ਆਦਮਪੁਰ ਹਵਾਈ ਅੱਡੇ ਤੋਂ ਉਡਾਣਾਂ ਜਲਦੀ ਸ਼ੁਰੂ ਹੋਣਗੀਆਂ : ਡੀ. ਸੀ.

Tuesday, Oct 10, 2017 - 11:48 AM (IST)

ਆਦਮਪੁਰ(ਅਮਿਤ, ਕਮਲਜੀਤ, ਦਿਲਬਾਗੀ, ਹੇਮਰਾਜ)— ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਆਦਮਪੁਰ ਵਿਖੇ ਘਰੇਲੂ ਹਵਾਈ ਅੱਡੇ ਦਾ 70 ਫੀਸਦੀ ਤੋਂ ਜ਼ਿਆਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਇਥੋਂ ਉਡਾਣਾਂ ਜਲਦੀ ਹੀ ਸ਼ੁਰੂ ਹੋਣਗੀਆਂ। ਡਿਪਟੀ ਕਮਿਸ਼ਨਰ ਵੱਲੋਂ ਸੋਮਵਾਰ ਬਾਅਦ ਦੁਪਹਿਰ ਹਵਾਈ ਅੱਡੇ ਦਾ ਦੌਰਾ ਕੀਤਾ ਗਿਆ ਅਤੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਇਸ ਵਕਾਰੀ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ ਅਤੇ ਅਗਲੇ 10 ਦਿਨਾਂ ਤੱਕ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਉਸਾਰੀ ਅਧੀਨ ਯਾਤਰੀ ਟਰਮੀਨਲ ਦਾ ਵੀ ਦੌਰਾ ਕੀਤਾ। ਇਸ ਟਰਮੀਨਲ ਦਾ ਕੰਮ ਲੱਗਭਗ ਮੁਕੰਮਲ ਹੋ ਚੁੱਕਾ ਹੈ। ਮੌਕੇ 'ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਹਵਾਈ ਅੱਡੇ ਦੀ ਪਾਰਕਿੰਗ ਅਤੇ ਪਹੁੰਚ ਸੜਕ ਦਾ ਕੰਮ ਵੀ ਮੁਕੰਮਲ ਹੋਣ ਵਾਲਾ ਹੈ ਅਤੇ ਜਲਦੀ ਹੀ ਇਹ ਦੋਵਾਂ ਥਾਵਾਂ ਦੀ ਵਰਤੋਂ ਵਿਚ ਉਪਲੱਬਧ ਹੋਣਗੀਆਂ। ਇਸ ਤੋਂ ਇਲਾਵਾ ਜ਼ਮੀਨਦੋਜ਼, ਵਾਟਰ ਟੈਂਕ ਜਿਸ ਨਾਲ ਸਾਰੇ ਹਵਾਈ ਅੱਡੇ ਵਿਚ ਪਾਣੀ ਦੀ ਸਪਲਾਈ ਕੀਤੀ ਜਾਣੀ ਹੈ, ਵੀ 14 ਅਕਤੂਬਰ ਤੱਕ ਮੁਕੰਮਲ ਹੋ ਜਾਵੇਗੀ। ਡਿਪਟੀ ਕਮਿਸ਼ਨਰ ਨੇ ਪ੍ਰਾਜੈਕਟ ਦੀ ਨਿਗਰਾਨੀ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮਿੱਥੀ ਗਈ ਸਮਾਂ ਸੀਮਾ ਤਹਿਤ ਇਸ ਪ੍ਰਾਜੈਕਟ ਦਾ ਮੁਕੰਮਲ ਹੋਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਹਵਾਈ ਅੱਡੇ ਨੂੰ ਜਲਦੀ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ, ਜਿਸ ਦੇ ਸ਼ੁਰੂ ਹੋਣ ਨਾਲ ਨਾ ਸਿਰਫ ਪ੍ਰਵਾਸੀ ਪੰਜਾਬੀਆਂ ਨੂੰ ਵੱਡੀ ਸਹੂਲਤ ਮਿਲੇਗੀ, ਸਗੋਂ ਵਪਾਰ ਦੇ ਖੇਤਰ ਨੂੰ ਵੀ ਵੱਡਾ ਹੁਲਾਰਾ ਮਿਲੇਗਾ।


Related News