ਅਕਾਲੀ ਦਲ ਤੇ ਭਾਜਪਾ ਦਰਮਿਆਨ ਚੱਲ ਰਹੀ ਤਿੱਖੀ ਖਿੱਚੋਤਾਣ : ਜਾਖੜ

10/08/2019 12:51:46 AM

ਜਲੰਧਰ,(ਧਵਨ) : ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਸੂਬੇ ਦੀਆਂ ਸਮੁੱਚੀਆਂ ਵਿਰੋਧੀ ਪਾਰਟੀਆਂ 'ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ 'ਚ ਸਮੁੱਚੀਆਂ ਵਿਰੋਧੀ ਪਾਰਟੀਆਂ ਬੁਰੀ ਤਰ੍ਹਾਂ ਵੰਡੀਆਂ ਹੋਈਆਂ ਹਨ ਤੇ ਅਜਿਹੀਆਂ ਖੇਰੂੰ-ਖੇਰੂੰ ਹੋਈਆਂ ਪਾਰਟੀਆਂ ਨੂੰ ਜਨਤਾ ਉਪ ਚੋਣਾਂ ਵਿਚ ਮੂੰਹ ਲਾਉਣ ਲਈ ਤਿਆਰ ਨਹੀਂ ਹੋਵੇਗੀ ਕਿਉਂਕਿ ਉਨ੍ਹਾਂ ਦੇ ਹੱਥਾਂ 'ਚ ਪੰਜਾਬ ਦੇ ਹਿੱਤ ਸੁਰੱਖਿਅਤ ਨਹੀਂ ਹਨ। ਜਾਖੜ  ਸੂਬੇ 'ਚ ਵੱਖ-ਵੱਖ ਥਾਵਾਂ 'ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਸਨ। ਜਾਖੜ ਨੇ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਖੁਦ ਨੂੰ ਇਕਜੁੱਟ ਕਹਿੰਦੇ ਸਨ ਪਰ ਹੁਣ ਉਨ੍ਹਾਂ 'ਚ ਬੁਰੀ ਤਰ੍ਹਾਂ ਖਿੱਚੋਤਾਣ ਚੱਲ ਰਹੀ ਹੈ, ਜੋ ਖੁੱਲ੍ਹ ਕੇ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਨਾ ਸਿਰਫ ਹਰਿਆਣਾ, ਸਗੋਂ ਪੰਜਾਬ 'ਚ ਵੀ ਦੋਵਾਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਦਾ ਇਕ ਦੂਜੇ 'ਤੇ ਵਿਸ਼ਵਾਸ ਨਹੀਂ ਰਿਹਾ, ਜਦੋਂਕਿ ਦੂਜੇ ਪਾਸੇ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਮਜ਼ਬੂਤੀ ਨਾਲ ਅੱਗੇ ਵੱੱਧਦੀ ਹੋਈ ਜਨਤਾ ਦੇ ਭਰੋਸੇ ਤੇ ਵਿਸ਼ਵਾਸ 'ਤੇ ਪੂਰੀ ਉੱਤਰ ਰਹੀ ਹੈ।

ਜਾਖੜ ਨੇ ਕਿਹਾ ਕਿ ਸਮਾਂ ਆ ਗਿਆ ਹੈ ਜਦੋਂ ਜਨਤਾ ਨੂੰ 21 ਅਕਤੂਬਰ ਨੂੰ ਹੋਣ ਵਾਲੀਆਂ ਚਾਰ ਵਿਧਾਨ ਸਭਾ ਸੀਟਾਂ ਦੀਆਂ ਉਪ ਚੋਣਾਂ ਵਿਚ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੇ ਨਾਲ-ਨਾਲ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਜਿਸਨੇ ਹਮੇਸ਼ਾ ਜਨਤਾ ਦਾ ਭਰੋਸਾ ਤੋੜਿਆ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਦਿਲ ਵਿਚ ਪੰਜਾਬ ਤੇ ਪੰਜਾਬੀਆਂ ਨੂੰ ਲੈ ਕੇ ਦਰਦ ਹੈ, ਇਸ ਲਈ ਉਹ ਲਗਾਤਾਰ ਪੰਜਾਬ ਨੂੰ ਖੁਸ਼ਹਾਲੀ ਤੇ ਅਮਨ ਸ਼ਾਂਤੀ ਦੀ ਰਾਹ 'ਤੇ ਲਿਜਾਣ ਲਈ ਦ੍ਰਿੜ ਸੰਕਲਪ ਹਨ। ਜਾਖੜ ਨੇ ਅਕਾਲੀ ਦਲ ਤੇ ਭਾਜਪਾ ਗੱਠਜੋੜ 'ਤੇ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ 10 ਸਾਲਾਂ ਤੱਕ ਪੰਜਾਬ ਦੀ ਜਨਤਾ ਨੇ ਸੰਤਾਪ ਝੱਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਪੰਜਾਬ ਵਿਚ ਕਾਂਗਰਸ ਸਰਕਾਰ ਦੇ ਕਾਰਜਕਾਲ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਾਂਗਰਸ ਸਰਕਾਰ ਨੇ ਨਾ ਸਿਰਫ ਨਸ਼ਿਆਂ 'ਤੇ ਰੋਕ ਲਾਈ ਸਗੋਂ ਟਾਰਗੇਟ ਕਿਲਿੰਗਸ 'ਤੇ ਵੀ ਰੋਕ ਲਾਈ। ਅਮਨ ਸ਼ਾਂਤੀ ਦਾ ਮਾਹੌਲ ਦੁਬਾਰਾ ਕਾਇਮ ਕੀਤਾ ਤੇ ਹੁਣ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਰਸਤੇ 'ਤੇ ਅੱਗੇ ਲੈ ਕੇ ਜਾਣਾ ਹੈ।


Related News