ਪ੍ਰੀ-ਬੋਰਡ ਤੋਂ ਬਾਅਦ ਹੁਣ ਨਾਨ-ਬੋਰਡ ਕਲਾਸਾਂ ਦੀ ਡੇਟਸ਼ੀਟ ਵੀ ਬਦਲੀ

01/29/2021 1:05:10 AM

ਲੁਧਿਆਣਾ, (ਵਿੱਕੀ)- ਪੰਜਾਬ ਦੇ ਸਿੱਖਿਆ ਵਿਭਾਗ, ਐੱਸ. ਸੀ. ਈ. ਆਰ. ਟੀ. ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਸਕੂਲੀ ਪ੍ਰੀਖਿਆਵਾਂ ਦੀ ਡੇਟਸ਼ੀਟ ਸਬੰਧੀ ਚੱਲ ਰਹੀ ਅਵਿਵਸਥਾ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ।
ਜਿੱਥੇ ਇਕ ਵਾਰ ਡੇਟਸ਼ੀਟ ਜਾਰੀ ਹੋਣ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੇ ਸ਼ਡਿਊਲ ਮੁਤਾਬਕ ਆਪਣੀ ਤਿਆਰੀ ਸ਼ੁਰੂ ਕਰ ਦਿੱਤੀ, ਨਾਲ ਹੀ ਹੁਣ ਬੋਰਡ, ਪ੍ਰੀ-ਬੋਰਡ ਤੋਂ ਬਾਅਦ ਨਾਨ-ਬੋਰਡ ਕਲਾਸਾਂ ਦੀ ਡੇਟਸ਼ੀਟ ਵਿਚ ਬਦਲਾਅ ਹੋਣ ਨਾਲ ਵਿਦਿਆਰਥੀਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਸਿੱਖਿਆ ਵਿਭਾਗ ਵੱਲੋਂ ਜਨਵਰੀ ਮਹੀਨੇ ਵਿਚ 10ਵੀਂ ਅਤੇ 12ਵੀਂ ਕਲਾਸ ਦੀ ਡੇਟਸ਼ੀਟ ਜਾਰੀ ਕੀਤੀ ਗਈ ਸੀ। ਇਸ ਦੇ ਨਾਲ ਹੀ ਵਿਭਾਗ ਵੱਲੋਂ ਸਾਰੀਆਂ ਨਾਨ-ਬੋਰਡ ਕਲਾਸਾਂ ਦੀ ਫਾਈਨਲ ਡੇਟਸ਼ੀਟ ਜਾਰੀ ਕੀਤੀਆਂ ਗਈਆਂ ਸਨ। ਇਸ ਡੇਟਸ਼ੀਟ ਤੋਂ ਇਕ ਦਿਨ ਬਾਅਦ ਹੀ ਐੱਸ. ਸੀ. ਈ. ਆਰ. ਟੀ. ਪੰਜਾਬ ਵੱਲੋਂ ਸਾਰੀਆਂ ਕਲਾਸਾਂ ਦੀ ਪ੍ਰੀ-ਬੋਰਡ ਡੇਟਸ਼ੀਟ ਜਾਰੀ ਕੀਤੀ ਗਈ ਸੀ। ਪਹਿਲਾਂ ਸਾਰੀਆਂ ਕਲਾਸਾਂ ਦੀਆਂ ਪ੍ਰੀ-ਬੋਰਡ ਪ੍ਰੀਖਿਆਵਾਂ 8 ਫਰਵਰੀ ਤੋਂ ਸ਼ੁਰੂ ਹੋਣੀਆਂ ਸਨ, ਜਿਸ ਨੂੰ ਹੁਣ ਬਦਲ ਕੇ 15 ਫਰਵਰੀ ਕਰ ਦਿੱਤਾ ਗਿਆ ਹੈ, ਨਾਲ ਹੀ ਨਾਨ-ਬੋਰਡ ਕਲਾਸਾਂ ਦੀਆਂ ਫਾਈਨਲ ਪ੍ਰੀਖਿਆਵਾਂ ਜੋ ਕਿ 8 ਮਾਰਚ ਤੋਂ ਸ਼ੁਰੂ ਹੋਣੀਆਂ ਸਨ, ਹੁਣ 15 ਮਾਰਚ ਤੋਂ ਹੋਣਗੀਆਂ। ਸਿੱਖਿਆ ਵਿਭਾਗ ਵੱਲੋਂ ਬਿਨਾਂ ਕਲਾਸ ਲਾਏ ਅੰਨ੍ਹੇਵਾਹ ਟੈਸਟ ਲਏ ਜਾਣ ਦੇ ਫੈਸਲੇ ਨੂੰ ਲੈ ਕੇ ਵੀ ਵਿਭਾਗ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਜਿੱਥੇ ਫਰਵਰੀ ਮਹੀਨੇ ਤੋਂ ਸਾਰੀਆਂ ਕਲਾਸਾਂ ਦੇ ਪ੍ਰੀ-ਬੋਰਡ ਐਗਜ਼ਾਮ ਸ਼ੁਰੂ ਹੋ ਰਹੇ ਹਨ, ਉਥੇ ਜਿਸ ਦਿਨ ਤੋਂ ਸਕੂਲ ਖੁੱਲ੍ਹੇ ਹਨ, ਉਸੇ ਦਿਨ ਤੋਂ ਲਗਾਤਾਰ ਵੱਖ-ਵੱਖ ਵਿਸ਼ਿਆਂ ਦੇ ਕਲਾਸ ਟੈਸਟ ਰੋਜ਼ਾਨਾ ਲਏ ਜਾ ਰਹੇ ਹਨ।
ਵੱਖ-ਵੱਖ ਅਧਿਆਪਕਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀ ਦਿਸ਼ਾਹੀਣ ਹੋ ਕੇ ਕੰਮ ਕਰ ਰਹੀ ਹੈ। ਉਨ੍ਹਾਂ ਦਾ ਇੱਕੋ-ਇਕ ਮਕਸਦ ਅਧਿਆਪਕਾਂ ’ਤੇ ਮਾਨਸਿਕ ਦਬਾਅ ਪਾ ਕੇ ਰੱਖਣਾ ਹੈ। ਉਨ੍ਹਾਂ ਕਿਹਾ ਕਿ 2 ਮਹੀਨੇ ਪਹਿਲਾਂ ਹੀ ਵਿਭਾਗ ਵੱਲੋਂ ਨਾਨ-ਬੋਰਡ ਕਲਾਸ ਦੀ ਡੇਟਸ਼ੀਟ ਜਾਰੀ ਕਰ ਦਿੱਤੀ ਗਈ ਸੀ, ਜਿਸ ਨੂੰ ਦੇਖ ਕੇ ਇਸ ਵਿਚ ਸੋਧ ਦੇ ਅਸਾਰ ਪਹਿਲਾਂ ਹੀ ਸਪੱਸ਼ਟ ਨਜ਼ਰ ਆ ਰਹੇ ਸਨ। ਵਾਰ-ਵਾਰ ਡੇਟਸ਼ੀਟ ਵਿਚ ਬਦਲਾਅ ਹੋਣ ਨਾਲ ਵਿਦਿਆਰਥੀ ਅਸਹਿਜ ਮਹਿਸੂਸ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਦੇ ਲਈ ਵਿਭਾਗੀ ਅਧਿਕਾਰੀ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ।
 


Bharat Thapa

Content Editor

Related News