ਖਰੜ ''ਚ ਖੜ੍ਹੀ ਐਕਟਿਵਾ ਦਾ ਮੋਹਾਲੀ ''ਚ ਹੋ ਗਿਆ ਚਲਾਨ
Monday, Apr 14, 2025 - 01:41 PM (IST)

ਖਰੜ (ਅਮਰਦੀਪ) : ਖਰੜ ’ਚ ਰਹਿੰਦੇ ਪੰਜਾਬ ਯੂਥ ਕਾਂਗਰਸ ਦੇ ਸੀਨੀਅਰ ਆਗੂ ਲਵਦੀਪ ਸਿੰਘ ਲਾਡੀ ਪੁੱਤਰ ਠੇਕੇਦਾਰ ਮਲਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਐਕਟਿਵਾ ਨੰਬਰ ਪੀਬੀ 65 ਏਵਾਈ 9065 ਉਨ੍ਹਾਂ ਦੇ ਘਰ ਖਰੜ ਵਿਖੇ ਖੜ੍ਹੀ ਹੈ।
ਇਸ ਨੂੰ ਉਹ ਘੱਟ ਹੀ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਐਤਵਾਰ ਨੂੰ ਆਪਣੇ ਪਰਿਵਾਰ ਨਾਲ ਨਾਭਾ ਸ਼ਹਿਰ ਗਿਆ ਹੋਇਆ ਸੀ। ਉਹ ਉਸ ਸਮੇਂ ਹੱਕਾ-ਬੱਕਾ ਰਹਿ ਗਿਆ, ਜਦੋਂ ਮੋਬਾਇਲ 'ਤੇ ਉਕਤ ਨੰਬਰ ਐਕਟਿਵਾ ਦਾ ਚਲਾਨ ਮੈਸੇਜ ਆ ਗਿਆ।
ਉਨ੍ਹਾਂ ਆਖਿਆ ਕਿ ਮੈਸੇਜ ’ਚ ਸੈਕਟਰ-61 ਮੋਹਾਲੀ ’ਚ ਗਲਤ ਪਾਰਕਿੰਗ ਦਾ ਚਲਾਨ ਮੋਬਾਇਲ ਮੈਸੇਜ ’ਤੇ ਆਇਆ ਹੋਇਆ ਹੈ, ਜਦੋਂ ਕਿ ਉਹ ਮੋਹਾਲੀ ਗਿਆ ਹੀ ਨਹੀਂ। ਉਨ੍ਹਾਂ ਦੱਸਿਆ ਕਿ ਜੇਕਰ ਉਕਤ ਨੰਬਰ ਦਾ ਕੋਈ ਹੋਰ ਵਾਹਨ ਚੱਲਦਾ ਹੈ ਤਾਂ ਉਸ ਦੀ ਜਾਂਚ ਕਰਨੀ ਚਾਹੀਦੀ ਹੈ। ਉਹ ਇਸ ਸਬੰਧੀ ਜ਼ਿਲ੍ਹਾ ਪੁਲਸ ਮੁਖੀ ਨੂੰ ਵੀ ਸ਼ਿਕਾਇਤ ਕਰਨਗੇ।