ਮਾਮੂਲੀ ਗੱਲ ''ਤੇ ਕੀਤਾ ਫਾਇਰ, 4 ''ਤੇ ਮਾਮਲਾ ਦਰਜ
Saturday, Dec 28, 2019 - 06:34 PM (IST)

ਸ੍ਰੀ ਮੁਕਤਸਰ ਸਾਹਿਬ (ਪਵਨ) : ਸ੍ਰੀ ਮੁਕਤਸਰ ਸਾਹਿਬ ਨਿਵਾਸੀ ਇਕ ਐਡਵੋਕੇਟ 'ਤੇ ਮਾਮੂਲੀ ਗੱਲਬਾਤ ਉਪਰੰਤ ਫਾਇਰ ਕਰਨ ਦੇ ਮਾਮਲੇ ਵਿਚ ਥਾਣਾ ਸਿਟੀ ਪੁਲਸ ਨੇ 4 ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ 'ਚ ਐਡਵੋਕੇਟ ਰਾਕੇਸ਼ ਬਾਂਸਲ ਨੇ ਦੱਸਿਆ ਕਿ ਉਹ ਬੀਤੀ ਰਾਤ ਕਰੀਬ ਸਾਢੇ 10 ਵਜੇ ਆਪਣੇ ਦੋ ਬੇਟਿਆਂ, ਨੂੰਹ ਅਤੇ ਪਤਨੀ ਸਮੇਤ ਸਥਾਨਕ ਕੋਟਕਪੂਰਾ ਰੋਡ 'ਤੇ ਪਾਰਕ ਦੇ ਸਾਹਮਣੇ ਆਈਸ ਕਰੀਮ ਲੈਣ ਗਿਆ ਸੀ। ਉਥੇ ਇਕ ਹੋਰ ਨੌਜਵਾਨ ਵੀ ਆਈਸ ਕਰੀਮ ਲੈਣ ਆਇਆ ਸੀ। ਉਸ ਦੇ ਬੇਟੇ ਦੇ ਹੱਥ 'ਤੇ ਆਈਸ ਕਰੀਮ ਡਿੱਗ ਗਈ । ਉਸ ਨੇ ਦੁਕਾਨਦਾਰ ਤੋਂ ਨੈਪਕਿਨ ਮੰਗਿਆ ਤਾਂ ਦੁਕਾਨਦਾਰ ਨੇ ਦੂਜੇ ਗਾਹਕ ਤੋਂ ਪਹਿਲਾਂ ਉਸ ਦੇ ਬੇਟੇ ਨੂੰ ਨੈਪਕਿਨ ਦੇ ਦਿੱਤਾ। ਇਸ ਗੱਲ ਨੂੰ ਲੈ ਕਿ ਉਹ ਦੂਜਾ ਗਾਹਕ ਉਸ ਦੇ ਬੇਟੇ ਨਾਲ ਬਹਿਸ ਕਰਨ ਲੱਗਾ।
ਬਹਿਸ ਦੌਰਾਨ ਹੀ ਉਸ ਨੇ ਬਾਹਰ ਆ ਕੇ ਆਪਣੀ ਕਾਰ 'ਚੋਂ ਪਿਸਤੌਲ ਕੱਢ ਲਿਆ। ਲੋਕਾਂ ਨੇ ਉਸ ਨੂੰ ਸਮਝਾ ਕੇ ਉਥੋਂ ਭੇਜ ਦਿੱਤਾ ਪਰ ਉਹ ਨੌਜਵਾਨ ਜਿਸ ਨਾਲ ਹੋਰ ਵੀ ਨੌਜਵਾਨ ਸਨ, ਨੇ ਫਾਇਰ ਕਰ ਦਿੱਤੇ। ਉਧਰ ਥਾਣਾ ਸਿਟੀ ਇੰਚਾਰਜ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ 4 ਅਣਪਛਾਤਿਆਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਇਸ ਮਾਮਲੇ ਵਿਚ ਸੀ .ਸੀ .ਟੀ .ਵੀ. ਫੁਟੇਜ ਦੇ ਅਧਾਰ 'ਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।