ਚੰਡੀਗੜ੍ਹ ਦੀ ਹਵਾ ''ਚ ਘੁਲਿਆ ਜ਼ਹਿਰ, ਹਵਾ ਪ੍ਰਦੂਸ਼ਣ ''ਚ ਹੋਇਆ ਵਾਧਾ
Tuesday, Oct 29, 2019 - 04:54 PM (IST)
ਚੰਡੀਗੜ੍ਹ (ਰਾਜਿੰਦਰ) : ਵਿਭਾਗਾਂ ਵੱਲੋਂ ਦੀਵਾਲੀ 'ਤੇ ਵਾਤਾਵਰਣ ਨੂੰ ਬਚਾਉਣ ਦੇ ਜਿੰਨੇ ਵੀ ਦਾਅਵੇ ਕੀਤੇ ਗਏ, ਸਾਰੇ ਰੱਦੀ ਦੀ ਟੋਕਰੀ 'ਚ ਨਜ਼ਰ ਆਏ ਕਿਉਂਕਿ ਪਟਾਕੇ ਨਾ ਚਲਾਉਣ ਸਬੰਧੀ ਚਲਾਈ ਗਈ ਮੁਹਿੰਮ ਦਾ ਸ਼ਹਿਰ 'ਚ ਕਿਸੇ ਵੀ ਪਾਸੇ ਅਸਰ ਦੇਖਣ ਨੂੰ ਨਹੀਂ ਮਿਲਿਆ। ਇਸ ਦਾ ਅਸਰ ਇਹ ਹੋਇਆ ਕਿ ਇਸ ਵਾਰ ਵੀ ਸ਼ਹਿਰਵਾਸੀਆਂ ਨੇ ਪਿਛਲੇ ਸਾਲ ਦੀ ਤੁਲਨਾ 'ਚ ਜ਼ਿਆਦਾ ਪਟਾਕੇ ਚਲਾਏ। ਇਸ ਵਾਰ ਵੀ ਹਵਾ ਪ੍ਰਦੂਸ਼ਣ 'ਚ ਪਿਛਲੇ ਸਾਲ ਦੇ ਮੁਕਾਬਲੇ ਵਾਧਾ ਹੋਇਆ ਹੈ। ਹਾਲਾਂਕਿ ਆਵਾਜ਼ ਪ੍ਰਦੂਸ਼ਣ 'ਚ ਕਮੀ ਜ਼ਰੂਰ ਆਈ ਹੈ। ਇਸ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ 'ਚ ਸੈਕਟਰ-22 ਅਤੇ ਐੱਮਟੈੱਕ-39 ਸ਼ਾਮਲ ਹਨ। ਪ੍ਰਸ਼ਾਸਨ ਨੇ ਕੁਲ ਚਾਰ ਸੈਕਟਰਾਂ 'ਚ ਇਸ ਨੂੰ ਲੈ ਕੇ ਚੈਕਿੰਗ ਕੀਤੀ ਸੀ, ਜਿਸ 'ਚ ਲਗਭਗ ਤਿੰਨ ਥਾਵਾਂ 'ਤੇ ਹਵਾ ਪ੍ਰਦੂਸ਼ਣ 'ਚ ਵਾਧਾ ਹੋਇਆ ਹੈ ਪਰ ਇਕ 'ਚ ਥੋੜ੍ਹੀ ਕਮੀ ਆਈ ਹੈ। ਇਸ ਵਾਰ ਦੀਵਾਲੀ ਤੋਂ ਪਹਿਲਾਂ ਹੀ ਸ਼ਹਿਰ ਦੀ ਹਵਾ ਦੂਸ਼ਿਤ ਹੋਣੀ ਸ਼ੁਰੂ ਹੋ ਗਈ ਸੀ ਪਰ ਦੀਵਾਲੀ 'ਤੇ ਏਅਰ ਕੁਆਲਿਟੀ ਇੰਡੈਕਸ ਨੇ ਪਿਛਲੇ ਸਾਲ ਦੇ ਰਿਕਾਰਡ ਤੋੜ ਦਿੱਤੇ। ਸੈਕਟਰ-22 'ਚ ਪਿਛਲੇ ਸਾਲ ਏਅਰ ਕੁਆਲਿਟੀ ਇੰਡੈਕਸ ਜਿੱਥੇ 311 ਦੇ ਕਰੀਬ ਸੀ, ਉਥੇ ਹੀ ਇਸ ਸਾਲ ਵਧ ਕੇ ਇਹ 371 ਦੇ ਕਰੀਬ ਪਹੁੰਚ ਗਿਆ। ਇਸੇ ਤਰ੍ਹਾਂ ਸੈਕਟਰ-17 'ਚ ਪਿਛਲੇ ਸਾਲ ਦੇ ਮੁਕਾਬਲੇ ਸਭ ਤੋਂ ਜ਼ਿਆਦਾ ਵਾਧਾ ਹੋਇਆ ਹੈ। ਇਸ 'ਚ ਪਿਛਲੇ ਸਾਲ ਜਿੱਥੇ ਏਅਰ ਕੁਆਲਿਟੀ 177 ਦੇ ਕਰੀਬ ਸੀ, ਇਸ ਸਾਲ ਇਹ ਵਧ ਕੇ 247 ਦੇ ਕਰੀਬ ਪਹੁੰਚ ਗਈ। ਪੈਕ-12 'ਚ ਪਿਛਲੇ ਸਾਲ 297 ਦੇ ਕਰੀਬ ਏਅਰ ਕੁਆਲਿਟੀ ਸੀ, ਜੋ ਇਸ ਸਾਲ ਥੋੜ੍ਹੀ ਘੱਟ ਹੋ ਕੇ 280 'ਤੇ ਪਹੁੰਚ ਗਈ। ਐੱਮਟੈੱਕ-39 ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਇੱਥੇ 338 ਦੇ ਕਰੀਬ ਏਅਰ ਕੁਆਲਿਟੀ ਸੀ, ਜੋ ਇਸ ਵਾਰ 352 ਦੀ ਕੁਆਲਿਟੀ 'ਤੇ ਪਹੁੰਚ ਗਈ।
ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਦਾ ਵੀ ਪਿਆ ਅਸਰ
ਚੀਫ ਕੰਜ਼ਰਵੇਟਰ ਆਫ ਫਾਰੈਸਟ ਦਬਿੰਦਰ ਦਲਾਈ ਨੇ ਦੱਸਿਆ ਕਿ ਦੀਵਾਲੀ ਤੋਂ ਪਹਿਲਾਂ ਹੀ ਪ੍ਰਦੂਸ਼ਣ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ। ਇਸਨੂੰ ਸਿਰਫ ਦੀਵਾਲੀ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ ਪਰ ਪਿਛਲੇ ਸਾਲ ਦੇ ਮੁਕਾਬਲੇ ਹਵਾ ਪ੍ਰਦੂਸ਼ਣ 'ਚ ਵਾਧਾ ਜ਼ਰੂਰ ਹੋਇਆ ਹੈ। ਆਵਾਜ਼ ਪ੍ਰਦੂਸ਼ਣ 'ਚ ਕਮੀ ਆਈ ਹੈ ਪਰ ਸੈਕਟਰ-22 ਅਤੇ ਐੱਮਟੇਕ-39 'ਚ ਸਭਤੋਂ ਜ਼ਿਆਦਾ ਹਵਾ ਪ੍ਰਦੂਸ਼ਣ ਰਿਕਾਰਡ ਕੀਤਾ ਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਪੰਜਾਬ, ਹਰਿਆਣਾ 'ਚ ਪਰਾਲੀ ਸਾੜਨ ਦੇ ਕੇਸ ਹੋਣ ਨਾਲ ਵੀ ਪ੍ਰਦੂਸ਼ਣ 'ਚ ਵਾਧਾ ਹੋ ਰਿਹਾ ਹੈ ਅਤੇ ਚੰਡੀਗੜ੍ਹ 'ਚ ਵੀ ਇਸਦਾ ਅਸਰ ਹੈ।
ਆਵਾਜ਼ ਪ੍ਰਦੂਸ਼ਣ 'ਚ ਆਈ ਕਮੀ
ਪਿਛਲੇ ਸਾਲ ਸੈਕਟਰ-22 'ਚ ਰਾਤ 9 ਤੋਂ ਲੈ ਕੇ 10 ਵਜੇ ਤੱਕ ਆਵਾਜ਼ ਪੱਧਰ 87.6 ਸੀ, ਜੋ ਇਸ ਸਾਲ ਥੋੜ੍ਹਾ ਘੱਟ ਹੋ ਕੇ 79.8 ਹੋ ਗਿਆ। ਉਥੇ ਹੀ ਰਾਤ 10 ਤੋਂ ਲੈ ਕੇ 11 ਵਜੇ ਤੱਕ ਵੀ ਇਹ 80 ਦੇ ਪੱਧਰ ਤੱਕ ਰਿਹਾ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਸਮੇਂ ਤੱਕ ਪਟਾਕੇ ਚਲਾਉਣੇ ਜਾਰੀ ਰਹੇ। ਇਸੇ ਤਰ੍ਹਾਂ ਸੈਕਟਰ-17 ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਇੱਥੇ ਰਾਤ 9 ਤੋਂ ਲੈ ਕੇ 10 ਵਜੇ ਤੱਕ ਆਵਾਜ਼ 69.7 ਸੀ, ਜੋ ਇਸ ਸਾਲ ਘੱਟ ਹੋ ਕੇ 66.7 ਹੋ ਗਿਆ। ਪੈਕ-22 'ਚ ਰਾਤ 9 ਤੋਂ ਲੈ ਕੇ 10 ਵਜੇ ਤੱਕ ਪਿਛਲੇ ਸਾਲ ਆਵਾਜ਼ ਪੱਧਰ 83.1 ਸੀ, ਜੋ ਇਸ ਸਾਲ ਕਾਫ਼ੀ ਘੱਟ ਹੋਕੇ 65.9 ਹੋ ਗਿਆ। ਇਸੇ ਤਰ੍ਹਾਂ ਐੱਮਟੈੱਕ-39 'ਚ ਰਾਤ 9 ਤੋਂ ਲੈ ਕੇ 10 ਵਜੇ ਤੱਕ ਜਿੱਥੇ ਆਵਾਜ਼ ਦਾ ਪੱਧਰ 74.4 ਸੀ, ਇਸ ਸਾਲ ਇਹ ਘੱਟ ਹੋ ਕੇ 63.1 ਹੋ ਗਿਆ।
200 ਤੋਂ ਉਪਰ ਹੁੰਦੀ ਹੈ ਪੂਅਰ ਏਅਰ ਕੁਆਲਿਟੀ, ਸਿਹਤ ਲਈ ਨੁਕਸਾਨਦਾਇਕ
ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਪੂਅਰ ਮੰਨਿਆ ਜਾਂਦਾ ਹੈ ਅਤੇ 300 ਦੇ ਉੱਪਰ ਇਹ ਵੈਰੀ ਪੂਅਰ ਮੰਨਿਆ ਜਾਂਦਾ ਹੈ। ਦੋ ਸੈਕਟਰਾਂ 'ਚ ਜਿੱਥੇ 200 ਤੋਂ ਉੱਤਰ ਅਤੇ ਬਾਕੀ ਦੋ ਸੈਕਟਰਾਂ 'ਚ 300 ਤੋਂ ਉੱਪਰ ਏਅਰ ਕੁਆਲਿਟੀ ਸਾਹਮਣੇ ਆਈ ਹੈ, ਇਸ ਲਈ ਕਿਹਾ ਜਾ ਸਕਦਾ ਹੈ ਕਿ ਲੋਕ ਜ਼ਹਿਰੀਲੀ ਹਵਾ 'ਚ ਸਾਹ ਲੈ ਰਹੇ ਹਨ। ਇਹ ਲੋਕਾਂ ਦੀ ਸਿਹਤ ਲਈ ਨੁਕਸਾਨਦਾਇਕ ਹੈ ਅਤੇ ਸਾਹ ਦੀਆਂ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਇਹ ਜ਼ਿਆਦਾ ਖਤਰਨਾਕ ਹੈ।