ਏਜੰਟਾਂ ਦੀ ਖੇਡ ’ਚ ਫਸ ਟੁੱਟਿਆ ਕੈਨੇਡਾ ਜਾਣ ਦਾ ਸੁਫ਼ਨਾ, 26 ਲੱਖ ਰੁਪਏ ਦੀ ਹੋਈ ਠੱਗੀ

Monday, Sep 18, 2023 - 11:07 AM (IST)

ਏਜੰਟਾਂ ਦੀ ਖੇਡ ’ਚ ਫਸ ਟੁੱਟਿਆ ਕੈਨੇਡਾ ਜਾਣ ਦਾ ਸੁਫ਼ਨਾ, 26 ਲੱਖ ਰੁਪਏ ਦੀ ਹੋਈ ਠੱਗੀ

ਬਠਿੰਡਾ (ਸੁਖਵਿੰਦਰ) : ਕੈਨੇਡਾ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਦੋ ਮਾਮਲਿਆਂ ’ਚ ਸਿਵਲ ਲਾਈਨ ਪੁਲਸ ਵੱਲੋਂ ਇਕ ਔਰਤ ਸਮੇਤ ਤਿੰਨ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਸੁਖਪ੍ਰੀਤ ਸਿੰਘ ਵਾਸੀ ਮਹਿਮਾ ਸਰਜਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਕੈਨੇਡਾ ਜਾਣ ਲਈ ਮੁਲਜ਼ਮ ਅਮਨਦੀਪ ਕੌਰ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਅਤੇ ਨਕੁਲ ਕੁਮਾਰ ਵਾਸੀ ਲਾਲ ਸਿੰਘ ਨਗਰ ਕੋਲ ਅਪਲਾਈ ਕੀਤਾ ਸੀ। ਉਨ੍ਹਾਂ ਕਿਹਾ ਕਿ ਵੀਜ਼ਾ ਲਗਵਾਉਣ ਲਈ ਉਸ ਵੱਲੋਂ 12,99,990 ਰੁਪਏ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਬਾਅਦ ਮੁਲਜ਼ਮਾਂ ਵੱਲੋਂ ਉਸ ਨੂੰ ਕੈਨੇਡਾ ਦਾ ਵੀਜ਼ਾ ਸੌਂਪ ਦਿੱਤਾ। ਉਨ੍ਹਾਂ ਨੂੰ ਸ਼ੱਕ ਹੋਣ ’ਤੇ ਜਦੋਂ ਵੀਜ਼ਾ ਚੈੱਕ ਕਰਵਾਇਆ ਤਾ ਉਹ ਜਾਅਲੀ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਕਰ ਕੇ ਮੁਲਜ਼ਮਾਂ ਵੱਲੋਂ ਉਸ ਨਾਲ ਠੱਗੀ ਮਾਰੀ ਹੈ।

ਇਸੇ ਤਰ੍ਹਾਂ ਜਗਮੋਹਨ ਸਿੰਘ ਵਾਸੀ ਜੋਗਾਨੰਦ ਨੇ ਇਸੇ ਥਾਣੇ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਨ੍ਹਾਂ ਵੱਲੋਂ ਕੈਨੇਡਾ ਦਾ ਵੀਜ਼ਾ ਲਗਵਾਉਣ ਲਈ ਫਲਾਈ ਅਬਰੌਡ ਸੈਂਟਰ ਵਿਖੇ ਮੁਲਜ਼ਮ ਰਵਿੰਦਰਜੀਤ ਸਿੰਘ ਵਾਸੀ ਬੜੂ ਸਾਹਿਬ ਕੋਲ ਅਪਲਾਈ ਕੀਤਾ ਸੀ। ਉਸ ਵੱਲੋਂ ਮੁਲਜ਼ਮਾਂ ਦੀਆਂ ਗੱਲਾਂ ’ਚ ਆ ਕੇ ਵੀਜ਼ਾ ਲਗਵਾਉਣ ਲਈ 13,40,000 ਰੁਪਏ ਦੇ ਦਿੱਤੇ, ਜਿਸ ਦੀਆਂ ਮੁਲਜ਼ਮਾਂ ਵੱਲੋਂ ਉਸ ਨੂੰ ਰਸੀਦਾਂ ਦੇ ਦਿੱਤੀਆਂ। ਜਦੋਂ ਉਨ੍ਹਾਂ ਵੱਲੋਂ ਚੈੱਕ ਕੀਤਾ ਗਿਆ ਤਾਂ ਉਕਤ ਰਸੀਦਾਂ ਜਾਅਲੀ ਸਨ। ਉੁਨ੍ਹਾਂ ਕਿਹਾ ਕਿ ਇਸ ਤਰ੍ਹਾਂ ਮੁਲਜ਼ਮਾਂ ਵੱਲੋਂ ਉਸ ਨਾਲ ਠੱਗੀ ਮਾਰੀ ਗਈ ਹੈ। ਪੁਲਸ ਵੱਲੋਂ ਸ਼ਿਕਾਇਤ ਦੇ ਆਧਾਰ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Gurminder Singh

Content Editor

Related News