ਐਕਟਿਵਾ ਸਵਾਰ ਨੌਜਵਾਨ ਦੀ ਸੜਕ ਹਾਦਸੇ ਵਿੱਚ ਮੌਤ
Tuesday, May 05, 2020 - 05:45 PM (IST)

ਮਮਦੋਟ(ਸ਼ਰਮਾਂ, ਜਸਵੰਤ) - ਬੀਤੀ ਦੇਰ ਸ਼ਾਮ ਮਮਦੋਟ ਤੋਂ ਫ਼ਿਰੋਜ਼ਪੁਰ ਵਿਖੇ ਵਾਪਿਸ ਜਾ ਰਹੇ ਐਕਟਿਵਾ ਸਵਾਰ ਦੀ ਪਿੰਡ ਕਾਲਾ ਟਿੱਬਾ ਦੇ ਨੇੜੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਜਾਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਰਵਿੰਦਰ ਸਿੰਘ ਬੱਬੀ ਪੁੱਤਰ ਪ੍ਰੀਤਮ ਸਿੰਘ (ਪ੍ਰਧਾਨ) ਵਾਸੀ ਮਮਦੋਟ ਜੋ ਕਿ ਇਸ ਵੇਲੇ ਫਿਰੋਜਪੁਰ ਵਿਖੇ ਰਹਿ ਰਿਹਾ ਸੀ ਦੀ ਦੇਰ ਸ਼ਾਮ ਨੂੰ ਖੇਤੀਬਾੜੀ ਦੇ ਕੰਮਕਾਰ ਕਰਕੇ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਵਾਪਸ ਫਿਰੋਜ਼ਪੁਰ ਵਿਖੇ ਜਾ ਰਿਹਾ ਸੀ ਕਿ ਕਰੀਬ ਸਾਢੇ ਅੱਠ ਵਜੇ ਪਿੰਡ ਕਾਲਾ ਟਿੱਬਾ ਦੇ ਨੇੜੇ ਇੱਕ ਸਾਈਕਲ ਸਵਾਰ ਦੇ ਨਾਲ ਟੱਕਰ ਹੋ ਗਈ ਅਤੇ ਐਕਟਿਵਾ ਦਾ ਸੰਤੁਲਨ ਵਿਗੜ ਗਿਆ । ਇਸ ਹੋਏ ਸੜਕ ਹਾਦਸੇ ਦੌਰਾਨ ਐਕਟਿਵਾ ਚਾਲਕ ਅਰਵਿੰਦਰ ਸਿੰਘ ਬੱਬੀ ਨੂੰ ਕਾਫੀ ਗੰਭੀਰ ਸੱਟਾਂ ਲੱਗ ਗਈਆ । ਮੌਕੇ ਤੇ ਇਕੱਠੇ ਹੋਏ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਫਿਰੋਜ਼ਪੁਰ ਵਿਖੇ ਐਮਰਜੈਂਸੀ ਐਂਬੂਲੈਂਸ ਦੇ ਰਾਹੀਂ ਭੇਜਿਆ ਗਿਆ ਜਿੱਥੇ ਥੋੜ੍ਹੀ ਦੇਰ ਬਾਅਦ ਉਸ ਦੀ ਮੌਤ ਹੋ ਗਈ । ਦੱਸਣਯੋਗ ਹੈ ਕਿ ਮ੍ਰਿਤਕ ਅਰਵਿੰਦਰ ਸਿੰਘ ਬੱਬੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਨੌਜਵਾਨ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।