ਰੰਜਿਸ਼ ਨੂੰ ਲੈ ਕੇ ਅਕਾਲੀ-ਕਾਂਗਰਸੀਆਂ ''ਚ ਝਗੜਾ, 5 ਜ਼ਖਮੀ

Monday, Jun 12, 2017 - 03:19 AM (IST)

ਰੰਜਿਸ਼ ਨੂੰ ਲੈ ਕੇ ਅਕਾਲੀ-ਕਾਂਗਰਸੀਆਂ ''ਚ ਝਗੜਾ, 5 ਜ਼ਖਮੀ

ਗੁਰਦਾਸਪੁਰ,   (ਦੀਪਕ)–  ਪੁਰਾਣੀ ਰੰਜਿਸ਼ ਨੂੰ ਲੈ ਕੇ ਅਕਾਲੀ-ਕਾਂਗਰਸੀ ਧੜਿਆਂ 'ਚ ਹੋਏ ਝਗੜੇ ਦੌਰਾਨ ਪੰਜ ਵਿਅਕਤੀਆਂ ਦੇ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਦਾਖਲ ਕਾਂਗਰਸੀ ਧੜੇ ਦੇ ਸ਼ਮਸ਼ੇਰ ਸਿੰਘ ਪੁੱਤਰ ਅਨੈਥ ਸਿੰਘ, ਪ੍ਰੇਮ ਸਿੰਘ ਪੁੱਤਰ ਕੰਨਣ ਸਿੰਘ ਵਾਸੀ ਥੇਤਿੱਖਾ (ਧਾਰੀਵਾਲ) ਨੇ ਦੱਸਿਆ ਕਿ ਪਿੰਡ ਦੇ ਹੀ ਸਰਪੰਚ ਦਲੇਰ ਸਿੰਘ ਪੁੱਤਰ ਨਰੈਣ ਸਿੰਘ ਦਾ ਲੜਕਾ ਅਮਰਦੀਪ ਸਿੰਘ ਸਾਡੀ ਲੜਕੀ, ਜੋ ਪੜ੍ਹਨ ਲਈ ਧਾਰੀਵਾਲ ਜਾਂਦੀ ਹੈ, ਨੂੰ ਰਸਤੇ ਵਿਚ ਰੋਜ਼ਾਨਾ ਤੰਗ ਪ੍ਰੇਸ਼ਾਨ ਕਰਦਾ ਸੀ, ਜਿਸ ਨੂੰ ਅਸੀਂ ਕਈ ਵਾਰ ਸਮਝਾਇਆ ਅਤੇ ਅਜਿਹਾ ਕਰਨ ਤੋਂ ਰੋਕਿਆ ਪਰ ਇਹ ਨਹੀਂ ਸਮਝਿਆ। ਇਸ ਸਬੰਧੀ ਅਸੀਂ ਪੁਲਸ ਨੂੰ ਸ਼ਿਕਾਇਤ ਦਿੱਤੀ ਹੋਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਦਿਨ ਦੁਪਹਿਰ 3 ਵਜੇ ਸਾਡੀ ਲੜਕੀ ਅਤੇ ਮੇਰਾ ਲੜਕਾ ਦੋਵੇਂ ਭੈਣ ਭਰਾ ਧਾਰੀਵਾਲ ਤੋਂ ਟਿਊਸ਼ਨ ਪੜ੍ਹ ਕੇ ਵਾਪਸ ਘਰ ਆ ਰਹੇ ਸੀ ਤਾਂ ਰਸਤੇ ਵਿਚ ਸਰਪੰਚ ਦੇ ਲੜਕੇ ਨੇ ਮੇਰੀ ਲੜਕੀ ਨੂੰ ਤੰਗ ਪ੍ਰੇਸ਼ਾਨ ਕੀਤਾ, ਜਿਸ ਤੋਂ ਬਾਅਦ ਮੇਰੀ ਲੜਕੀ ਨੇ ਘਰ ਆ ਕੇ ਇਸ ਸਬੰਧੀ ਸਾਨੂੰ ਦੱਸਿਆ ਤਾਂ ਅਸੀਂ ਪਿੰਡ ਦੇ ਮੋਹਤਬਰ ਵਿਅਕਤੀਆਂ ਨਾਲ ਥਾਣੇ ਰਿਪੋਰਟ ਦਰਜ ਕਰਵਾ ਕੇ ਆ ਰਹੀ ਸੀ ਤਾਂ ਜਦੋਂ ਅਸੀਂ ਪਿੰਡ ਵਿਚ ਪਹੁੰਚ ਕੇ ਆਪਣੀ ਗੱਡੀ ਤੋਂ ਉਤਰ ਰਹੇ ਸੀ, ਇਸ ਨੇ ਆਪਣੇ ਪਰਿਵਾਰ ਅਤੇ ਕੁਝ ਸਾਥੀਆਂ ਸਮੇਤ ਸਾਡੇ 'ਤੇ ਹਮਲਾ ਕਰ ਦਿੱਤਾ ਤੇ ਸਾਨੂੰ ਗੰਭੀਰ ਜ਼ਖਮੀ ਕਰ ਦਿੱਤਾ। 
ਦੂਜੇ ਪਾਸੇ ਅਕਾਲੀ ਧੜੇ ਦੇ ਹਸਪਤਾਲ 'ਚ ਦਾਖਲ ਜ਼ਖਮੀਆਂ ਸਰਪੰਚ ਦਲੇਰ ਸਿੰਘ ਤੇ ਉਸ ਦਾ ਭਰਾ ਸੁਖਜਿੰਦਰ ਸਿੰਘ ਅਤੇ ਦਲੇਰ ਸਿੰਘ ਦਾ ਲੜਕਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਅਕਾਲੀ ਪਾਰਟੀ ਨਾਲ ਸਬੰਧ ਰੱਖਦੇ ਹਨ, ਜਿਸ ਕਾਰਨ ਇਹ ਕਾਂਗਰਸ ਦੀ ਸਰਕਾਰ ਬਣਨ 'ਤੇ ਰੰਜਿਸ਼ ਰੱਖਦੇ ਸਨ। ਬੀਤੇ ਕੱਲ ਅਮਨਦੀਪ ਕ੍ਰਿਕਟ ਖੇਡ ਕੇ ਘਰ ਆ ਰਿਹਾ ਸੀ ਤਾਂ ਸ਼ਮਸ਼ੇਰ ਸਿੰਘ ਪੁੱਤਰ ਅਨੈਥ ਸਿੰਘ, ਪ੍ਰੇਮ ਸਿੰਘ ਪੁੱਤਰ ਕੰਨਣ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਤੇ ਜਦੋਂ ਅਸੀਂ ਇਨ੍ਹਾਂ ਨੂੰ ਪੁੱਛਣਾ ਚਾਹਿਆ ਤਾਂ ਇਨ੍ਹਾਂ ਨੇ ਆਪਣੇ ਕੁਝ ਹੋਰ ਸਾਥੀਆਂ ਨਾਲ ਸਾਡੇ 'ਤੇ ਹਮਲਾ ਕਰ ਦਿੱਤਾ। ਸਾਨੂੰ ਜ਼ਖਮੀ ਹਾਲਤ ਵਿਚ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਸਬੰਧੀ ਦੋਵਾਂ ਧਿਰਾਂ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। 


Related News