ਵਿਆਹੁਤਾ ਪ੍ਰੇਮਿਕਾ ਦਾ ਕਤਲ ਕਰਨ ਦੇ ਮਾਮਲੇ ’ਚ ਦੋਸ਼ ਤੈਅ
Thursday, Sep 11, 2025 - 02:19 PM (IST)

ਚੰਡੀਗੜ੍ਹ (ਪ੍ਰੀਕਸ਼ਿਤ) : ਜ਼ਿਲ੍ਹਾ ਅਦਾਲਤ ਨੇ ਡੇਢ ਸਾਲ ਪਹਿਲਾਂ ਵਿਆਹੁਤਾ ਪ੍ਰੇਮਿਕਾ ਦਾ ਗਲਾ ਘੁੱਟ ਕੇ ਕਤਲ ਕਰਨ ਦੇ ਮੁਲਜ਼ਮ ਪ੍ਰੇਮੀ ਖ਼ਿਲਾਫ਼ ਦੋਸ਼ ਤੈਅ (ਚਾਰਜ ਫ੍ਰੇਮ) ਕਰ ਦਿੱਤੇ ਹਨ। ਰਾਜਦੀਪ ਖ਼ਿਲਾਫ਼ ਬੀ.ਐੱਨ.ਐੱਸ. ਦੀ ਧਾਰਾ 103 ਤਹਿਤ ਕਾਰਵਾਈ ਹੋਈ ਹੈ। ਹੁਣ 9 ਅਕਤੂਬਰ ਤੋਂ ਮੁਕੱਦਮਾ ਚੱਲੇਗਾ। ਸੈਕਟਰ-26 ਥਾਣਾ ਪੁਲਸ ਨੇ 14 ਅਪ੍ਰੈਲ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਕਰੀਬ 2 ਮਹੀਨੇ ਪਹਿਲਾਂ ਚਾਰਜਸ਼ੀਟ ਦਾਇਰ ਕੀਤੀ ਸੀ।
ਮ੍ਰਿਤਕ ਦੀ ਸੱਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਕੁੱਝ ਸਮੇਂ ਪਹਿਲਾਂ ਬੇਟੇ ਦਾ ਵਿਆਹ ਹੋਇਆ ਸੀ, ਜੋ ਕੈਨੇਡਾ ’ਚ ਰਹਿ ਰਿਹਾ ਹੈ ਅਤੇ ਨੂੰਹ ਸੈਕਟਰ-27 ਵਿਖੇ ਪੀ. ਜੀ. ਵਿਚ ਰਹਿੰਦੀ ਸੀ। ਇਸ ਦੌਰਾਨ ਉਸ ਦੀ ਰਾਜਦੀਪ ਨਾਲ ਜਾਣ-ਪਛਾਣ ਹੋ ਗਈ ਤੇ ਉਹ ਮਿਲਣ ਆਉਣ ਲੱਗ ਪਿਆ। 14 ਅਪ੍ਰੈਲ ਨੂੰ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਕਾਰ ਝਗੜਾ ਹੋ ਗਿਆ ਤੇ ਰਾਜਵੀਰ ਨੇ ਗੁੱਸੇ ’ਚ ਉਸ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਨੂੰਹ ਬੇਹੋਸ਼ ਹੋ ਕੇ ਡਿੱਗ ਗਈ। ਵਾਰਦਾਤ ਤੋਂ ਬਾਅਦ ਦੋਸ਼ੀ ਉਸ ਨੂੰ ਸੈਕਟਰ-32 ਹਸਪਤਾਲ ਲੈ ਗਿਆ। ਉੱਥੇ ਵਿਗੜਦੀ ਹਾਲਤ ਦੇਖ ਮੋਹਾਲੀ ਸਥਿਤ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਪਹਿਲਾਂ ਕਤਲ ਦੀ ਕੋਸ਼ਿਸ਼ ਤਹਿਤ ਕੇਸ ਦਰਜ ਕੀਤਾ ਸੀ, ਬਾਅਦ ’ਚ ਮੌਤ ਹੋਣ ’ਤੇ ਕਤਲ ਦੀ ਧਾਰਾ ਜੋੜ ਦਿੱਤੀ।