ਅਰਦਾਸ ਤੋਂ ਬਾਅਦ ਜੈਕਾਰਿਆਂ ਦੀ ਗੂੰਜ ''ਚ ਹੋਲੇ-ਮਹੱਲੇ ਦੀ ਸਮਾਪਤੀ, ਵੱਡੀ ਗਿਣਤੀ ''ਚ ਸੰਗਤ ਹੋਈ ਨਤਮਸਤਕ
Wednesday, Mar 08, 2023 - 07:45 PM (IST)
ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : ਖਾਲਸਾਈ ਸ਼ਾਨੋ-ਸ਼ੌਕਤ ਦਾ ਪ੍ਰਤੀਕ ਹੋਲਾ-ਮਹੱਲਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਜਿਸ ਵਿੱਚ ਲੱਖਾਂ ਦੀ ਤਾਦਾਤ ਵਿੱਚ ਸੰਗਤ ਦੇਸ਼ ਤੋਂ ਹੀ ਨਹੀਂ, ਸਗੋਂ ਵਿਦੇਸ਼ ਤੋਂ ਵੀ ਸ਼ਾਮਲ ਹੋਈ। ਅੱਜ ਬਾਅਦ ਦੁਪਹਿਰ ਮਹੱਲਾ ਇਕ ਨਗਰ ਕੀਰਤਨ ਦੇ ਰੂਪ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਕੇ ਕੱਢਿਆ ਗਿਆ, ਜਿਸ ਵਿੱਚ ਨਿਹੰਗ ਸਿੰਘ ਪੁਰਾਤਨ ਬਾਣੇ 'ਚ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏ। ਪੂਰਾ ਅਨੰਦਪੁਰ ਸਾਹਿਬ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ।
ਇਹ ਵੀ ਪੜ੍ਹੋ : ਮੋਟਰਸਾਈਕਲ ਸਵਾਰ 4 ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਡਾਕਟਰ ਤੋਂ ਲੁੱਟੀ ਆਰਟਿਕਾ ਕਾਰ
ਅੱਜ ਤੀਸਰੇ ਦਿਨ ਖਾਲਸਾ ਪੰਥ ਦੇ ਜਨਮ ਅਸਥਾਨ 'ਤੇ ਬਾਅਦ ਦੁਪਹਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਸੰਗਤਾਂ ਦਾ ਅਲੌਕਿਕ ਠਾਠਾਂ ਮਾਰਦਾ ਇਕੱਠ ਨਗਰ ਕੀਰਤਨ ਦੇ ਰੂਪ 'ਚ ਕਿਲ੍ਹਾ ਆਨੰਦਗੜ੍ਹ ਸਾਹਿਬ ਤੋਂ ਹੁੰਦਾ ਹੋਇਆ ਪੂਰੇ ਸ਼ਹਿਰ ਤੋਂ ਗੁਜ਼ਰਦਾ ਹੋਇਆ ਚਰਨ ਗੰਗਾ ਸਟੇਡੀਅਮ ਵਿਖੇ ਸਮਾਪਤ ਹੋਇਆ, ਜਿੱਥੇ ਬੁੱਢਾ ਦਲ ਦੇ ਮੁਖੀ ਬਲਬੀਰ ਸਿੰਘ , ਤਰਨਾ ਦਲ, ਬਿਧੀ ਚੰਦੀਏ ਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਵੱਲੋਂ ਚਲਾਈ ਗਈ ਪ੍ਰਥਾ ਅਨੁਸਾਰ ਨਿਹੰਗ ਸਿੰਘਾਂ ਵੱਲੋਂ ਗੱਤਕਾ, ਘੋੜ ਸਵਾਰੀ, ਨੇਜਾਬਾਜ਼ੀ ਅਤੇ ਹੋਰ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਜਾਂਦੇ ਹਨ। ਪੂਰਾ ਚਰਨ ਗੰਗਾ ਸਟੇਡੀਅਮ ਰੰਗ-ਬਿਰੰਗੇ ਬਾਣੇ ਤੇ ਰੰਗਾਂ ਦੇ ਨਾਲ ਦਿਲਕਸ਼ ਨਜ਼ਾਰਾ ਪੇਸ਼ ਕਰ ਰਿਹਾ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪ੍ਰੋਸਟੇਟ ਕੈਂਸਰ ਦੇ ਇਲਾਜ ਤੋਂ ਬਾਅਦ ਅਮਰੀਕੀ ਵਿਅਕਤੀ ਬੋਲਣ ਲੱਗਾ ਆਇਰਿਸ਼
ਹੋਲੇ-ਮਹੱਲੇ ਦਾ ਤਿਉਹਾਰ ਸਿੱਖ ਜਗਤ 'ਚ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਖਾਲਸਾ ਪੰਥ 'ਚ ਵੀਰ ਰਸ ਭਰਨ ਵਾਸਤੇ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1700 ਈ. ਦੀ ਵਿਸਾਖ ਦੇ ਮੌਕੇ ਪੰਜ ਪਿਆਰਿਆਂ ਦੀ ਚੋਣ ਕਰਕੇ ਅੰਮ੍ਰਿਤ ਦੀ ਬਖਸ਼ਿਸ਼ ਕਰਕੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਖਾਲਸੇ 'ਚ ਵੀਰ ਰਸ ਭਰਨ ਵਾਸਤੇ ਹੋਲੇ-ਮਹੱਲੇ ਮੌਕੇ ਘੋੜ ਸਵਾਰੀ, ਗੱਤਕਾ, ਨੇਜੇਬਾਜ਼ੀ, ਤੀਰ ਅੰਦਾਜ਼ੀ ਤੇ ਹੋਰ ਸ਼ਸਤਰਾਂ ਦਾ ਅਭਿਆਸ ਕਰਵਾਇਆ ਜਾਂਦਾ ਸੀ। ਦਸਮ ਪਾਤਸ਼ਾਹ ਦੀ ਚਲਾਈ ਹੋਈ ਰੀਤ ਮੁਤਾਬਕ ਧਰਮ ਅਤੇ ਦੇਸ਼ ਦੀ ਰੱਖਿਆ ਤੇ ਵੀਰਤਾ ਨੂੰ ਕਾਇਮ ਰੱਖਣ ਲਈ ਅੱਜ ਵੀ ਹੋਲਾ-ਮਹੱਲਾ ਮਨਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਰੰਜਿਸ਼ ਕਾਰਨ ਬਜ਼ੁਰਗ ਦਾ ਕਤਲ, ਚਾਕੂ ਮਾਰ-ਮਾਰ ਗੁਆਂਢੀ ਨੇ ਉਤਾਰਿਆ ਮੌਤ ਦੇ ਘਾਟ
ਇਸ ਤਿਉਹਾਰ 'ਚ ਮਨਸੂਈ ਯੁੱਧ ਲੜਿਆ ਜਾਂਦਾ ਸੀ। ਘੋੜ ਸਵਾਰ ਤੇ ਪੈਦਲ ਸ਼ਸਤਰਧਾਰੀ ਸਿੱਖਾਂ ਨੂੰ ਦੋ ਦਲਾਂ 'ਚ ਵੰਡ ਕੇ ਆਪਸੀ ਯੁੱਧ ਕਰਵਾਇਆ ਜਾਂਦਾ ਸੀ। ਇਕ ਦਲ ਕਿਸੇ ਖਾਸ ਸਥਾਨ 'ਤੇ ਯੁੱਧ ਕਰਕੇ ਕਬਜ਼ਾ ਕਰ ਲੈਂਦਾ ਤੇ ਦੂਜਾ ਦਲ ਪਹਿਲੇ ਦਲ ਪਾਸੋਂ ਉਹ ਸਥਾਨ ਛੁਡਾ ਕੇ ਆਪ ਕਾਬਜ਼ ਹੋਣ ਲਈ ਮਨਸੂਈ ਲੜਾਈ ਲੜਦਾ ਸੀ। ਇਸ ਪ੍ਰਕਾਰ ਜਿਹੜਾ ਦਲ ਫਤਿਹ ਕਰ ਲੈਂਦਾ, ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਜੇ ਮੈਦਾਨ 'ਚ ਆਪਣੇ ਹੱਥੀਂ ਸਿਰੋਪਾਓ ਦੀ ਬਖਸ਼ਿਸ਼ ਕਰਦੇ।
ਇਹ ਵੀ ਪੜ੍ਹੋ : ਰੂਸ ਦਾ ਯੂਕ੍ਰੇਨ 'ਤੇ ਵੱਡਾ ਹਮਲਾ, ਬਖਮੁਤ ਸ਼ਹਿਰ 'ਤੇ ਕਬਜ਼ੇ ਦੀ ਤਿਆਰੀ, ਘਰ ਛੱਡ ਕੇ ਭੱਜ ਰਹੇ ਲੋਕ
ਇਸ ਮੌਕੇ ਜਿੱਥੇ ਅਨੰਦਪੁਰ ਸਾਹਿਬ ਦੀ ਧਰਤੀ ਖਾਲਸਾਈ ਰੰਗ 'ਚ ਰੰਗੀ ਹੋਈ ਦਿਖਾਈ ਦਿੱਤੀ, ਉਥੇ ਹੀ ਕੇਸਰੀ ਦਸਤਾਰਾਂ ਨਾਲ ਸਿੰਘ ਸਜੇ ਹੋਏ ਦਿਖਾਈ ਦਿੱਤੇ। ਸ੍ਰੀ ਅਨੰਦਪੁਰ ਸਾਹਿਬ ਦੇ ਚਰਨ ਗੰਗਾ ਸਟੇਡੀਅਮ ਵਿੱਚ ਜਿੱਥੇ ਹੋਲਾ-ਮਹੱਲਾ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ, ਉਥੇ ਹੀ ਜੈਕਾਰਿਆਂ ਦੀ ਗੂੰਜ 'ਚ ਹੋਲੇ-ਮਹੱਲੇ ਦੀ ਸਮਾਪਤੀ ਹੋ ਗਈ। ਦੂਰ-ਦੁਰਾਡਿਓਂ ਆਏ ਲੋਕਾਂ ਨੇ ਹੋਲਾ-ਮਹੱਲਾ ਦੇਖਣ ਤੋਂ ਬਾਅਦ ਆਪੋ-ਆਪਣੇ ਘਰਾਂ ਨੂੰ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।