ਮੰਡੀ ''ਚੋਂ ਨਾਜਾਇਜ਼ ਉਗਰਾਹੀ ਕਰਨ ਅਤੇ ਸਰਕਾਰੀ ਅਫ਼ਸਰ ਨੂੰ ਧਮਕੀਆਂ ਦੇਣ ਵਾਲਾ ਰਾਜੂ ਠੇਕੇਦਾਰ ਗ੍ਰਿਫ਼ਤਾਰ

Friday, Apr 17, 2026 - 11:41 AM (IST)

ਮੰਡੀ ''ਚੋਂ ਨਾਜਾਇਜ਼ ਉਗਰਾਹੀ ਕਰਨ ਅਤੇ ਸਰਕਾਰੀ ਅਫ਼ਸਰ ਨੂੰ ਧਮਕੀਆਂ ਦੇਣ ਵਾਲਾ ਰਾਜੂ ਠੇਕੇਦਾਰ ਗ੍ਰਿਫ਼ਤਾਰ

ਲੁਧਿਆਣਾ (ਰਾਜ): ਪੰਜਾਬ ਮੰਡੀ ਬੋਰਡ ਵਿਚ ਆਪਣੀ ਬਦਮਾਸ਼ੀ ਦਿਖਾਉਣ ਅਤੇ ਰੇਹੜੀ-ਫੜੀ ਵਾਲਿਆਂ ਤੋਂ ਨਾਜਾਇਜ਼ ਉਗਰਾਹੀ ਕਰਨ ਵਾਲੇ ਇਕ ਠੇਕੇਦਾਰ ਦੇ ਖ਼ਿਲਾਫ਼ ਪੁਲਸ ਨੇ ਸਖ਼ਤ ਐਕਸ਼ਨ ਲਿਆ ਹੈ। ਲੁਧਿਆਣਾ ਦੇ ਪੰਜਾਬ ਮੰਡੀ ਬੋਰਡ ਦੇ ਸਕੱਤਰ ਹਰਿੰਦਰ ਸਿੰਘ ਗਿੱਲ ਦੀ ਸ਼ਿਕਾਇਤ 'ਤੇ ਥਾਣਾ ਜੋਧੇਵਾਲ ਦੀ ਪੁਲਸ ਨੇ ਸਈਅਦ ਰਜ਼ਾ ਹੁਸੈਨ ਉਰਫ਼ ਰਾਜੂ ਠੇਕੇਦਾਰ ਦੇ ਖ਼ਿਲਾਫ਼ ਸਰਕਾਰੀ ਡਿਊਟੀ ਵਿਚ ਅੜਿੱਕਾ ਪਾਉਣ ਅਤੇ ਡਰਾਉਣ-ਧਮਕਾਉਣ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਸਈਅਦ ਰਜ਼ਾ ਹੁਸੈਨ ਉਰਫ਼ ਰਾਜੂ, ਜੋ ਕਿ ਜਲੰਧਰ ਬਾਈਪਾਸ ਕੋਲ ਦਾ ਰਹਿਣ ਵਾਲਾ ਹੈ, ਪਿਛਲੇ ਸਾਲ ਤੋਂ ਮੰਡੀ ਦੀ ਪਾਰਕਿੰਗ ਅਤੇ ਰੇਹੜੀ-ਫੜੀ ਦਾ ਠੇਕਾ ਚਲਾ ਰਿਹਾ ਸੀ।

ਮਾਮਲਾ ਉਦੋਂ ਵਿਗੜ ਗਿਆ ਜਦੋਂ ਸਾਲ 2026-27 ਦੇ ਨਵੇਂ ਠੇਕਿਆਂ 'ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਰਿਟ ਪਟੀਸ਼ਨ ਦਾਇਰ ਹੋ ਗਈ, ਜਿਸ ਕਾਰਨ ਵਿਭਾਗ ਨੇ ਪੁਰਾਣੇ ਠੇਕੇ ਦੀ ਮਿਆਦ ਨੂੰ ਹੀ ਅੱਗੇ ਵਧਾ ਦਿੱਤਾ। ਇਸੇ ਵਿਸਥਾਰ ਦਾ ਫ਼ਾਇਦਾ ਚੁੱਕ ਕੇ ਠੇਕੇਦਾਰ ਨੇ ਮੰਡੀ ਵਿਚ ਆਪਣੀ ਮਨਮਾਨੀ ਸ਼ੁਰੂ ਕਰ ਦਿੱਤੀ ਅਤੇ ਗਰੀਬ ਰੇਹੜੀ ਵਾਲਿਆਂ ਤੋਂ ਸਰਕਾਰੀ ਰੇਟ ਤੋਂ ਜ਼ਿਆਦਾ ਵਸੂਲੀ ਕਰਨ ਲੱਗਾ। ਸਕੱਤਰ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਲ ਲੁੱਟ-ਖਸੁੱਟ ਦੀਆਂ ਸ਼ਿਕਾਇਤਾਂ ਪਹੁੰਚੀਆਂ ਤਾਂ ਉਨ੍ਹਾਂ ਨੇ ਮੁਲਜ਼ਮ ਨੂੰ ਦਫ਼ਤਰ ਬੁਲਾ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਸੁਧਾਰ ਕਰਨ ਦੀ ਬਜਾਏ ਮੁਲਜ਼ਮ ਰਾਜੂ ਨੇ ਸ਼ਰੇਆਮ ਉਨ੍ਹਾਂ ਨੂੰ ਧਮਕੀ ਦਿੱਤੀ। ਮੁਲਜ਼ਮ ਨੇ ਨਾ ਸਿਰਫ਼ ਸਕੱਤਰ ਦੇ ਕੰਮ ਵਿਚ ਦਖ਼ਲ ਦਿੱਤਾ ਬਲਕਿ ਮੰਡੀ ਵਿਚ ਰੇਹੜੀ ਲਗਾਉਣ ਵਾਲਿਆਂ ਨਾਲ ਕੁੱਟਮਾਰ ਕਰਕੇ ਉਨ੍ਹਾਂ ਤੋਂ ਜ਼ਬਰਦਸਤੀ ਪੈਸੇ ਵਸੂਲੇ ਅਤੇ ਵਿਰੋਧ ਕਰਨ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਮੁਲਜ਼ਮ ਰਾਜੂ ਅਤੇ ਉਸ ਦੇ ਨਾਲ ਸ਼ਾਮਲ ਕੁਝ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਠੇਕੇਦਾਰ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
 


author

Anmol Tagra

Content Editor

Related News