40 ਸਾਲਾਂ ਬਾਅਦ ਮਾਝਾ ਤੇ ਦੁਆਬਾ ਖ਼ੇਤਰ ਦੇ ਖੇਤਾਂ ’ਚ ਪਹੁੰਚੇਗਾ ਨਹਿਰੀ ਪਾਣੀ, ਸਿੰਚਾਈ ਵਿਭਾਗ ਨੇ ਸ਼ੁਰੂ ਕੀਤਾ ਕੰਮ
Sunday, May 14, 2023 - 12:07 PM (IST)
ਅੰਮ੍ਰਿਤਸਰ (ਜ.ਬ)- ਇਕ ਜ਼ਮਾਨਾ ਸੀ ਜਦੋਂ ਖੇਤੀਬਾੜੀ ਲਈ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਸੀ ਅਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਅਰਬਾਂ ਰੁਪਏ ਖ਼ਰਚ ਕੇ ਪੂਰੇ ਪੰਜਾਬ ਵਿਚ ਨਾ ਸਿਰਫ਼ ਨਹਿਰਾਂ ਦਾ ਜਾਲ ਵਿਛਾਇਆ ਸੀ, ਸਗੋਂ ਲਿੰਕ ਨਹਿਰਾਂ ਤੋਂ ਲੈ ਕੇ ਛੋਟੀਆਂ ਸੂਏ ਵੀ ਬਣਾਏ ਤਾਂ ਜੋ ਇਕ-ਇਕ ਖੇਤ ਵਿਚ ਨਹਿਰੀ ਪਾਣੀ ਪਹੁੰਚ ਸਕੇ, ਪਰ ਜਿਵੇਂ ਹੀ ਟਿਊਬਵੈੱਲ ਸਿਸਟਮ ਦੀ ਤਕਨੀਕ ਆਈ ਤਾਂ ਨਹਿਰੀ ਪਾਣੀ ਬੰਦ ਹੋ ਗਿਆ ਅਤੇ ਕਿਸਾਨ ਪੂਰੀ ਤਰ੍ਹਾਂ ਟਿਊਬਵੈੱਲਾਂ ’ਤੇ ਨਿਰਭਰ ਹੋ ਗਏ, ਜਿਸ ਕਾਰਨ ਇਸ ਸਮੇਂ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਇਲਾਕੇ ਡਾਰਕ ਜ਼ੋਨ ਵਿਚ ਪਹੁੰਚ ਗਏ ਹਨ। ਪਾਣੀ ਇੰਨਾ ਹੇਠਾਂ ਚਲਾ ਗਿਆ ਹੈ ਕਿ ਆਉਣ ਵਾਲੇ 2035 ਤੱਕ ਪਾਣੀ ਖ਼ਤਮ ਹੋਣ ਦੇ ਕੰਢੇ ’ਤੇ ਹੋਵੇਗਾ, ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਅਨੁਸਾਰ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਦੇ ਯਤਨਾਂ ਨਾਲ 40 ਸਾਲਾਂ ਬਾਅਦ ਮਾਝਾ ਅਤੇ ਦੁਆਬਾ ਦੇ ਖ਼ੇਤਾਂ ਵਿਚ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ, ਜਿਸ ਲਈ ਸਿੰਚਾਈ ਵਿਭਾਗ ਨੇ ਨਹਿਰਾਂ ਦੀ ਸਫ਼ਾਈ ਦੇ ਨਾਲ-ਨਾਲ ਖੇਤਾਂ ਤੱਕ ਖਾਲ ਬਣਾਉਣ ਦਾ ਕੰਮ ਵੀ ਆਪਣੇ ਹੱਥ ਵਿਚ ਲੈ ਲਿਆ ਹੈ। (ਨਹਿਰ ਤੋਂ ਖੇਤਾਂ ਤੱਕ ਪਾਣੀ ਪਹੁੰਚਾਉਣ ਲਈ ਇੱਕ ਦੋ ਸੋ ਤਿੰਨ ਫੁੱਟ ਚੌੜੀ ਨਾਲੀ ਬਣਾਈ ਜਾਦੀ ਹੈ, ਜਿਸ ਨੂੰ ਖਾਲ ਕਿਹਾ ਜਾਂਦਾ ਹੈ)।
ਇਹ ਵੀ ਪੜ੍ਹੋ- ਸ੍ਰੀ ਦਰਬਾਰ ਸਾਹਿਬ ਨੇੜੇ ਧਮਾਕੇ ਕਰਨ ਵਾਲਿਆਂ 'ਤੇ DGP ਦੇ ਵੱਡੇ ਖ਼ੁਲਾਸੇ, ਦੱਸਿਆ ਕਿਵੇਂ ਬਣਾਈ ਸੀ ਯੋਜਨਾ
ਇਕੱਲੇ ਮਾਝਾ ਖੇਤਰ ’ਚ ਹੀ 2400 ਕਿਲੋਮੀਟਰ ਨਹਿਰਾਂ ਦਾ ਜਾਲ
ਖ਼ੇਤਾਂ ਵਿਚ ਫ਼ਸਲਾਂ ਦੀ ਸਿੰਚਾਈ ਲਈ ਇਕੱਲੇ ਮਾਝਾ ਖੇਤਰ ਵਿਚ 2400 ਕਿਲੋਮੀਟਰ ਨਹਿਰਾਂ ਦਾ ਜਾਲ ਸਰਕਾਰ ਵੱਲੋਂ ਵਿਛਾਇਆ ਗਿਆ ਸੀ, ਪਰ 1980 ਦੇ ਦਹਾਕੇ ਤੋਂ ਬਾਅਦ ਮੁੱਖ ਤੌਰ ’ਤੇ ਮਾਝਾ ਅਤੇ ਦੁਆਬਾ ਖ਼ੇਤਰ ਵਿਚ ਨਹਿਰੀ ਪਾਣੀ ਦੀ ਵਰਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਸੀ, ਕਿਉਂਕਿ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਕਿਸਾਨੀ ਵੋਟ ਬੈਂਕ ਹਾਸਲ ਕਰਨ ਲਈ ਟਿਊਬਵੈੱਲ ਲਗਾਏ ਗਏ ਸਨ ਅਤੇ ਇਸ ’ਤੇ ਬਿਜਲੀ ਦੇ ਬਿੱਲ ਵੀ ਮੁਆਫ਼ ਕਰ ਦਿੱਤੇ ਗਏ ਸਨ, ਜਿਸ ਕਾਰਨ ਕਿਸਾਨਾਂ ਨੇ ਟਿਊਬਵੈੱਲਾਂ ਦੀ ਵਰਤੋਂ 100 ਫ਼ੀਸਦੀ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਹਿਰੀ ਪਾਣੀ ਨੂੰ ਭੁੱਲ ਗਏ।
ਇਹ ਵੀ ਪੜ੍ਹੋ- ਅੰਮ੍ਰਿਤਸਰ ਧਮਾਕੇ ਮਾਮਲੇ 'ਚ ਸ਼ਾਮਲ ਮੁਲਜ਼ਮ ਅਮਰੀਕ ਤੋਂ ਪਰਿਵਾਰ ਖ਼ਫ਼ਾ, ਦੁਖੀ ਹੋ ਕਹੀਆਂ ਇਹ ਗੱਲਾਂ
ਪੰਜ ਦਰਿਆਵਾਂ ਦੀ ਧਰਤੀ ਨੂੰ ਪਾਣੀ ਦੀ ਘਾਟ ਨਹੀਂ, ਸਗੋਂ ਸਰਕਾਰੀ ਲਾਪ੍ਰਵਾਹੀ
ਪੰਜ ਦਰਿਆਵਾਂ ਵਜੋਂ ਜਾਣੇ ਜਾਂਦੇ ਪੰਜਾਬ ਵਿਚ ਪਾਣੀ ਦੀ ਕੋਈ ਕਮੀ ਨਹੀਂ ਹੈ ਅਤੇ ਕੁਦਰਤ ਮਿਹਰਬਾਨ ਹੈ ਪਰ ਇਸ ਦੇ ਬਾਵਜੂਦ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਨਹਿਰੀ ਪਾਣੀ ਅਤੇ ਦਰਿਆਈ ਪਾਣੀ ਦੀ ਵਰਤੋਂ ਟਿਊਬਵੈੱਲਾਂ ਰਾਹੀਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਜ਼ਮੀਨ ਵਿਚ ਬੋਰ ਕਰ ਕੇ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਕਾਰਨ ਕੁਝ ਇਲਾਕਿਆਂ ਵਿੱਚ ਪਾਣੀ 100 ਫੁੱਟ ਤੋਂ 500 ਫੁੱਟ ਤੱਕ ਹੇਠਾਂ ਚਲਾ ਗਿਆ ਹੈ, ਇਹੀ ਕਾਰਨ ਹੈ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਨਹਿਰੀ ਪਾਣੀ ਵੱਲ ਕਿਸਾਨਾਂ ਦਾ ਧਿਆਨ ਕੇਂਦਰਿਤ ਕਰ ਰਹੀ ਹੈ।
ਪਾਣੀ ਮਿੱਠਾ ਹੋਣ ਕਾਰਨ ਮਾਝੇ ਅਤੇ ਦੁਆਬੇ ’ਚ ਟਿਊਬਵੈੱਲ ਲੱਗੇ
ਮਾਝਾ ਅਤੇ ਦੁਆਬਾ ਖ਼ੇਤਰ 'ਚ ਪਾਣੀ ਮਿੱਠਾ ਹੋਣ ਕਾਰਨ ਕਿਸਾਨਾਂ ਵਲੋਂ ਟਿਊਬਵੈੱਲਾਂ ’ਤੇ ਹੀ ਦੀ ਸਾਰੀ ਨਿਰਭਰਤਾ ਕਰ ਲਈ ਗਈ, ਜਦਕਿ ਮਾਲਵਾ ਖ਼ੇਤਰ 'ਚ ਪਾਣੀ ਜ਼ਿਆਦਾ ਹੋਣ ਕਾਰਨ ਲੋਕਾਂ ਨੇ ਨਹਿਰੀ ਪਾਣੀ ਦੀ ਵਰਤੋਂ ਕੀਤੀ ਹੈ। ਮਾਝੇ ਅਤੇ ਦੁਆਬੇ 'ਚ ਤਾਂ ਕਿਸਾਨਾਂ ਨੇ ਆਪਣੇ ਖ਼ੇਤਾਂ 'ਚ ਨਹਿਰਾਂ ਤੋਂ ਪਾਣੀ ਲਿਆਉਣ ਲਈ ਖਾਲ ਹੀ ਟਰੈਕਟਰਾਂ ਚਲਾ ਕੇ ਭਰ ਦਿੱਤੇ ਅਤੇ ਉਨ੍ਹਾਂ ’ਤੇ ਵੀ ਖ਼ੇਤੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਖੁਸ਼ ਕੀਤਾ 'ਪਾਵਰਕੌਮ', ਅਪ੍ਰੈਲ ਮਹੀਨੇ 'ਚ ਸਬਸਿਡੀ ਤੋਂ ਵੱਧ ਮਿਲੀ ਅਦਾਇਗੀ
17184 ਖਾਲ ’ਚੋਂ 4 ਹਜ਼ਾਰ ਦੁਬਾਰਾ ਬਣਾਏ
ਸਿੰਚਾਈ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮਾਝਾ ਅਤੇ ਦੁਆਬਾ ਖ਼ੇਤਰ ਦੇ 17184 ਖਾਲ, ਜਿਨ੍ਹਾਂ ਨੂੰ ਖੇਤਾਂ ਵਿਚ ਮਿਲਾ ਦਿੱਤਾ ਗਿਆ ਸੀ, ਉਸ ਵਿਚੋਂ 4 ਹਜ਼ਾਰ ਖਾਲ ਫਿਰ ਤੋਂ ਵਿਭਾਗ ਨੇ ਬਣਾ ਦਿੱਤੇ ਹਨ ਅਤੇ ਉਮੀਦ ਹੈ ਕਿ ਜੂਨ ਦੇ ਮਹੀਨੇ ਵਿਚ ਜਦੋਂ ਝੋਨੇ ਦੀ ਬਿਜਾਈ ਦਾ ਕੰਮ ਸ਼ੁਰੂ ਕੀਤਾ ਜਾਵੇਗਾ ਤਾਂ ਸਾਰੇ ਖਾਲ ਕੰਮ ਕਰਨਾ ਸ਼ੁਰੂ ਕਰ ਦੇਣਗੇ, ਜਿਸ ਨਾਲ ਟਿਊਬਵੈਲ ਨਹੀਂ ਚੱਲਣਗੇ ਅਤੇ ਹੇਠਾਂ ਜਾ ਚੁੱਕਾ ਪਾਣੀ ਦਾ ਪੱਧਰ ਫ਼ਿਰ ਤੋਂ ਆਮ ਹੋਣਾ ਸ਼ੁਰੂ ਹੋ ਜਾਵੇਗਾ।
ਸਿੰਚਾਈ ਵਿਭਾਗ ਵਲੋਂ ਨਹਿਰੀ ਸਫ਼ਾਈ ਅਤੇ ਖ਼ਾਲ ਬਣਾਉਣ ਲਈ 17060 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਫ਼ੀਲਡ 'ਚ ਉਤਾਰਿਆ ਗਿਆ ਹੈ। ਨਹਿਰ ਦਾ ਪਾਣੀ ਟਿਊਬਵੈੱਲ ਦੇ ਪਾਣੀ ਦੀ ਤੁਲਣਾ ਵਿਚ ਜ਼ਿਆਦਾ ਬਿਹਤਰ ਮੰਨਿਆ ਜਾਂਦਾ ਹੈ, ਇਸ ਨਾਲ ਖ਼ੇਤਾਂ ਵਿਚ ਉਪਜਾਊ ਸ਼ਕਤੀ ਵਧਾਉਂਦਾ ਹੈ ਅਤੇ ਖਾਦ ਪਾਉਣ ਦੀ ਲੋੜ ਨੂੰ ਘਟਾਉਂਦਾ ਹੈ। ਸਰਕਾਰ ਦੇ ਯਤਨਾਂ ਸਦਕਾ ਟਿਊਬਵੈੱਲਾਂ ਦੀ ਵਰਤੋਂ ਬੰਦ ਹੋ ਜਾਵੇਗੀ ਅਤੇ ਪਾਣੀ ਦਾ ਪੱਧਰ ਆਮ ਵਾਂਗ ਹੋਣ ਦੇ ਨਾਲ-ਨਾਲ ਬਿਜਲੀ ਦੀ ਵੀ ਬੱਚਤ ਹੋਵੇਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।