ਆਜ਼ਾਦੀ ਦੇ 70 ਵਰ੍ਹਿਆਂ ਮਗਰੋਂ ਵੀ ਨਹੀਂ ਹੋਇਆ ਗੰਦੇ ਪਾਣੀ ਦੀ ਨਿਕਾਸੀ ਦਾ ਹੱਲ

Sunday, Feb 25, 2018 - 11:21 PM (IST)

ਮੋਗਾ, (ਪਵਨ ਗਰੋਵਰ, ਗੋਪੀ ਰਾਊਕੇ)- ਇਕ ਪਾਸੇ ਜਿਥੇ ਸਮੇਂ ਦੀਆਂ ਹਕੂਮਤਾਂ ਵੱਲੋਂ ਪੰਜਾਬ ਦੇ ਪਿੰਡਾਂ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਨਾਲ ਲੈਸ ਕਰਨ ਦੇ ਸਮੇਂ-ਸਮੇਂ 'ਤੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਪਰ ਦੂਜੇ ਪਾਸੇ ਜ਼ਮੀਨੀ ਹਕੀਕਤ ਇਨ੍ਹਾਂ ਦਾਅਵਿਆਂ ਨਾਲ ਰੱਤੀ ਭਰ ਵੀ ਮੇਲ ਖਾਂਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਪੰਜਾਬ ਦੇ ਬਹੁ ਗਿਣਤੀ ਪਿੰਡਾਂ ਕੋਲ ਗੰਦੇ ਪਾਣੀ ਦੀ ਨਿਕਾਸੀ ਦਾ ਕੋਈ ਠੋਸ ਪ੍ਰਬੰਧ ਨਾ ਹੋਣ ਕਰ ਕੇ ਪਿੰਡਾਂ ਦਾ ਗੰਦਾ ਪਾਣੀ ਡਰੇਨਾਂ 'ਚ ਪੈ ਰਿਹਾ ਹੈ, ਜਿਸ ਕਰ ਕੇ ਇਹ ਪਾਣੀ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। 
'ਜਗ ਬਾਣੀ' ਵੱਲੋਂ ਇਕੱਤਰ ਕੀਤੇ ਗਏ ਵੇਰਵਿਆਂ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਮਾਲਵਾ ਖਿੱਤੇ ਦੀ ਧੁੰਨੀ ਵਜੋਂ ਜਾਣੇ ਜਾਂਦੇ ਮੋਗਾ ਜ਼ਿਲੇ ਦੇ ਪਿੰਡਾਂ 'ਚ ਹੀ ਨਹੀਂ ਸਗੋਂ ਸ਼ਹਿਰਾਂ ਦਾ ਗੰਦਾ ਪਾਣੀ ਵੀ ਨਿਯਮਾਂ ਦੀ ਕਥਿਤ ਅਣਦੇਖੀ ਕਰ ਕੇ ਡਰੇਨਾਂ 'ਚ ਪਾਇਆ ਜਾ ਰਿਹਾ ਹੈ। ਮੋਗਾ ਸ਼ਹਿਰ ਦੇ ਸੰਧੂਆਂ ਵਾਲਾ ਰੋਡ ਤੋਂ ਲੰਘਦੀ ਡਰੇਨ 'ਚ ਪੈ ਰਿਹਾ ਗੰਦਾ ਪਾਣੀ ਨੇੜਿਓਂ ਲੰਘਣ ਵਾਲੇ ਲੋਕਾਂ ਦੇ 'ਨੱਕ 'ਚ ਦਮ' ਕਰ ਰਿਹਾ ਹੈ। ਇਸ ਡਰੇਨ ਦੇ ਨੇੜਲੇ ਖੇਤਾਂ ਵਾਲੇ ਇਕ ਕਿਸਾਨ ਗੁਰਦੇਵ ਸਿੰਘ ਦਾ ਕਹਿਣਾ ਸੀ ਕਿ ਸੀਵਰੇਜ ਦੇ ਗੰਦੇ ਪਾਣੀ ਦੇ ਡਰੇਨ 'ਚ ਪੈਣ ਕਰ ਕੇ ਨੇੜਲੇ ਖੇਤਾਂ ਵਾਲੇ ਕਿਸਾਨ ਪ੍ਰੇਸ਼ਾਨ ਹਨ ਅਤੇ ਇਹ ਪ੍ਰੇਸ਼ਾਨੀ ਤਾਂ ਉਸ ਸਮੇਂ ਹੋਰ ਵੀ ਗੰਭੀਰ ਬਣ ਜਾਂਦੀ ਹੈ, ਜਦੋਂ ਹਵਾ ਚੱਲਣ ਕਰ ਕੇ ਖੇਤਾਂ 'ਚ ਕੰਮ ਕਰਦੇ ਕਿਸਾਨਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ। ਸ਼ਹਿਰ ਦੇ ਬਹੋਨਾ ਬਾਈਪਾਸ 'ਤੇ ਤਾਂ ਗੰਦਗੀ ਵਾਲਾ ਇਹ ਨਾਲਾ ਰਿਹਾਇਸ਼ੀ ਇਲਾਕੇ ਦੇ ਨਾਲੋਂ ਲੰਘਣ ਕਰ ਕੇ ਇਸ ਮੁਹੱਲੇ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਮੁਹੱਲੇ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਜਿਹੜੀਆਂ ਸਰਕਾਰਾਂ ਆਜ਼ਾਦੀ ਦੇ 70 ਵਰ੍ਹਿਆਂ ਤੋਂ ਵੱਧ ਸਮਾਂ ਬੀਤਣ ਦੇ ਬਾਅਦ ਵੀ ਹਾਲੇ ਲੋਕਾਂ ਨੂੰ ਸੀਵਰੇਜ ਸਿਸਟਮ 'ਚ ਸੁਧਾਰ ਕਰਨ 'ਚ 'ਫੇਲ' ਰਹਿ ਗਈਆਂ ਹੋਣ ਉਨ੍ਹਾਂ ਤੋਂ ਹੋਰ ਕੀ ਆਸ ਰੱਖੀ ਜਾ ਸਕਦੀ ਹੈ। ਮੁਹੱਲੇ ਦੇ ਵਸਨੀਕ ਦੱਸਦੇ ਹਨ ਕਿ ਗੰਦਗੀ ਦੀ ਇਹ ਸਮੱਸਿਆ ਵਰ੍ਹਿਆਂ ਪੁਰਾਣੀ ਹੈ ਅਤੇ ਇਸ ਦੇ ਹੱਲ ਲਈ ਕਈ ਦਫਾ ਮਾਮਲਾ ਵੀ ਸਿਆਸੀ ਆਗੂਆਂ ਦੇ ਧਿਆਨ 'ਚ ਲਿਆਂਦਾ ਤਾਂ ਗਿਆ ਹੈ ਪਰ ਹਾਲੇ ਤੱਕ ਸਿਵਾਏ 'ਲਾਰੇ-ਲੱਪੇ' ਤੋਂ ਕੋਈ ਵੀ ਹੱਲ ਨਹੀਂ ਹੋ ਸਕਿਆ।
ਪਿੰਡ ਢੁੱਡੀਕੇ, ਰਣੀਆਂ, ਬੁੱਘੀਪੁਰਾ, ਸਿੰਘਾਂਵਾਲਾ, ਲੋਪੋਂ, ਮੱਲੇਆਣਾ, ਮੀਨੀਆ ਸਮੇਤ ਮਾਲਵਾ ਖਿੱਤੇ ਦੇ ਦਰਜਨਾਂ ਪਿੰਡ ਅਜਿਹੇ ਹਨ, ਜਿਥੇ ਬਰਸਾਤੀ ਨਾਲਿਆਂ 'ਚ ਪਿੰਡਾਂ ਦਾ ਗੰਦਾ ਪੈ ਰਿਹਾ ਹੈ। 
ਪਿੰਡਾਂ ਦੇ ਛੱਪੜ ਗੰਦਗੀ ਨਾਲ ਭਰੇ
ਜ਼ਿਲਾ ਮੋਗਾ ਦੇ ਬਹੁਤੇ ਪਿੰਡਾਂ ਦੇ ਛੱਪੜ ਗੰਦਗੀ ਨਾਲ ਭਰੇ ਪਏ ਹਨ। ਬਰਸਾਤੀ ਦਿਨਾਂ ਦੌਰਾਨ ਤਾਂ ਇਨ੍ਹਾਂ ਛੱਪੜਾਂ ਦੇ ਹਾਲਾਤ ਹੋਰ ਵੀ ਖਰਾਬ ਹੋ ਜਾਂਦੇ ਹਨ। ਜ਼ਿਲੇ ਦੇ ਵੱਡੇ ਪਿੰਡਾਂ ਘੋਲੀਆ, ਭਿੰਡਰ ਕਲਾਂ, ਘੋਲੀਆ ਖੁਰਦ, ਕੋਕਰੀ ਕਲਾਂ, ਰੌਂਤਾ ਸਮੇਤ ਦਰਜਨਾਂ ਪਿੰਡਾਂ ਦੇ ਛੱਪੜਾਂ ਦੇ ਹਾਲਾਤ ਬਦ ਤੋਂ ਬਦਤਰ ਹਨ। ਇਨ੍ਹਾਂ ਪਿੰਡਾਂ ਦੇ ਲੋਕ ਵਰ੍ਹਿਆਂ ਤੋਂ ਛੱਪੜਾਂ ਦੀ ਸਮੱਸਿਆ ਦੇ ਹੱਲ ਦੀ ਗੁਹਾਰ ਲਾਉਂਦੇ ਆ ਰਹੇ ਹਨ। ਭਾਵੇਂ ਕੁੱਝ ਪਿੰਡਾਂ ਦੀਆਂ ਪੰਚਾਇਤਾਂ ਨੇ ਡਰੇਨਾਂ ਰਾਹੀਂ ਗੰਦੇ ਪਾਣੀ ਦੀ ਨਿਕਾਸੀ ਤਾਂ ਕਰਵਾਈ ਹੈ ਪਰ ਇਸ ਨਾਲ ਵੀ ਸਮੱਸਿਆ ਘਟਣ ਦੀ ਬਜਾਏ ਵੱਧਦੀ ਹੀ ਦਿਖਾਈ ਦੇ ਰਹੀ ਹੈ ਕਿਉਂਕਿ ਗੰਦੇ ਪਾਣੀ ਦਾ ਪ੍ਰਦੂਸ਼ਣ ਮਨੁੱਖੀ ਸਿਹਤ 'ਤੇ ਵੱਡਾ ਅਸਰ ਪਾ ਰਿਹਾ ਹੈ।
ਵਿਭਾਗ ਦੀ ਅਣਗਹਿਲੀ 'ਤੇ ਖੜ੍ਹੇ ਹੋਣ ਲੱਗੇ ਸਵਾਲ
ਜ਼ਿਲੇ ਭਰ ਦੀਆਂ ਡਰੇਨਾਂ 'ਚ ਪਿੰਡਾਂ ਅਤੇ ਸ਼ਹਿਰਾਂ ਦੇ ਪੈ ਰਹੇ ਗੰਦੇ ਪਾਣੀ ਨੂੰ ਰੋਕਣ ਲਈ ਵਿਭਾਗ ਵੱਲੋਂ ਵਰਤੀ ਜਾ ਰਹੀ ਅਣਗਹਿਲੀ 'ਤੇ ਵੀ ਸਵਾਲ ਉੱਠ ਰਹੇ ਹਨ, ਜਿਹੜੇ ਪਿੰਡਾਂ ਦਾ ਗੰਦਾ ਪਾਣੀ ਡਰੇਨਾਂ 'ਚ ਪੈ ਰਿਹਾ ਹੈ, ਉਸ ਨੂੰ ਪਹਿਲਾਂ ਟ੍ਰੀਟਮੈਂਟ ਨਹੀਂ ਕੀਤਾ ਜਾ ਰਿਹਾ। ਇਕ-ਅੱਧੇ ਪਿੰਡ ਨੂੰ ਛੱਡ ਕੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੇ ਇਸ ਪਾਸੇ ਕਦੇ ਧਿਆਨ ਨਹੀਂ ਦਿੱਤਾ ਹੈ। ਗੰਦਾ ਪਾਣੀ ਸਿੱਧਾ ਡਰੇਨਾਂ 'ਚ ਪੈਣ ਕਰ ਕੇ ਹੀ ਸਮੱਸਿਆ ਗੰਭੀਰ ਹੋਈ ਹੈ। 


Related News