ਕਵਿਤਾ ਖਿੜਕੀ: ਕਿਸਾਨ-ਮਜ਼ਦੂਰ ਦੀ ਸਾਂਝੀ ਤ੍ਰਾਸਦੀ ਦੇ ਨਾਂ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ

Tuesday, Apr 20, 2021 - 11:57 AM (IST)

ਕਵਿਤਾ ਖਿੜਕੀ: ਕਿਸਾਨ-ਮਜ਼ਦੂਰ ਦੀ ਸਾਂਝੀ ਤ੍ਰਾਸਦੀ ਦੇ ਨਾਂ ਸੰਤ ਰਾਮ ਉਦਾਸੀ ਦੀਆਂ ਕਵਿਤਾਵਾਂ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਨੂੰ ਲੈ ਕੇ ਅੱਜ ਪੂਰੇ ਪੰਜਾਬ ਦੇ ਕਿਸਾਨ ਸੜਕਾਂ ’ਤੇ ਹਨ। ਬਿੱਲਾਂ ਖ਼ਿਲਾਫ਼ ਕੀਤੇ ਜਾ ਰਹੇ ਸੰਘਰਸ਼ ਸਰਕਾਰ ਨੂੰ ਕਿਸ ਕਦਰ ਪ੍ਰਭਾਵਿਤ ਕਰਨਗੇ, ਇਹ ਤਾਂ ਫਿਲਹਾਲ ਆਉਣ ਵਾਲਾ ਸਮਾਂ ਦੱਸੇਗਾ। ਪੰਜਾਬ ਦੀ ਕਿਰਸਾਨੀ ਭਾਰਤ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ। 1970 ਦੇ ਦਹਾਕੇ ਵਿੱਚ ਲਿਆਂਦੀ ਗਈ ਹਰੀ ਕ੍ਰਾਂਤੀ ਤੋਂ ਬਾਅਦ ਕਿਸਾਨਾਂ ਦੀ ਹਾਲਤ ਬਦ-ਤੋਂ-ਬਦਤਰ ਹੁੰਦੀ ਜਾ ਰਹੀ ਹੈ। ਮਜ਼ਦੂਰ ਤੋਂ ਲੈ ਕੇ ਕਿਸਾਨੀ ਨਾਲ ਸਬੰਧਤ ਹਰ ਵਰਗ ਨੂੰ ਇਹ ਬਿੱਲ ਪ੍ਰਭਾਵਿਤ ਕਰਨਗੇ। ਕਿਸਾਨ-ਮਜ਼ਦੂਰ ਏਕਤਾ ਇਸ ਸੰਘਰਸ਼ ਦੀ ਸਾਰਥਿਕਤਾ ਦੀ ਗਵਾਹੀ ਹੈ। ਇਹ ਸੰਘਰਸ਼ ਏਕਤਾ ਦੇ ਰਸਤਿਆਂ ਰਾਹੀਂ ਹੀ ਸਰ ਕੀਤਾ ਜਾ ਸਕਦਾ ਹੈ। ਅੱਜ ਦੇ ਇਸ ਸੰਘਰਸ਼ਮਈ ਦਿਨ ’ਤੇ ਮਰਹੂਮ ਲੋਕ ਕਵੀ ਸੰਤ ਰਾਮ ਉਦਾਸੀ ਵਲੋਂ ਆਪਣੀਆਂ ਕਵਿਤਾਵਾ ਰਾਹੀਂ ਕਿਸਾਨ-ਮਜ਼ਦੂਰਾਂ ਦੇ ਹੱਕ ’ਚ ਮਾਰਿਆ ਗਿਆ ਹਾਅ ਦਾ ਨਾਅਰਾ ਅਸੀਂ ਤੁਹਾਡੇ ਸਾਰਿਆਂ ਦੇ ਰੂ-ਬ-ਰੂ ਕਰ ਰਹੇ ਹਾਂ...

ਸੀਰੀ ਤੇ ਜੱਟ ਦੀ ਸਾਂਝੀ ਵਿਥਿਆ ਦੇ ਨਾਂ

ਗਲ ਲੱਗ ਕੇ ਸੀਰੀ ਦੇ ਜੱਟ ਰੋਵੇ,
ਬੋਹਲ੍ਹਾਂ ਵਿਚੋਂ ਨੀਰ ਵਗਿਆ ।
ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ,
ਤੂੜੀ ਵਿਚੋਂ ਪੁੱਤ 'ਜੱਗਿਆ' ।

ਸਾਡੇ ਪਿੜ ਵਿਚ ਤੇਰੇ ਗਲ਼ ਚੀਥੜੇ ਨੀ,
ਮੇਰੀਏ ਜੁਆਨ ਕਣਕੇ ।
ਕੱਲ੍ਹ ਸ਼ਾਹਾਂ ਦੇ ਗੋਦਾਮਾਂ ਵਿਚੋਂ ਨਿਕਲ਼ੇਂ,
ਤੂੰ ਸੋਨੇ ਦਾ ਪਟੋਲਾ ਬਣ ਕੇ ।
ਤੂੰ ਵੀ ਬਣ ਗਿਆ ਗ਼ਮਾਂ ਦਾ ਗੁਮੰਤਰੀ,
ਓ ! ਮੇਰੇ ਬੇਜ਼ੁਬਾਨ ਢੱਗਿਆ ।
ਗਲ ਲੱਗ ਕੇ ਸੀਰੀ ਦੇ...

ਸਾਡਾ ਘੁੱਟੀਂ ਘੁੱਟੀਂ ਖ਼ੂਨ ਤੇਲ ਪੀ ਗਿਆ,
ਤੇ ਖ਼ਾਦ ਖਾ ਗਈ ਹੱਡ ਖਾਰ ਕੇ ।
ਬੋਲੇ ਬੈਂਕ ਦੀ ਤਕਾਵੀ ਵਹੀ ਅੰਦਰੋਂ,
ਬੋਹਲ ਨੂੰ ਖੰਗੂਰਾ ਮਾਰ ਕੇ ।
ਸਾਨੂੰ ਬਿਜਲੀ ਝੰਜੋੜਾ ਏਨਾ ਮਾਰਿਆ,
ਕਿ ਸੱਧਰਾਂ ਨੂੰ ਲਾਂਬੂ ਲੱਗਿਆ ।
ਗਲ ਲੱਗ ਕੇ ਸੀਰੀ ਦੇ...

ਧੀਏ ਕਿਹੜੇ ਨੀ ਭੜੋਲੇ ਵਿਚ ਡੱਕ ਲਾਂ,
ਮੈਂ ਤੇਰੀਆਂ ਜੁਆਨ ਸੱਧਰਾਂ ।
ਵੱਢ ਖਾਣੀਆਂ ਸੱਸਾਂ ਦਾ ਰੂਪ ਧਾਰਿਆ,
ਹੈ ਸਾਡੀਆਂ ਸਮਾਜੀ ਕਦਰਾਂ ।
ਧੀਏ ਕਿਹੜੇ ਮੈਂ ਨਜੂਮੀਆਂ ਨੂੰ ਪੁੱਛ ਲਾਂ,
ਕਿਉਂ ਚੰਨ ਨੂੰ ਸਰਾਪ ਲੱਗਿਆ ?
ਗਲ ਲੱਗ ਕੇ ਸੀਰੀ ਦੇ...

ਸੁੱਕੇ ਜਾਣ ਨਾ ਬੋਹਲ੍ਹਾਂ ਦਾ ਮਾਰ ਮਗਰਾ,
ਜੋ ਮਾਰਦੇ ਨੇ ਜਾਂਦੇ ਚਾਂਗਰਾਂ ।
ਅੱਕ ਝੱਖੜਾਂ ਨੇ ਤੂੜੀ ਨੂੰ ਬਖੇਰਿਆ,
ਹੈ ਖੇਤਾਂ 'ਚ ਬਰੂਦ ਵਾਂਗਰਾਂ ।
ਹੁਣ ਸਾਡਿਆਂ ਹੀ ਹੱਥਾਂ ਨੇ ਹੀ ਚੋਵਣਾਂ,
ਜੋ ਮਿਹਨਤਾਂ ਨੂੰ ਮਾਖੋਂ ਲੱਗਿਆ ।
ਗਲ ਲੱਗ ਕੇ ਸੀਰੀ ਦੇ...

ਕੰਮੀਆਂ ਦਾ ਵਿਹੜਾ
ਮਾਂ ਧਰਤੀਏ ! ਤੇਰੀ ਗੋਦ ਨੂੰ ਚੰਨ ਹੋਰ ਬਥੇਰੇ
ਤੂੰ ਮਘਦਾ ਰਈਂ ਵੇ ਸੂਰਜਾ ਕੰਮੀਆਂ ਦੇ ਵੇਹੜੇ

ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ
ਜਿੱਥੇ ਮਿਲਣ ਅੰਗੂਠੇ ਸੰਘੀਆਂ ਨੂੰ
ਜਿੱਥੇ ਵਾਲ ਤਰਸਦੇ ਕੰਘੀਆਂ ਨੂੰ
ਨੱਕ ਵਗਦੇ, ਅੱਖਾਂ ਚੁੰਨ੍ਹੀਆਂ ਤੇ ਦੰਦ ਕਰੇੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਰੂਹ ਬਣਗੀ ਇੱਕ ਹਾਵਾ ਹੈ
ਜਿੱਥੇ ਜ਼ਿੰਦਗੀ ਇੱਕ ਪਛਤਾਵਾ ਹੈ
ਜਿੱਥੇ ਕੈਦ ਅਣਖ ਦਾ ਲਾਵਾ ਹੈ
ਜਿੱਥੇ ਅਕਲ ਮਸੋਸੀ ਮੁੜ ਪਈ ਖਾ ਰੋਜ਼ ਥਪੇੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਲੋਕ ਬੜੇ ਮਜਬੂਰ ਜਿਹੇ
ਦਿੱਲੀ ਦੇ ਦਿਲ ਤੋਂ ਦੂਰ ਜਿਹੇ
ਤੇ ਭੁੱਖਾਂ ਵਿਚ ਮਸ਼ਹੂਰ ਜਿਹੇ
ਜਿੱਥੇ ਮਰ ਕੇ ਚਾਂਭਲ ਜਾਂਵਦੇ ਹਨ ਭੂਤ ਜਠੇਰੇ
ਤੂੰ ਮਘਦਾ ਰਈਂ ਵੇ ਸੂਰਜਾ……

ਜਿੱਥੇ ਬੰਦਾ ਜੰਮਦਾ ਸੀਰੀ ਹੈ
ਟਕਿਆਂ ਦੀ ਮੀਰੀ ਪੀਰੀ ਹੈ
ਜਿੱਥੇ ਕਰਜ਼ੇ ਹੇਠ ਪੰਜੀਰੀ ਹੈ
ਬਾਪੂ ਦੇ ਕਰਜ਼ ਦਾ ਸੂਦ ਨੇ ਪੁੱਤ ਜੰਮਦੇ ਜੇਹੜੇ
ਤੂੰ ਮਘਦਾ ਰਈਂ ਵੇ ਸੂਰਜਾ……

ਜੇ ਸੋਕਾ ਇਹ ਹੀ ਸੜਦੇ ਨੇ
ਜੇ ਡੋਬਾ ਇਹ ਹੀ ਮਰਦੇ ਨੇ
ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ
ਜਿੱਥੇ ਫ਼ਸਲਾਂ ਨੇ ਛੱਡ ਜਾਂਦੀਆਂ ਅਰਮਾਨ ਤ੍ਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

ਜਿੱਥੇ ਹਾਰ ਮੰਨ ਲਈ ਚਾਵਾਂ ਨੇ
ਜਿੱਥੇ ਕੂੰਜ ਘੇਰ ਲਈ ਕਾਵਾਂ ਨੇ
ਜਿੱਥੇ ਅਣਵਿਆਹੀਆਂ ਹੀ ਮਾਵਾਂ ਨੇ
ਜਿੱਥੇ ਧੀਆਂ ਹੌਕੇ ਲੈਂਦੀਆਂ ਅਸਮਾਨ ਜਡੇਰੇ
ਤੂੰ ਮੱਘਦਾ ਰਈਂ ਵੇ ਸੂਰਜਾ……

ਜਿੱਥੇ ਰੋਟੀ ਵਿੱਚ ਮਨ ਘੁੱਟਿਆ ਹੈ
ਜਿੱਥੇ ਨ੍ਹੇਰਾ ਦੱਬ ਕੇ ਜੁੱਟਿਆ ਹੈ
ਜਿੱਥੇ ਗ਼ੈਰਤ ਦਾ ਤਗ ਟੁੱਟਿਆ ਹੈ
ਜਿੱਥੇ ਆ ਕੇ ਵੋਟਾਂ ਵਾਲਿਆਂ ਟਟਵੈਰ ਸਹੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

ਤੂੰ ਆਪਣਾ ਆਪ ਮਚਾਂਦਾ ਹੈਂ
ਪਰ ਆਪਾ ਹੀ ਰੁਸ਼ਨਾਂਦਾ ਹੈਂ
ਕਿਉਂ ਕੰਮੀਆਂ ਤੋਂ ਸ਼ਰਮਾਂਦਾ ਹੈਂ
ਇਹ ਸਦਾ ਸਦਾ ਨਾ ਰਹਿਣਗੇ ਮੰਦਹਾਲ ਮਰੇੜੇ
ਤੂੰ ਮੱਘਦਾ ਰਈਂ ਵੇ ਸੂਰਜਾ……

ਧਰਤੀ ਮਾਂ
ਕਿਹੜਿਆਂ ਸਿਪਾਹੀਆਂ ਤੇਰੀ ਹਿੱਕ ਹੈ ਲਤਾੜੀ ?
ਕਰੀ ਕਿਹੜਿਆਂ ਥਕੇਵਿਆਂ ਨਿਢਾਲ ?
ਕਿਹੜਿਆਂ ਪੁੱਤਾਂ ਨੇ ਤੇਰੀ ਲੁੱਟੀ ਹੋਈ ਪੱਤ ਜਰੀ ?
ਕੀ ਤੂੰ ਸੱਚੀ ਮੁੱਚੀ ਏਂ ਕੰਗਾਲ ?

ਤਲੀਆਂ 'ਤੇ ਸੀਸ ਰੱਖ ਲੜਦੇ ਸੀ ਜਿਹੜੇ
ਕਿਉਂ ਉਹ ਬੁੱਕਲੀਂ ਲੁਕਾਈ ਬੈਠੇ ਮੂੰਹ
ਕੀ ਤਾਂ ਹੁਣ ਕਿਸੇ ਧੀ ਦੀ ਲੁੱਟੀਂਦੀ ਨਾ ਪੱਤ
ਕੀ ਨਾ ਕਿਸੇ ਦੀ ਉਧਾਲੀ ਜਾਂਦੀ ਨੂੰਹ ?
ਮੇਰੇ ਪਿੰਡ ਪਏ ਜਿੰਨੇ ਪੀਲਕਾਂ ਦੇ ਮਾਰੇ,
ਓਨੇ ਸ਼ਹਿਰ ਹੋਏ ਪੀਂਝੂੰ ਵਾਂਗੂ ਲਾਲ
ਕਿਹੜਿਆਂ ਸਿਪਾਹੀਆਂ................

ਚਾੜ੍ਹ ਕੇ ਪੁਲਸ ਪੈਸੇ ਵਾਲਿਆਂ ਘੱਲੀ ਹੈ ਪਿੰਡ
ਕੰਮੀਆਂ ਦਿਹਾੜੀਆਂ ਦੇ ਨਾਂ
ਉਸੇ ਬੱਚੇ ਦੇ ਨਾਂ ਸਾਡੀ ਸਿਰਾਂ ਦੀ ਵਸੀਅਤ
ਜੀਹਦੀ ਕੰਜਕ ਕੁਆਰੀ ਬਣੀ ਮਾਂ
ਉਸ ਸੂਹੇ ਸੂਰਜ ਨੂੰ ਸਿਰਾਂ ਦੀ ਸਲਾਮ
ਜੀਹਦੀ ਸਾਰੀ ਰਾਤੀਂ ਰਾਤ ਕਰੇ ਭਾਲ
ਕਿਹੜਿਆਂ ਸਿਪਾਹੀਆ....................

ਰੋਂਦੇ ਨੇ ਦਿਹਾੜੀਏ ਮਸ਼ੀਨਰੀ ਦੇ ਨਾਂ 'ਤੇ
ਮਿਲੇ ਜਿਨ੍ਹਾਂ ਨੂੰ ਨਾ ਵਾਜਬੀ ਦਿਹਾੜ
ਕਿਰਤੀ-ਕਿਸਾਨ ਤਾਈਂ ਹੁੰਦੇ ਵੇਖ ਜੱਫੋ ਜੱਫੀ
ਮਾਰਦੇ ਦੁੜੰਗੇ ਨੇ ਕਰਾੜ
ਸਾਰੇ ਜਾਲ ਤੋੜ ਕੇ ਉੱਡਣ ਵਾਲੇ ਅਸੀਂ
ਪੂੰਜੀਪਤੀ ਪਾਏ ਫਿਰਕੂ ਜੰਜਾਲ
ਕਿਹੜਿਆਂ ਸਿਪਾਹੀਆਂ.............

ਤੇਰੇ ਪਿੰਡੇ ਉੱਤੇ ਜਦੋ ਜ਼ਰਾ ਵੀ ਝਰੀਟ ਆਏ
ਕਿਹੜਾ ਪੁੱਤ ਜਿਹੜਾ ਇਹ ਜਰੇ
ਤੇਰਿਆਂ ਚਰਾਗਾਂ ਤਾਈਂ ਲੱਟੋ ਲੱਟ ਰੱਖਣਾ ਏ
ਤਨ ਸਾਡਾ ਰਹੇ ਨਾ ਰਹੇ
ਤੇਰੇ ਸੱਭਿਆਚਾਰ ਤਾਈਂ ਭੂਤ ਤੋਂ ਭਵਿੱਖ ਵਿਚ
ਲੈਣਾ ਏ ਅਜੋਕਿਆਂ ਨੇ ਢਾਲ
ਕਿਹੜਿਆਂ ਸਿਪਾਹੀਆਂ ਤੇਰੀ ਹਿੱਕ ਹੈ ਲਤਾੜੀ ?
ਕਰੀ ਕਿਹੜਿਆਂ ਥਕੇਵਿਆਂ ਨਿਢਾਲ ?
ਕਿਹੜਿਆਂ ਪੁੱਤਾਂ ਨੇ ਤੇਰੀ ਲੁੱਟੀ ਹੋਈ ਪੱਤ ਜਰੀ ?
ਕੀ ਤੂੰ ਸੱਚੀ ਮੁੱਚੀ ਏਂ ਕੰਗਾਲ ?

ਲਲਕਾਰ-ਮਜ਼ਦੂਰ ਦੇ ਨਾਂ !
ਲੋਕੋ ਬਾਜ਼ ਆ ਜਾਓ ! ਝੂਠੇ ਲੀਡਰਾਂ ਤੋਂ,
ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣੈਂ ।
ਇਨ੍ਹਾਂ ਦੇਸ਼ ਦਾ ਕੁਝ ਵੀ ਛੱਡਿਆ ਨੀ,
ਇਨ੍ਹਾਂ ਥੋਨੂੰ ਵੀ ਵੇਚ ਕੇ ਖਾ ਛੱਡਣੈਂ ।

ਕਾਰਖ਼ਾਨਿਆਂ ਦੀਆਂ ਕਾਲ਼ੀਆਂ ਚਿਮਨੀਆਂ 'ਚੋਂ,
ਸਾਡੇ ਵਲਵਲੇ ਨਿਕਲਦੇ ਧੂੰ ਬਣ ਕੇ ।
ਅਫ਼ਸਰਸ਼ਾਹੀ ਦੀ ਕਾਰ ਦੇ ਵੇਗ ਮੂਹਰੇ,
ਸਾਡੇ ਉਡਦੇ ਅਰਮਾਨ ਨੇ ਰੂੰ ਬਣ ਕੇ ।

ਅਸੀਂ ਆਪਣਾ ਸਮਝ ਕੇ ਵੋਟ ਪਾਈ,
ਇਨ੍ਹਾਂ ਵੋਟ ਦਾ ਸਿਲਾ ਵੀ ਤਾਰਿਆ ਨਾ ।
ਸਾਨੂੰ ਮਹਿੰਗ ਉਬਾਲਿਆ ਦੁੱਧ ਵਾਗੂੰ,
ਇਨ੍ਹਾਂ ਪਾਣੀ ਦਾ ਛੱਟਾ ਵੀ ਮਾਰਿਆ ਨਾ ।

ਇਹ ਦੇਸ਼ ਦੀ ਪੂੰਜੀ ਨੂੰ ਨਾਗ ਬਣ ਕੇ,
ਆਪੂੰ ਸਾਂਭ ਲੈਂਦੇ ਆਪੂੰ ਖੱਟ ਜਾਂਦੇ ।
ਵਾਅਦੇ ਕਰਦੇ ਨੇ ਕੱਚੇ ਮਹਿਬੂਬ ਵਾਂਗੂ,
ਆਪੇ ਥੁੱਕ ਕੇ ਤੇ ਆਪੇ ਚੱਟ ਜਾਂਦੇ ।

ਸੀਨਾ-ਜ਼ੋਰੀਆਂ ਨੇ ਹਿਰਦੇ ਸਾੜ ਸੁੱਟੇ,
ਸੜਿਆਂ ਹੋਇਆਂ ਦੀ ਆਓ ਸੰਭਾਲ ਕਰੀਏ ।
ਜਿਹਨੂੰ ਰਾਠ ਉਧਾਲ ਕੇ ਲੈ ਗਏ ਨੇ,
ਆਪਣੀ ਕਿਸਮਤ ਦੀ ਮੁੱਢੋਂ ਪੜਤਾਲ ਕਰੀਏ ।

ਕੁੱਤੇ ਜਿਹੀ ਇਨਸਾਨ ਦੀ ਕਦਰ ਹੈ ਨਾ,
ਅੱਗੋਂ ਮੰਗਦੇ ਨੇ ਸਾਥੋਂ ਵਫ਼ਾਦਾਰੀ ।
ਜਾਂ ਤਾਂ ਅਸੀਂ ਹੀ ਰਹਾਂਗੇ ਦੇਸ਼ ਅੰਦਰ,
ਜਾਂ ਫਿਰ ਰਹੇਗੀ ਇੱਥੇ ਸਰਮਾਏਦਾਰੀ ।

ਅਸੀਂ ਆਪਣਿਆਂ ਢਿੱਡਾਂ ਦੀ ਮੰਗ ਲੈ ਕੇ,
ਨਿੱਤਰ ਆਏ ਹਾਂ ਏਕੇ ਦੀ ਲਾਮ ਉੱਤੇ ।
ਲਾਰੇ ਵੇਖ ਕੇ ਇਨ੍ਹਾਂ ਮੁਸਾਹਿਬਾਂ ਦੇ,
ਨੀਝ ਲੱਗੀ ਏ ਹੁਣ ਤਾਂ ਸੰਗਰਾਮ ਉੱਤੇ ।

ਜੇਕਰ ਅੱਜ ਨਾ ਹੱਕਾਂ ਦੀ ਗੱਲ ਕੀਤੀ,
ਸਾਰੇ ਬੱਚਿਆਂ ਦੇ ਵਿਹਨੈਂ ਚੋਹਲ ਜਲਦੇ ।
ਖੇਤਾਂ ਵਿੱਚ ਕਿਸਾਨ ਦੇ ਬੋਹਲ ਜਲਦੇ,
ਮੇਰੇ ਗੀਤ ਜਲਦੇ, ਮੇਰੇ ਘੋਲ ਜਲਦੇ ।
 

ਲਲਕਾਰ
ਐ ਕਿਸਾਨੋ ! ਕਿਰਤੀਓ !! ਕਿਰਤਾਂ ਲੁਟਾਵਣ ਵਾਲਿਓ ।
ਅਣਦਿਸਦੇ, ਡੁੱਲਦੇ ਲਹੂ ਨੂੰ, ਠੱਲ੍ਹਾਂ ਲਗਾਵਣ ਵਾਲਿਓ ।

ਵਤਨ ਨੂੰ ਹੁਣ ਫੇਰ ਖ਼ੂਨੀ, ਰੰਗਤਾਂ ਦੀ ਲੋੜ ਹੈ ।
ਦਸਮੇਸ਼ ਦੀ ਤਲਵਾਰ ਨੂੰ, ਹੁਣ ਸੰਗਤਾਂ ਦੀ ਲੋੜ ਹੈ ।

ਐ ਵਤਨ ਦੇ ਆਸ਼ਕੋ, ਮੰਜ਼ਲ ਬੜੀ ਦੂਰਾਂ ਦੀ ਹੈ ।
ਹਰ ਕਦਮ ਤੇ ਫਾਂਸੀਆਂ, ਹੁਣ ਲੋੜ ਮਨਸੂਰਾਂ ਦੀ ਹੈ ।

ਫ਼ਿਰਕਿਆਂ ਦਾ ਮਾਂਦਰੀ, ਅੱਜ ਫੇਰ ਟੂਣੇ ਕਰ ਰਿਹਾ ।
ਅੱਜ ਕਿਰਤ ਦਾ ਦੇਵਤਾ, ਆਪੋ 'ਚ ਲੜ ਕੇ ਮਰ ਰਿਹਾ ।

ਵਿਹਲੜਾਂ ਦਾ ਵੱਗ ਆ, ਸਾਡੀ ਅੰਗੂਰੀ ਕਿਓਂ ਚਰੇ ।
ਨਫ਼ਰਤਾਂ ਦੇ ਸੇਕ ਨਾਲ, ਸਾਡਾ ਮੁੜ੍ਹਕਾ ਕਿਓਂ ਸੜੇ ।

'ਰੌਣ' ਦੇ ਹੱਥੀਂ ਹੈ 'ਸੀਤਾ', ਫੇਰ ਪਕੜਾਈ ਗਈ ।
ਆਤਮਾ ਦੀ ਲਾਸ਼ ਹੁਣ ਤਾਂ, ਫੇਰ ਦਫ਼ਨਾਈ ਗਈ ।

'ਦਰੋਪਤੀ' 'ਦੁਰਯੋਧਨਾਂ' ਦਾ ਚਿੱਤ ਹੈ ਪਰਚਾ ਰਹੀ ।
ਪਰ ਦੇਖਦੀ ਅਰਜਨ ਦੀ ਅੱਖ, ਅਣਡਿੱਠ ਕਰਦੀ ਜਾ ਰਹੀ ।

ਹਾੜ੍ਹੀਆਂ ਤੇ ਸੌਣੀਆਂ ਦੀ, ਸੌਂਹ ਕਿਸਾਨੋ, ਕਾਮਿਓ ।
ਗੈਂਤੀਆਂ ਤੇ ਤੇਸਿਆਂ ਦੀ, ਸੌਂਹ ਹੱਕਾਂ ਦੇ ਹਾਮੀਓ ।

ਜੁੱਸਿਆਂ ਵਿਚ ਅਣਖ ਦਾ ਸਾਹ, ਭਰਨ ਦੀ ਬੱਸ ਲੋੜ ਹੈ ।
ਤੇ ਤਾਣ ਸੀਨਾ ਜ਼ੁਲਮ ਅੱਗੇ, ਖੜਨ ਦੀ ਬੱਸ ਲੋੜ ਹੈ ।

ਜ਼ੁਲਮ ਨਾ ਸਹਿਣਾ ਇਹ, ਸਚੇ ਰੱਬ ਦੀ ਹੈ ਬੰਦਗੀ ।
ਤੇ ਸਚ ਲਈ ਮਰਕੇ ਹੈ, ਮਿਟ ਜਾਣਾ ਹੀ ਅਸਲੀ ਜ਼ਿੰਦਗੀ ।


author

rajwinder kaur

Content Editor

Related News