ਖੇਤੀਬਾਡ਼ੀ ਵਿਭਾਗ ਦੇ ਨਿੱਤ ਨਵੇਂ ਫਰਮਾਨਾਂ ਖਿਲਾਫ ਕਿਸਾਨਾਂ ਲਾਇਆ ਜਾਮ
Saturday, Jun 16, 2018 - 06:59 AM (IST)

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)– ਵੱਖ-ਵੱਖ ਕਿਸਾਨ ਸੰਗਠਨਾਂ ਨੇ ਆਪਣੀਅਾਂ ਮੰਗਾਂ ਸਬੰਧੀ ਵੱਖ-ਵੱਖ ਥਾਈਂ ਧਰਨੇ ਲਾ ਕੇ ਨਾਅਰੇਬਾਜ਼ੀ ਕੀਤੀ, ਜਿਸ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਆਪਣੀਆਂ ਮੰਗਾਂ ਸਬੰਧੀ ਤਰਕਸ਼ੀਲ ਰੋਡ ਜਾਮ ਕਰ ਕੇ ਧਰਨਾ ਦਿੱਤਾ। ਉਪਰੰਤ ਖੇਤੀਬਾਡ਼ੀ ਵਿਭਾਗ ਦੇ ਫਰਵਾਹੀ ਬਾਜ਼ਾਰ ਸਥਿਤ ਦਫ਼ਤਰ ਦੇ ਸਾਹਮਣੇ ਜ਼ਿਲਾ ਪੱਧਰੀ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਦਰਸ਼ਨ ਸਿੰਘ ਰਾਏਸਰ ਤੇ ਜ਼ਿਲਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਕਿਹਾ ਕਿ ਕਹਿਣ ਨੂੰ ਤਾਂ ਖੇਤੀਬਾਡ਼ੀ ਵਿਭਾਗ ਕਿਸਾਨਾਂ ਦੀ ਮਦਦ ਕਰਨ ਵਾਸਤੇ ਬਣਾਇਆ ਹੋਇਆ ਹੈ ਪਰ ਹਕੀਕਤ ਵਿਚ ਇਹ ਵਿਭਾਗ ਕਿਸਾਨਾਂ ਦਾ ਨੁਕਸਾਨ ਕਰਨ ’ਤੇ ਤੁਲਿਆ ਹੋਇਆ ਹੈ। ਖੇਤੀਬਾਡ਼ੀ ਵਿਭਾਗ ਇਕ ਪਾਸੇ ਤਾਂ ਝੋਨੇ ਦਾ ਵਧੇਰੇ ਝਾਡ਼ ਦੇਣ ਵਾਲੀਆਂ ਕਿਸਮਾਂ ਬੀਜਣ ਦੀ ਸਲਾਹ ਦਿੰਦਾ ਹੈ, ਜਿਨ੍ਹਾਂ ਦੀ ਬੀਜਾਈ 1 ਜੂਨ ਤੋਂ ਹੀ ਹੋਣੀ ਚਾਹੀਦੀ ਹੈ ਫਿਰ ਉਹ ਪੂਰਾ ਝਾਡ਼ ਦੇ ਸਕਦੀਆਂ ਹਨ ਪਰ ਨਾਲ ਹੀ ਪਾਵਰਕਾਮ ਨੂੰ 20 ਜੂਨ ਤੱਕ ਬਿਜਲੀ ਨਾ ਛੱਡਣ ਲਈ ਕਹਿ ਰਿਹਾ ਹੈ। ਇਸੇ ਤਰ੍ਹਾਂ ਨਹਿਰੀ ਵਿਭਾਗ ਨੂੰ ਵੀ 20 ਜੂਨ ਤੱਕ ਨਹਿਰਾਂ ਵਿਚ ਪਾਣੀ ਨਾ ਛੱਡਣ ਦੀਆਂ ਹਿਦਾਇਤਾਂ ਦਿੱਤੀਆਂ ਗਈਅਾਂ ਹਨ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਜਥੇਬੰਦਕ ਸਕੱਤਰ ਸਾਹਿਬ ਸਿੰਘ ਬਡਬਰ ਨੇ ਕਿਹਾ ਕਿ ਖੇਤੀਬਾਡ਼ੀ ਵਿਭਾਗ ਦੀ ਕਿਸਾਨਾਂ ਨਾਲ ਦੁਸ਼ਮਣੀ ਦਾ ਇਕ ਸਬੂਤ ਇਹ ਹੈ ਕਿ ਇਸ ਨੇ ਮੁਕਸਤਰ-ਫ਼ਿਰੋਜ਼ਪੁਰ ਦੇ ਸੇਮ ਮਾਰੇ ਇਲਾਕਿਆਂ ਵਿਚ ਵੀ 20 ਜੂਨ ਤੋਂ ਪਹਿਲਾਂ ਝੋਨਾ ਲਾਉਣ ਦੀ ਆਗਿਆ ਨਹੀਂ ਦਿੱਤੀ ਤੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖਡ਼ਕਾਉਣਾ ਪਿਆ। ਹੁਣ ਉਨ੍ਹਾਂ ਨੇ ਹਾਈ ਕੋਰਟ ਤੋਂ ਇਜਾਜ਼ਤ ਲੈ ਕੇ ਝੋਨਾ ਲਾਇਆ ਹੈ। ਇਸ ਮੌਕੇ ਜ਼ਿਲਾ ਜਨਰਲ ਸਕੱਤਰ ਮਲਕੀਤ ਸਿੰਘ, ਸੰਦੀਪ ਚੀਮਾ, ਪਰਮਿੰਦਰ ਸਿੰਘ, ਭੋਲਾ ਸਿੰਘ, ਕੁਲਵੰਤ ਭਦੌਡ਼, ਬੂਟਾ ਸਿੰਘ ਬਰਾਡ਼, ਲਖਵੀਰ ਸਿੰਘ, ਗੋਰਾ ਭਦੌਡ਼ ਨੇ ਵੀ ਸੰਬੋਧਨ ਕੀਤਾ।