6 ਘੰਟੇ ਦੀ ਉਡੀਕ ਤੇ ਡੇਢ ਘੰਟੇ ਦੀ ਜੱਦੋ ਜਹਿਦ ਉਪੰਰਤ ਖੂਹ ''ਚੋਂ ਕੱਢਿਆ ਸਾਂਬਰ

Saturday, Nov 23, 2024 - 04:38 AM (IST)

ਬੰਗਾ (ਰਾਕੇਸ਼ ਅਰੋੜਾ) - ਸਥਾਨਕ ਮੁੱਹਲਾ ਮੁਕਤਪੁਰਾ ਵਿਖੇ ਰਿਹਾਇਸ਼ੀ ਖੇਤਰ ਵਿਚ ਖਾਲੀ ਪਏ ਪਲਾਂਟ ਵਿਚ ਸਥਿਤ ਇਕ ਬੇ-ਅਬਾਦ ਖੂਹ ਵਿਚ ਜੰਗਲ ਤੋਂ ਭਟਕ ਕੇ ਆਏ ਸਾਂਬਰ ਦੇ ਡਿੱਗਣ ਨਾਲ ਜਿੱਥੇ ਲੋਕਾਂ ਵਿਚ ਦਹਿਸ਼ਤ ਮੱਚ ਗਈ ਉੱਥੇ ਹੀ 6 ਘੰਟੇ ਦੀ ਲੰਬੀ ਉਡੀਕ ਅਤੇ ਡੇਢ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਵਣ ਵਿਭਾਗ ਗੜ੍ਹਸ਼ੰਕਰ ਦੀ ਪੁੱਜੀ ਟੀਮ ਦੁਆਰਾ ਸਥਾਨਕ ਮੁੱਹਲਾ ਨਿਵਾਸੀ ਦੀ ਮਦਦ ਨਾਲ ਉਕਤ ਮੇਲ ਸਾਂਬਰ ਨੂੰ ਖੂਹ ਵਿਚੋ ਬਾਹਰ ਕੱਢ ਲਿਆ ਗਿਆ।

ਜਾਣਕਾਰੀ ਅਨੁਸਾਰ ਸਥਾਨਕ ਮੁਹੱਲਾ ਮੁਕਤਪੁਰਾ ਵਿਖੇ ਕੁਲਜੀਤ ਰਾਮ ਨਾਮੀ ਵਿਅਕਤੀ ਦਾ ਪਲਾਂਟ ਹੈ ਜਿਸ ਵਿਚ ਉਸ ਦੁਆਰਾ ਸਬਜ਼ੀ ਤੇ ਹੋਰ ਖਾਣ-ਪੀਣ ਵਾਲੀ ਸਮੱਗਰੀ ਬੀਜੀ ਹੋਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪਲਾਟ ਦੇ ਗੁਆਂਢ ਰਹਿੰਦੇ ਪਰਿਵਾਰਕ ਮੈਂਬਰਾ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਦੇ ਉਕਤ ਪਲਾਟ ਵਿਚ ਬੇ-ਆਬਾਦ ਪਏ ਖੂਹ ਵਿਚ ਕੋਈ ਜੰਗਲੀ ਜੀਵ ਡਿੱਗਿਆ ਹੋਇਆ ਹੈ ਤੇ ਉਹ ਉੱਚੀ ਬੋਲ ਰਿਹਾ ਹੈ। ਉਨ੍ਹਾਂ ਦੱਸਿਆ ਉਨ੍ਹਾਂ ਦੁਆਰਾ ਸੂਚਨਾ ਮਿਲਦੇ ਹੀ ਉਹ ਤੁਰੰਤ ਮੌਕੇ ’ਤੇ ਪੁੱਜੇ ਅਤੇ ਇਸ ਦੀ ਜਾਣਕਾਰੀ ਮੁੱਹਲੇ ਦੇ ਮਿਊਂਸੀਪਲ ਕੌਸਲਰ ਜੀਤ ਸਿੰਘ ਭਾਟੀਆ ਨੂੰ ਦਿੱਤੀ ਜਿਨ੍ਹਾਂ ਨੇ ਇਸ ਦੀ ਜਾਣਕਾਰੀ ਥਾਣਾ ਸਿਟੀ ਬੰਗਾ ਐੱਸ. ਡੀ. ਐੱਮ. ਬੰਗਾ ਅਤੇ ਵਣ ਵਿਭਾਗ ਗੜਸ਼ੰਕਰ ਨੂੰ ਦਿੱਤੀ ਤਾਂ ਗੜ੍ਹਸ਼ੰਕਰ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਗੱਡੀ ਹੁਸ਼ਿਆਰ ਗਈ ਹੋਈ ਹੈ ਅਤੇ ਉਕਤ ਏਰੀਆ ਵੀ ਉਨਾਂ ਦੀ ਰੇਂਜ਼ ਵਿਚ ਨਹੀ ਆਉਂਦਾ ਆਪ ਵਣ ਵਿਭਾਗ ਫਿਲੋਰ ਨਾਲ ਰਾਬਤਾ ਕਾਇਮ ਕਰੋ ,ਜਦੋ ਕਿ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਐੱਸ. ਐੱਚ. ਓ. ਸਤਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਕੇ ’ਤੇ ਪੁੱਜ ਗਏ ਅਤੇ ਉਨ੍ਹਾਂ ਨੇ ਵੀ ਇਸ ਸਬੰਧੀ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਮਿਊਂਸੀਪਲ ਕੌਂਸਲਰ ਭਾਟੀਆਂ ਨੇ ਦੱਸਿਆ ਗੜ੍ਹਸ਼ੰਕਰ ਤੋਂ ਫਿਲੋਰ ਸ਼ਾਖਾ ਨਾਲ ਸਬੰਧਤ ਅਧਿਕਾਰੀ ਦੇ ਮਿਲੇ ਫੋਨ ਨੰਬਰ ’ਤੇ ਜਦੋ ਉਨ੍ਹਾਂ ਨੇ ਸਪੰਰਕ ਕੀਤਾ ਤਾਂ ਉਕਤ ਅਧਿਕਾਰੀ ਨੇ ਕਿਹਾ ਉਕਤ ਏਰੀਆ ਉਨ੍ਹਾਂ ਦੀ ਰੇਜ਼ ਵਿਚ ਨਹੀ ਆਉਂਦਾ ਆਪ ਗੜਸ਼ੰਕਰ ਹੀ ਗੱਲ ਕਰੋ। ਜਦੋ ਕਿ ਵਿਭਾਗ ਦੇ ਦੋਵੇਂ ਦਫਤਰ ਬੰਗਾ ਸ਼ਹਿਰ ਤੋਂ ਮਹਿਜ਼ 15 -20 ਮਿੰਟਾਂ ਦੀ ਦੂਰੀ ’ਤੇ ਹੀ ਸਥਿਤ ਹਨ। ਐੱਮ. ਸੀ. ਭਾਟੀਆ ਦੁਆਰਾ ਕੀਤੀ ਜੱਦੋ-ਜਹਿਦ ਤੋਂ 6 ਘੰਟੇ ਬਾਅਦ ਗੜ੍ਹਸ਼ੰਕਰ ਤੋਂ ਪੁੱਜੀ ਵਣ ਵਿਭਾਗ ਦੀ ਟੀਮ ਨੇ ਡੇਢ ਘੰਟੇ ਦੀ ਕੀਤੀ ਕਰੜੀ ਮੁਸ਼ਕਤ ਤੋਂ ਬਾਅਦ ਉਕਤ ਜੀਵ ਨੂੰ ਸਹੀ ਸਲਾਮਤ ਖੂਹ ਵਿਚੋਂ ਬਾਹਰ ਕੱਢ ਲਿਆ।

ਕੀ ਕਹਿਣਾ ਹੈ ਵਣ ਅਧਿਕਾਰੀ ਦਾ
ਜਦੋ ਇਸ ਸਬੰਧੀ ਮੌਕੇ ’ਤੇ ਪੁੱਜੇ ਵਣ ਵਿਭਾਗ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਡੇਢ ਜ਼ਿਲਾ ਜਿਸ ਵਿਚ ਹੁਸ਼ਿਆਰਪੁਰ ਅਤੇ ਕੁਝ ਏਰੀਆ ਸ਼ਹੀਦ ਭਗਤ ਸਿੰਘ ਨਗਰ ਦਾ ਪੈਦਾ ਹੈ ਤੇ ਅਕਸਰ ਹੀ ਉਹ ਜੰਗਲੀ ਜਾਨਵਰ ਜੋ ਜੰਗਲਾਂ ਵਿਚੋਂ ਭਟਕ ਜਾਂਦੇ ਹਨ। ਉਨ੍ਹਾਂ ਨੂੰ ਕਾਬੂ ਕਰਨ ਲਈ ਫੀਲਡ ਵਿਚ ਜਾਂਦੇ ਰਹਿੰਦੇ ਹਨ।

ਉਨ੍ਹਾਂ ਦੱਸਿਆ ਕਿ ਬੇਸ਼ਕ ਉਕਤ ਸਥਾਨ ਫਿਲੋਰ ਦੇ ਅਧਿਕਾਰ ਖੇਤਰ ਦਾ ਹੀ ਹੈ ਪਰ ਉਨ੍ਹਾਂ ਦਾ ਕੋਈ ਵੀ ਅਧਿਕਾਰੀ ਮੌਕੇ ’ਤੇ ਨਹੀ ਆਇਆ ਜੋ ਗਲਤ ਹੈ। ਮੁੱਹਲਾ ਨਿਵਾਸੀਆ ਨੇ ਵਣ ਵਿਭਾਗ ਦੇ ਅਧਿਕਾਰੀ ਦਾ ਕੀਤਾ ਧੰਨਵਾਦ-ਖੂਹ ਵਿਚ ਸਹੀ ਸਲਾਮਤ ਕੱਢੇ ਸਾਂਬਰ ਤੋਂ ਬਾਅਦ ਸਥਾਨਕ ਨਿਵਾਸੀ ਵਿਚ ਖੁਸ਼ੀ ਵੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਵਣ ਵਿਭਾਗ ਦੀ ਟੀਮ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਚਾਹ ਪਾਣੀ ਪਿਲਾਇਆ।


Inder Prajapati

Content Editor

Related News