ਮਸਲਾ ਪਰਾਲੀ ਸਾੜਨ ਦਾ : ਖੇਤੀ ਮਾਹਿਰ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਦੇ ਪੱਖ ''ਚ

11/14/2017 7:19:34 AM

ਚੰਡੀਗੜ੍ਹ — ਉੱਤਰੀ ਰਾਜਾਂ ਦੇ ਜ਼ਿਆਦਾਤਰ ਭਾਗ ਸਮੋਗ ਸੰਕਟ ਨਾਲ ਲੜ ਰਹੇ ਹਨ ਅਤੇ ਖੇਤੀ ਮਾਹਿਰ  ਅਤੇ ਅਧਿਕਾਰੀ ਪਰਾਲੀ ਦਾ ਸਰਵਉੱਤਮ ਪ੍ਰਬੰਧ ਕਰਨ ਵਾਲੀ ਇਕ ਪ੍ਰਣਾਲੀ ਦੀ ਸਹਾਇਤਾ ਨਾਲ ਅਗਲੇ ਸਾਲ ਪਰਾਲੀ ਨੂੰ ਸਾੜਨਾ ਘੱਟ ਕਰਨ ਦੇ ਅਸਰਦਾਰ ਪ੍ਰਬੰਧ ਬਾਰੇ ਆਸ਼ਾਵਾਦੀ ਹਨ। ਲੁਧਿਆਣਾ ਸਥਿਤ ਪੰਜਾਬ ਖੇਤੀ ਯੂਨੀਵਰਸਿਟੀ ਵਿਖੇ ਇਕ ਹਾਲੀਆ ਮੀਟਿੰਗ ਵਿਚ ਅਗਾਂਹਵਧੂ ਕਿਸਾਨਾਂ ਅਤੇ ਅਧਿਕਾਰੀਆਂ ਨੇ ਅਗਲੇ ਸਾਲ ਪਰਾਲੀ ਸਾੜਨ ਦੇ ਵਾਤਾਵਰਣ ਪੱਖੀ ਤਰੀਕੇ ਦੀ ਰਣਨੀਤੀ ਬਣਾਉਣ ਦੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਇਹ ਸੰਕੇਤ ਦਿੱਤਾ ਗਿਆ ਕਿ ਪਰਾਲੀ ਪ੍ਰਬੰਧਨ ਪ੍ਰਣਾਲੀ ਨੂੰ ਕੰਬਾਈਨ ਹਾਰਵੈਸਟਰਾਂ ਉਪਰ ਲਾਉਣਾ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਕਿ ਕਿਸਾਨ ਕੱਟੀ ਹੋਈ ਪਰਾਲੀ ਨੂੰ ਆਸਾਨੀ ਨਾਲ ਨਿਬੇੜ ਸਕਣ। ਇਹ ਮੀਟਿੰਗ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਹਿਣ 'ਤੇ ਬੁਲਾਈ ਗਈ ਸੀ।
ਮੀਟਿੰਗ ਵਿਚ ਦੱਖਣ ਏਸ਼ੀਆ ਲਈ ਬੋਰਲਾਫ ਇੰਸਟੀਚਿਊਟ ਦੇ ਡਾ. ਐੱਚ. ਐੱਸ. ਸਿੱਧੂ ਨੇ ਪਰਾਲੀ ਨੂੰ ਗੱਠਾਂ ਵਿਚ ਬੰਨ੍ਹ ਕੇ ਹਟਾਉਣ ਦੀ ਬਜਾਏ ਉਸ ਨੂੰ ਖੇਤਾਂ ਵਿਚ ਹੀ ਖਤਮ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਝੋਨੇ ਦੀ ਵਾਢੀ ਪਿੱਛੋਂ ਕਣਕ ਦੀ ਸਿੱਧੀ ਬਿਜਾਈ ਲਈ ਇਸੇ ਸਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਕੰਬਾਈਨ ਹਾਰਵੈਸਟਰਾਂ ਨਾਲ ਫਿਟ ਕਰਨ ਦਾ ਤਜਰਬਾ ਕਾਫੀ ਸਫਲ ਰਿਹਾ।
ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਕਿ ਮੌਜੂਦਾ ਮਸ਼ੀਨਾਂ ਜਿਵੇਂ ਕਿ ਕਟਰ-ਕਮ-ਸਪਰੈਡਰ (ਮਲਚਰ) ਉਲਟਾਵੇਂ ਹਲ ਅਤੇ ਹੈਪੀ ਸੀਡਰ ਕਣਕ ਬੀਜਣ ਲਈ ਪਰਾਲੀ ਦੇ ਅਸਰਦਾਰ ਪ੍ਰਬੰਧਨ ਲਈ ਕਾਫੀ ਕਾਰਗਰ ਹਨ। ਪੀ.ਏ. ਯੂ. ਨੇ ਇਸ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨੂੰ 2016 ਵਿਚ ਵਿਕਸਿਤ ਕੀਤਾ ਸੀ। ਪੀ. ਏ. ਯੂ. ਵਿਖੇ ਖੋਜ ਨਿਰਦੇਸ਼ਕ ਡਾ. ਐੱਨ. ਐੱਸ. ਬੈਂਸ ਅਤੇ ਪੀ.ਏ. ਯੂ. ਦੇ ਉਪ ਕੁਲਪਤੀ ਡਾ. ਬੀ. ਐੱਸ. ਢਿਲੋਂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।


Related News