ਆਦਮਪੁਰ ਪੁਲਸ ਨੇ ਮਾਸਕ ਨਾ ਪਾਉਣ ਵਾਲਿਆਂ ਤੋਂ 7 ਲੱਖ ਰੁਪਏ ਤੋਂ ਵੱਧ ਵਸੂਲਿਆ ਜੁਰਮਾਨਾ

Monday, Jul 27, 2020 - 08:14 AM (IST)

ਆਦਮਪੁਰ ਪੁਲਸ ਨੇ ਮਾਸਕ ਨਾ ਪਾਉਣ ਵਾਲਿਆਂ ਤੋਂ 7 ਲੱਖ ਰੁਪਏ ਤੋਂ ਵੱਧ ਵਸੂਲਿਆ ਜੁਰਮਾਨਾ

ਜਲੰਧਰ, (ਮਹੇਸ਼)— ਜ਼ਿਲ੍ਹਾ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਸ ਨੇ ਮਾਸਕ ਨਾ ਪਾ ਕੇ ਕੋਵਿਡ-19 ਨੂੰ ਲੈ ਕੇ ਜਾਰੀ ਕੀਤੇ ਗਏ ਹੁਕਮਾਂ ਦੀ ਉਲੰਘਣਾ ਕਰਨ ਵਾਲੇ 1,681 ਲੋਕਾਂ ਤੋਂ 7 ਲੱਖ 18 ਹਜ਼ਾਰ ਰੁਪਏ ਤੋਂ ਵੱਧ ਜੁਰਮਾਨਾ ਵਸੂਲਿਆ ਹੈ। ਇਨ੍ਹਾਂ ਵਿਚ ਕੁਆਰੰਟਾਈਨ ਅਤੇ ਸੋਸ਼ਲ ਡਿਸਟੈਂਸ ਦੀ ਉਲੰਘਣਾ ਕਰਨ ਵਾਲੇ 12 ਲੋਕ ਵੀ ਸ਼ਾਮਲ ਹਨ। 1669 ਕੇਵਲ ਬਿਨਾ ਮਾਸਕ ਵਾਲੇ ਹਨ। 

ਉਪਰੋਕਤ ਜਾਣਕਾਰੀ ਥਾਣਾ ਆਦਮਪੁਰ ਦੇ ਐੱਸ.ਐੱਚ.ਓ. ਗੁਰਿੰਦਰਜੀਤ ਸਿੰਘ ਨਾਗਰਾ ਨੈਸ਼ਨਲ ਗੋਲਡ ਮੈਡਲਿਸਟ ਅਥਲੀਟ ਨੇ ਦਿੱਤੀ ਹੈ। 10 ਜੁਲਾਈ ਨੂੰ ਆਦਮਪੁਰ ਏਰੀਏ ਵਿਚ ਹੋਏ ਕਤਲ ਕੇਸ ਨੂੰ ਸਿਰਫ 4 ਘੰਟੇ ਵਿਚ ਟਰੇਸ ਕਰਨ 'ਚ ਸਫਲਤਾ ਹਾਸਲ ਕਰਨ ਵਾਲੇ ਇੰਸਪੈਕਟਰ ਨਾਗਰਾ ਨੇ ਦੱਸਿਆ ਕਿ ਡੀ. ਐੱਸ. ਪੀ. ਆਦਮਪੁਰ ਹਰਿੰਦਰ ਸਿੰਘ ਮਾਨ ਦੀ ਅਗਵਾਈ ਵਿਚ ਆਦਮਪੁਰ ਪੁਲਸ ਵਲੋਂ ਸਮਾਜ ਵਿਰੋਧੀ ਅਨਸਰਾਂ 'ਤੇ ਲਗਾਤਾਰ ਪੂਰੀ ਨਜਰ ਰੱਖੀ ਜਾ ਰਹੀ ਹੈ, ਜਿਸਦੇ ਚੱਲਦਿਆਂ 23 ਮਾਰਚ (ਲਾਕਡਾਊਨ ਦੇ ਸ਼ੁਰੂ) ਤੋਂ ਲੈ ਕੇ ਹੁਣ ਤੱਕ ਆਈ. ਪੀ. ਸੀ. ਦੀ ਧਾਰਾ 188 ਦੇ 83 ਕੇਸ ਦਰਜ ਕਰਦੇ ਹੋਏ 112 ਲੋਕਾਂ ਨੂੰ ਕਾਬੂ ਕੀਤਾ ਗਿਆ। ਐੱਨ. ਡੀ. ਪੀ. ਐੱਸ. ਐਕਟ ਦੇ 7 ਕੇਸ ਦਰਜ ਕੀਤੇ ਗਏ ਅਤੇ 10 ਅਪਰਾਧੀਆਂ ਨੂੰ ਜੇਲ ਵਿਚ ਡੱਕਿਆ ਗਿਆ। ਉਨ੍ਹਾਂ ਤੋਂ 14 ਗ੍ਰਾਮ ਹੈਰੋਈਨ, 25 ਕਿਲੋ ਚੂਰਾ ਪੋਸਤ, 160 ਟੀਕੇ, 20 ਏਵਲ ਦੀਆਂ ਸ਼ੀਸ਼ੀਆਂ ਬਰਾਮਦ ਕੀਤੀਆਂ ਗਈਆਂ। 

ਇਸੇ ਤਰ੍ਹਾਂ ਆਬਾਕਾਰੀ ਐਕਟ ਦੇ 12 ਕੇਸ ਦਰਜ ਕਰਕੇ 14 ਸਮੱਗਲਰ ਕਾਬੂ ਕੀਤੇ ਗਏ। ਉਨ੍ਹਾਂ ਤੋਂ 1 ਲੱਖ 58 ਹਜ਼ਾਰ ਐੱਮ. ਐੱਲ. ਨਜਾਇਜ ਸ਼ਰਾਬ, 120 ਲੀਟਰ ਲਾਹਨ, 40 ਲੀਟਰ ਸੀਰਾ ਅਤੇ ਇਕ ਭੱਠੀ ਫੜੀ ਗਈ। ਦਸੰਬਰ 2019 ਵਿਚ ਬਤੌਰ ਅਡੀਸ਼ਨਲ ਐੱਸ. ਐੱਚ. ਓ. ਆਦਮਪੁਰ ਥਾਣੇ ਵਿਖੇ ਨਿਯੁਕਤ ਕੀਤੇ ਇੰਸ. ਗੁਰਿੰਦਰਜੀਤ ਸਿੰਘ ਨਾਗਰਾ ਨੇ 18 ਜੂਨ 2020 ਨੂੰ ਆਦਮਪੁਰ ਥਾਣੇ ਦੇ ਮੁਖੀ ਵਜੋਂ ਕੰਮ ਕਰਨਾ ਸ਼ੁਰੂ ਕੀਤਾ ਅਤੇ ਅਪਰਾਧੀਆਂ ਨੂੰ ਫੜਣ ਵਿਚ ਲਗਾਤਾਰ ਸਫਲਤਾ ਹਾਸਲ ਕਰਦੇ ਰਹੇ। ਉਨ੍ਹਾਂ ਦੱਸਿਆ ਕਿ ਆਦਮਪੁਰ ਏਰੀਏ ਵਿਚ ਵੱਖ-ਵੱਖ ਜਗ੍ਹਾ ’ਤੇ ਨਾਕਾਬੰਦੀ ਕਰਦੇ ਹੋਏ ਆਦਮਪੁਰ ਪੁਲਸ ਨੇ ਟਰੈਫਿਕ ਉਲੰਘਣਾ ਕਰਨ ਵਾਲਿਆਂ ਦੇ 426 ਚਲਾਨ ਕੱਟੇ ਅਤੇ 62 ਵਾਹਨਾਂ ਨੂੰ ਇੰਪਾਊਂਡ ਕੀਤਾ ਗਿਆ। ਐੱਸ.ਐੱਚ.ਓ. ਆਦਮਪੁਰ ਨੇ ਦੱਸਿਆ ਕਿ ਜੰਡੂ ਸਿੰਘਾ ਅਤੇ ਅਲਾਵਲਪੁਰ ਪੁਲਸ ਚੌਕੀਆਂ ਵੀ ਥਾਣਾ ਆਦਮਪੁਰ ਅਧੀਨ ਪੈਂਦੀਆਂ ਹਨ। ਉਨ੍ਹਾਂ ਕਿਹਾ ਕਿ ਲਾਕਡਾਊਨ ਦੀ ਕਿਸੇ ਨੂੰ ਵੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਖਾਸ ਕਰਕੇ ਮਾਸਕ ਨਾ ਪਾਉਣ ਵਾਲਿਆਂ 'ਤੇ ਹੋਰ ਜਿਆਦਾ ਸਖਤੀ ਕੀਤੀ ਜਾਵੇਗੀ।


author

Lalita Mam

Content Editor

Related News