲੀ ਦਲ ਦਾ ਵਰਕਰ ਪਹਿਲਾਂ ਨਾਲੋਂ ਵੀ ਅਗਲੀ ਚੋਣ ’ਚ ਨਾ ਸਿਰਫ਼ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ ਸਗੋਂ ਵੋਟ ਸ਼ੇਅਰ ਵਧਾ ਕੇ ਬੀਬਾ ਬਾਦਲ ਦੇ ਹੱਥ ਮਜ਼ਬੂਤ ਕਰਦਾ ਹੈ। ਸਿਰਫ਼ 2019 ਦੀਆਂ ਲੋਕ ਸਭਾ ਚੋਣਾਂ ਵੇਲੇ ਬੀਬਾ ਬਾਦਲ ਦੀ ਲੀਡ 17 ਕੁ ਹਜ਼ਾਰ ਤੋਂ ਉਪਰ ਰਹਿ ਗਈ ਸੀ, ਨਹੀਂ ਤਾਂ ਹੁਣ ਤੱਕ ਚਾਰੇ ਚੋਣਾਂ ’ਚ ਬੀਬਾ ਵੱਡੇ ਫਰਕ ਨਾਲ ਜਿੱਤ ਪ੍ਰਾਪਤ ਕਰਦੇ ਆਏ ਹਨ।
ਜਿਉਂ ਹੀ ਬੀਬਾ ਬਾਦਲ ਨੇ 2009 ਦੀਆਂ ਲੋਕ ਸਭਾ ਚੋਣਾਂ ਵੇਲੇ ਸਿਆਸਤ ’ਚ ਪੈਰ ਧਰਿਆ, ਉਸ ਤੋਂ ਪਿੱਛੋਂ ਤਾਂ ਉਹ ਸੰਸਦ ਦੇ ਅੰਦਰ ਅਤੇ ਬਾਹਰ ਛਾਏ ਰਹੇ। ਮੋਦੀ ਸਰਕਾਰ ’ਚ ਦੋ ਵਾਰ ਕੇਂਦਰੀ ਮੰਤਰੀ ਰਹਿੰਦਿਆਂ ਉਨ੍ਹਾਂ ਪੰਜਾਬ ਲਈ ਕਈ ਪ੍ਰਾਜੈਕਟ ਲਿਆਂਦੇ ਅਤੇ ਸੂਬੇ ਦਾ ਪੱਖ ਸੰਸਦ ’ਚ ਚੰਗੀ ਤਰ੍ਹਾਂ ਪੂਰਿਆ। ਬਠਿੰਡਾ ਹਲਕੇ ’ਚ ਹਰਸਿਮਰਤ ਬਾਦਲ ਵੱਲੋਂ ਕੀਤੇ ਗਏ ਕੰਮਾਂ ਨੂੰ ਲੋਕ ਮਾਨਤਾ ਦਿੰਦੇ ਹਨ। ਉਨ੍ਹਾਂ ਬਠਿੰਡਾ ਸ਼ਹਿਰ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ। ਬਠਿੰਡਾ ’ਚ ਲਿਆਂਦੇ ਗਏ ਏਮਸ ਹਸਪਤਾਲ ਨੇ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਹਨ ਤੇ ਲੋਕਾਂ ਦੇ ਮਨਾਂ ’ਤੇ ਏਮਸ ਦਾ ਬਹੁਤ ਵੱਡਾ ਅਸਰ ਹੈ ਤੇ ਇਸੇ ਕਰ ਕੇ ਅਕਾਲੀ ਦਲ ਦਾ ਵੋਟ ਬੈਂਕ ਵੀ ਵਧਿਆ ਹੈ। ਏਮਸ ਤੋਂ ਇਲਾਵਾ ਹੋਰ ਵੀ ਵੱਡੇ-ਵੱਡੇ ਪ੍ਰਾਜੈਕਟ ਬਠਿੰਡਾ ’ਚ ਉਨ੍ਹਾਂ ਦੀ ਮਿਹਨਤ ਨਾਲ ਆਏ ਹਨ, ਜਿਸ ਦਾ ਸਮੁੱਚੇ ਹਲਕੇ ਦੇ ਲੋਕਾਂ ਨੂੰ ਫਾਇਦਾ ਹੋਇਆ ਹੈ। ਕੰਮਾਂ ਕਰ ਕੇ ਹੀ ਲੋਕ ਉਨ੍ਹਾਂ ਨਾਲ ਨੇੜਿਓਂ ਜੁੜੇ ਹੋਏ ਹਨ। ਬੀਬਾ ਬਾਦਲ ਨੂੰ ਸਿਆਸਤ ਦੀ ਗੁੜ੍ਹਤੀ ਵੱਡੇ ਬਾਦਲ ਸ. ਪ੍ਰਕਾਸ਼ ਸਿੰਘ ਬਾਦਲ ਤੋਂ ਮਿਲੀ ਹੈ ਤੇ ਉਹ ਵੀ ਬਾਦਲ ਸਾਹਿਬ ਦੇ ਪੂਰਨਿਆਂ ’ਤੇ ਚੱਲ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਦੇ ਹਨ। ਉਹ ਜਿਸ ਨੂੰ ਇਕ ਵਾਰ ਮਿਲ ਲੈਂਦੇ ਹਨ, ਉਹ ਉਨ੍ਹਾਂ ਦਾ ਹੀ ਹੋ ਜਾਂਦਾ ਹੈ। ਇਹੀ ਗੁਣ ਬਾਦਲ ਸਾਹਿਬ ’ਚ ਸਨ।
ਇਹ ਵੀ ਪੜ੍ਹੋ- DGP ਗੌਰਵ ਯਾਦਵ ਦੀ ਸਖ਼ਤੀ, ਪੰਜਾਬ ਪੁਲਸ ਲਈ ਦਫ਼ਤਰਾਂ 'ਚ ਬੈਠਣ ਸਬੰਧੀ ਜਾਰੀ ਕੀਤੇ ਨਵੇਂ ਹੁਕਮ
ਬੀਬਾ ਬਾਦਲ ਨੇ ਆਪਣੇ ਵਿਰੋਧੀ ‘ਆਪ’ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਨੂੰ 49,656 ਵੋਟਾਂ ਦੇ ਫਰਕ ਨਾਲ ਹਰਾਇਆ। ਹਰਸਿਮਰਤ ਨੂੰ ਹਲਕੇ ’ਚ 32.7 ਫੀਸਦੀ ਵੋਟਾਂ ਮਿਲੀਆਂ ਜਦਕਿ ਗੁਰਮੀਤ ਖੁੱਡੀਆ ਨੂੰ 28.4 ਫ਼ੀਸਦੀ ਵੋਟਾਂ ਹਾਸਲ ਹੋਈਆਂ। ਕਾਂਗਰਸ ਦੇ ਉਮੀਦਵਾਰ ਨੂੰ 17.5 ਫ਼ੀਸਦੀ ਤੇ ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਨੂੰ 9.6 ਫ਼ੀਸਦੀ ਵੋਟਾਂ ਨਾਲ ਸਬਰ ਕਰਨਾ ਪਿਆ। ਹਰਸਿਮਰਤ ਨੂੰ ਕੁੱਲ 3,76,558 ਵੋਟਾਂ, ਗੁਰਮੀਤ ਖੁੱਡੀਆ ਨੂੰ 3,26,902 , ਜੀਤ ਮਹਿੰਦਰ ਸਿੰਘ ਨੂੰ 2,02,011 ਅਤੇ ਪਰਮਪਾਲ ਕੌਰ ਨੂੰ 1,10,762 ਵੋਟਾਂ ਮਿਲੀਆਂ। ਬਠਿੰਡਾ ਦੇ 9 ਵਿਧਾਨ ਸਭਾ ਹਲਕਿਆਂ ’ਚ 5 ’ਚੋਂ ਬੀਬਾ ਬਾਦਲ ਆਪਣੇ ਵਿਰੋਧੀਆਂ ’ਤੇ ਭਾਰੂ ਰਹੇ। ਲੰਬੀ ਵਿਧਾਨ ਸਭਾ ਹਲਕਾ, ਜਿਹੜਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜੱਦੀ ਹਲਕਾ ਹੈ, ਵਿਚੋਂ ਬੀਬਾ ਬਾਦਲ ਨੂੰ 23,264 ਵੋਟਾਂ ਦੀ ਵੱਡੀ ਲੀਡ ਮਿਲੀ। ਹਲਕਾ ਮੌੜ ਤੋਂ ਸਿਰਫ਼ 252 ਵੋਟਾਂ ਦੀ ਹੀ ਲੀਡ ਸੀ ਪਰ ਫਿਰ ਵੀ ਉਹ ਖੁੱਡੀਆਂ ਤੋਂ ਅੱਗੇ ਰਹੇ।
ਇਸੇ ਤਰ੍ਹਾਂ ਤਲਵੰਡੀ ਸਾਬੋ ਤੋਂ 3,283, ਭੁੱਚੋ ਮੰਡੀ ਤੋਂ 4,739, ਬਠਿੰਡਾ ਦਿਹਾਤੀ ਤੋਂ 10,875, ਬੁਢਲਾਡਾ ਹਲਕੇ ਤੋਂ 7,184 ਵੋਟਾਂ ਵੱਧ ਮਿਲੀਆਂ ਹਨ। ਸਰਦੂਲਗੜ੍ਹ ਤੋਂ 5,136 ਵੋਟਾਂ ਅਤੇ ਮਾਨਸਾ ਹਲਕੇ ਤੋਂ 6,946 ਵੋਟਾਂ ਦੇ ਫਰਕ ਨਾਲ ਬੀਬਾ ਬਾਦਲ ਪਛੜ ਗਏ। ਬਠਿੰਡਾ ਸ਼ਹਿਰੀ ਹਲਕੇ ਤੋਂ ਹੀ ਸਿਰਫ ‘ਆਪ’ ਦਾ ਉਮੀਦਵਾਰ ਬੀਬਾ ਬਾਦਲ ਤੋਂ 518 ਵੋਟਾਂ ਵੱਧ ਲੈ ਸਕਿਆ। ਬੀਬਾ ਬਾਦਲ ਨੇ ਬਠਿੰਡਾ ਹਲਕੇ ਤੋਂ ਚੌਥੀ ਵਾਰ ਧੜੱਲੇਦਾਰ ਜਿੱਤ ਹਾਸਲ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਾਲਵੇ ’ਚ ਬਚਾਅ ਲਿਆ ਅਤੇ ਿਵਰੋਧੀਆਂ ਦੇ ਮੂੰਹ ਵੀ ਬੰਦ ਕਰ ਦਿੱਤੇ। ਜੇ ਅਕਾਲੀ ਦਲ ਬਠਿੰਡਾ ਸੀਟ ਵੀ ਹਾਰ ਜਾਂਦਾ ਤਾਂ ਵਿਰੋਧੀਆਂ ਨੇ ਸਿਆਸੀ ਟਕੋਰਾਂ ਲਾ ਕੇ ਹੀ ਬਾਦਲਕਿਆਂ ਦਾ ਜਿਊਣਾ ਦੁੱਭਰ ਕਰ ਦੇਣਾ ਸੀ ਪਰ ਹੁਣ ਵਿਰੋਧੀ ਬਠਿੰਡਾ ਬਾਰੇ ਤਾਂ ਕੁਝ ਨਹੀਂ ਕਹਿ ਸਕਦੇ। ਬੀਬਾ ਬਾਦਲ ਦੀ ਜਿੱਤ ਦਾ ਮਾਲਵੇ ’ਚ ਤਾਂ ਪ੍ਰਭਾਵ ਰਹੇਗਾ ਅਤੇ ਉਹ ਮਿਹਨਤ ਕਰ ਕੇ ਮਾਲਵੇ ’ਚ ਅਕਾਲੀ ਦਲ ਨੂੰ ਮੁੜ ਸੁਰਜੀਤ ਕਰ ਸਕਦੇ ਹਨ।
ਇਹ ਵੀ ਪੜ੍ਹੋ- ਕੁਲਵਿੰਦਰ ਵੱਲੋਂ ਕੰਗਨਾ ਨੂੰ ਥੱਪੜ ਮਾਰਨ ਦਾ ਮਾਮਲਾ ਭਖਿਆ, ਨੌਕਰੀ ’ਤੇ ਬਹਾਲ ਨਾ ਕਰਨ ’ਤੇ ਦਿੱਤੀ ਚਿਤਾਵਨੀ
ਲੰਬੀ ਹਲਕੇ ’ਚ ਖੁੱਡੀਆਂ ਦਾ ਵੋਟ ਬੈਂਕ ਅੱਧੇ ਨਾਲੋਂ ਘਟਿਆ
ਬੀਬਾ ਹਰਸਿਮਰਤ ਕੌਰ ਬਾਦਲ ਨੇ ਲੰਬੀ ਹਲਕੇ ’ਚ ਗੁਰਮੀਤ ਸਿੰਘ ਖੁੱਡੀਆਂ ਨੂੰ 23,264 ਵੋਟਾਂ ਦੇ ਫਰਕ ਨਾਲ ਹਰਾਇਆ। ਖੁੱਡੀਆਂ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ 11,396 ਵੋਟਾਂ ਨਾਲ ਹਰਾਇਆ ਸੀ ਪਰ ਹੁਣ ਬੀਬਾ ਬਾਦਲ ਨੇ ਖੁੱਡੀਆਂ ਤੋਂ ਬਾਦਲ ਸਾਹਿਬ ਦੀ ਹਾਰ ਦਾ ਬਦਲਾ ਲੈ ਲਿਆ ਹੈ। ਦੋ ਸਾਲਾਂ ਦੇ ਅਰਸੇ ਦੌਰਾਨ ਹੀ ਲੰਬੀ ਹਲਕੇ ਦੇ ਲੋਕਾਂ ਨੇ ਆਪਣੀ ਪਿਛਲੀ ਗਲਤੀ ਸੁਧਾਰ ਕੇ ਖੁੱਡੀਆਂ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ ਕਿ ਹਲਕੇ ਦੇ ਲੋਕ ਬਾਦਲਾਂ ਨਾਲ ਹੀ ਹਨ।
ਸੁਖਬੀਰ ਬਾਦਲ ਨੇ ਸਿਰਫ਼ 3 ਦਿਨ ਹੀ ਕੀਤਾ ਹਲਕੇ ’ਚ ਪ੍ਰਚਾਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਸਮੁੱਚੀ ਮੁਹਿੰਮ ਦੌਰਾਨ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਦੇ ਹੱਕ ’ਚ ਪ੍ਰਚਾਰ ਕਰਦੇ ਰਹੇ ਅਤੇ ਹਰਸਿਮਰਤ ਕੌਰ ਬਾਦਲ ਲਈ ਪ੍ਰਚਾਰ ਵਾਸਤੇ ਸਿਰਫ ਤਿੰਨ ਦਿਨ ਹੀ ਕੱਢ ਸਕੇ। ਪਹਿਲਾਂ ਸੁਖਬੀਰ ਬਾਦਲ ‘ਪੰਜਾਬ ਬਚਾਓ’ਯਾਤਰਾ ਕਰਦੇ ਰਹੇ ਅਤੇ ਫਿਰ ਸਾਰੇ ਉਮੀਦਵਾਰਾਂ ਲਈ ਪ੍ਰਚਾਰ ਕਰਨ ਲੱਗ ਪਏ। ਹਲਕੇ ’ਚ ਸਿਰਫ਼ ਹਰਸਿਮਰਤ ਕੌਰ ਬਾਦਲ ਹੀ ਡਟੇ ਰਹੇ।
5 ਹਲਕਿਆਂ ’ਚ ਵਿਰੋਧੀ ਪਛਾੜੇ
ਬੀਬਾ ਬਾਦਲ ਨੇ 9 ਵਿਧਾਨ ਸਭਾ ਹਲਕਿਆਂ ’ਚੋਂ 5 ’ਚ ਆਪਣੇ ਵਿਰੋਧੀਆਂ ਨੂੰ ਪਛਾੜ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਨ੍ਹਾਂ ਪੰਜਾਂ ਹਲਕਿਆਂ ’ਚ ਵੋਟਾਂ ਦੀ ਗਿਣਤੀ ਸਮੇਂ ਹਰੇਕ ਗੇੜ ’ਚ ਬੀਬੀ ਦੀ ਲੀਡ ਵਧਦੀ ਹੀ ਰਹੀ।
ਇਹ ਵੀ ਪੜ੍ਹੋ- ਗਿੱਦੜਬਾਹਾ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਰਹੇਗੀ ਦਿਲਚਸਪ, ਜਾਣੋ ਕਿਵੇਂ
ਮਲੂਕਾ ਦੀ ਨੂੰਹ ਨੂੰ ਪਛਾੜਿਆ
ਭਾਜਪਾ ਉਮੀਦਵਾਰ ਤੇ ਸੀਨੀਅਰ ਅਕਾਲੀ ਲੀਡਰ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਬੀਬੀ ਪਰਮਪਾਲ ਕੌਰ ਨੂੰ ਬੀਬਾ ਹਰਸਿਮਰਤ ਬਾਦਲ ਨੇ 1,10,762 ਵੋਟਾਂ ਦੇ ਫਰਕ ਨਾਲ ਪਛਾੜਿਆ। ਬੀਬੀ ਪਰਮਪਾਲ ਕੌਰ ਆਈ. ਏ. ਐੱਸ. ਅਫ਼ਸਰ ਸੀ ਅਤੇ ਵੋਟਾਂ ਸਮੇਂ ਉਹ ਅਸਤੀਫ਼ਾ ਦੇ ਕੇ ਭਾਜਪਾ ’ਚ ਸ਼ਾਮਲ ਹੋ ਗਈ ਸੀ। ਲੋਕ ਕਹਿੰਦੇ ਸਨ ਕਿ ਬੀਬਾ ਹਰਸਿਮਰਤ ਕੌਰ ਨੂੰ ਮਲੂਕਾ ਸਾਹਿਬ ਦੀ ਨੂੰਹ ਹਾਰ ਦਾ ਮੂੰਹ ਵਿਖਾ ਸਕਦੀ ਹੈ ਕਿਉਂਕਿ ਹਿੰਦੂ ਵੋਟ ਉਸ ਨਾਲ ਜਾ ਸਕਦਾ ਹੈ ਪਰ ਬਠਿੰਡਾ ਦੇ ਹਿੰਦੂ ਵੋਟਰਾਂ ਨੇ ਵੀ ਅਕਾਲੀ ਦਲ ਵੱਲ ਹੀ ਰੁਖ਼ ਰੱਖਿਆ।
ਵਿਰੋਧੀਆਂ ’ਤੇ ਵਿਕਾਸ ਕਾਰਜ ਰਹੇ ਭਾਰੂ
ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਆਪਣੀਆਂ ਤਿੰਨ ਪਾਰੀਆਂ ਦੌਰਾਨ ਬਠਿੰਡਾ ਹਲਕੇ ’ਚ ਕਰਵਾਏ ਗਏ ਵਿਕਾਸ ਕਾਰਜ ਹੀ ਵਿਰੋਧੀਆਂ ’ਤੇ ਭਾਰੂ ਰਹੇ। ਬਠਿੰਡਾ ਸ਼ਹਿਰ ’ਚ ਏਮਸ ਹਸਪਤਾਲ ਲਿਆਉਣਾ ਬੀਬਾ ਬਾਦਲ ਨੂੰ ਰਾਸ ਆਇਆ। ਹਲਕੇ ’ਚ ਦੋ ਯੂਨੀਵਰਸਿਟੀਆਂ, ਥਰਮਲ ਪਲਾਂਟ ਅਤੇ ਹੋਰ ਵਿਕਾਸ ਪ੍ਰਾਜੈਕਟ ਵੀ ਲਿਆਂਦੇ ਗਏ, ਜਿਨ੍ਹਾਂ ਕਰਕੇ ਲੋਕ ਬਾਦਲਾਂ ਨਾਲ ਆਏ।
ਇਹ ਵੀ ਪੜ੍ਹੋ- ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੇਤਾਂ 'ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼, ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।