ਛੁੱਟੀ ਕੱਟ ਕੇ ਪਰਤ ਰਿਹਾ ਪੰਜਾਬ ਦਾ ਅਗਨੀਵੀਰ ਸ਼ੱਕੀ ਹਾਲਾਤ ''ਚ ਲਾਪਤਾ

Wednesday, Sep 16, 2026 - 07:00 PM (IST)

ਛੁੱਟੀ ਕੱਟ ਕੇ ਪਰਤ ਰਿਹਾ ਪੰਜਾਬ ਦਾ ਅਗਨੀਵੀਰ ਸ਼ੱਕੀ ਹਾਲਾਤ ''ਚ ਲਾਪਤਾ

ਤਲਵਾੜਾ (ਜੋਸ਼ੀ): ਪੁਲਸ ਸਟੇਸ਼ਨ ਅਤੇ ਬਲਾਕ ਤਲਵਾੜਾ ਦੇ ਅਧੀਨ ਆਉਂਦੇ ਪਿੰਡ ਨਗਰ (ਦਾਤਾਰਪੁਰ) ਦਾ ਇਕ ਅਗਨੀਵੀਰ ਜਵਾਨ ਛੁੱਟੀ ਬਿਤਾਉਣ ਤੋਂ ਬਾਅਦ ਵਾਪਸ ਜੰਮੂ-ਕਸ਼ਮੀਰ ਸਥਿਤ ਆਪਣੀ ਯੂਨਿਟ ਲਈ ਰਵਾਨਾ ਹੋਇਆ ਸੀ, ਜੋ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਿਆ। ਜਵਾਨ ਦਾ ਕੋਈ ਸੁਰਾਗ ਨਾ ਮਿਲਣ ਕਾਰਨ ਪਰਿਵਾਰ ਵਾਲੇ ਡੂੰਘੇ ਸਦਮੇ ਅਤੇ ਚਿੰਤਾ ਵਿਚ ਹਨ। 

ਲਾਪਤਾ ਅਗਨੀਵੀਰ ਜਵਾਨ ਗੁਰਪ੍ਰੀਤ ਸੰਧੂ (21) ਦੇ ਪਿਤਾ ਰਾਜਕੁਮਾਰ, ਨਿਵਾਸੀ ਪਿੰਡ ਨਗਰ (ਦਾਤਾਰਪੁਰ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਬੇਟਾ ਗੁਰਪ੍ਰੀਤ ਸੰਧੂ ਲਗਭਗ 10 ਮਹੀਨੇ ਪਹਿਲਾਂ ਅਗਨੀਵੀਰ ਯੋਜਨਾ ਤਹਿਤ ਫੌਜ ਵਿਚ ਭਰਤੀ ਹੋਇਆ ਸੀ। ਉਹ 31 ਅਗਸਤ ਨੂੰ ਆਪਣੀ ਯੂਨਿਟ ਤੋਂ ਛੁੱਟੀ ਲੈ ਕੇ ਘਰ ਆਇਆ ਸੀ। ਛੁੱਟੀ ਖ਼ਤਮ ਹੋਣ ਤੋਂ ਬਾਅਦ 14 ਸਤੰਬਰ ਨੂੰ ਦੁਪਹਿਰ ਲਗਭਗ 12 ਵਜੇ ਉਹ ਘਰ ਤੋਂ ਜੰਮੂ ਸਥਿਤ ਆਪਣੀ ਯੂਨਿਟ ਲਈ ਰਵਾਨਾ ਹੋਇਆ ਸੀ । 14 ਸਤੰਬਰ ਦੀ ਰਾਤ ਲਗਭਗ 9 ਵਜੇ ਫੌਜੀ ਯੂਨਿਟ ਤੋਂ ਪਰਿਵਾਰ ਵਾਲਿਆਂ ਨੂੰ ਫ਼ੋਨ ਆਇਆ ਕਿ ਗੁਰਪ੍ਰੀਤ ਸੰਧੂ ਸਮੇਂ ਸਿਰ ਆਪਣੀ ਯੂਨਿਟ ਵਿਚ ਰਿਪੋਰਟ ਕਰਨ ਨਹੀਂ ਪਹੁੰਚਿਆ ਹੈ। ਇਹ ਜਾਣਕਾਰੀ ਮਿਲਦਿਆਂ ਹੀ ਪਰਿਵਾਰ ਵਿਚ ਹੜਕੰਪ ਮਚ ਗਿਆ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ 15 ਸਤੰਬਰ ਨੂੰ ਪਰਿਵਾਰ ਵਾਲਿਆਂ ਨੇ ਪੁਲਸ ਸਟੇਸ਼ਨ ਤਲਵਾੜਾ ਵਿਚ ਗੁਰਪ੍ਰੀਤ ਸੰਧੂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। 

ਇਸ ਤੋਂ ਬਾਅਦ ਪਿੰਡ ਦੇ 8-10 ਮੋਹਤਬਰ ਵਿਅਕਤੀ ਅਤੇ ਫੌਜੀ ਯੂਨਿਟ ਦੇ ਜਵਾਨ ਸਾਂਝੇ ਤੌਰ 'ਤੇ ਗੁਰਪ੍ਰੀਤ ਦੀ ਭਾਲ ਲਈ ਜੰਮੂ ਰਵਾਨਾ ਹੋ ਗਏ । ਜਦੋਂ ਪਰਿਵਾਰ ਵਾਲਿਆਂ ਨੇ ਦਾਤਾਰਪੁਰ ਸਥਿਤ ਬੈਂਕ ਖਾਤੇ ਨਾਲ ਜੁੜੀ ਟ੍ਰਾਂਜੈਕਸ਼ਨ ਚੈੱਕ ਕੀਤੀ, ਤਾਂ ਪਤਾ ਲੱਗਾ ਕਿ 14 ਸਤੰਬਰ ਨੂੰ ਜੰਮੂ ਦੀਆਂ ਕੁਝ ਸਥਾਨਕ ਦੁਕਾਨਾਂ ਤੋਂ ਉਸ ਦੇ ਬੈਂਕ ਕਾਰਡ ਰਾਹੀਂ ਖਰੀਦਦਾਰੀ ਕੀਤੀ ਗਈ ਸੀ। ਖਬਰ ਲਿਖੇ ਜਾਣ ਤੱਕ ਅਗਨੀਵੀਰ ਜਵਾਨ ਗੁਰਪ੍ਰੀਤ ਸੰਧੂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਸੀ। ਪੁਲਸ ਅਤੇ ਫ਼ੌਜ ਦੇ ਜਵਾਨ ਵੱਖ-ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਅਤੇ ਭਾਲ ਵਿਚ ਜੁਟੇ ਹੋਏ ਹਨ।


author

Anmol Tagra

Content Editor

Related News