ਮੋਹਾਲੀ CLU ਘਪਲਾ : ED ਨੇ ਗਮਾਡਾ ਨੇ ਸੀ. ਟੀ. ਪੀ. ਪੰਕਜ ਬਾਵਾ ਨੂੰ ਕੀਤਾ ਗ੍ਰਿਫ਼ਤਾਰ

Thursday, May 14, 2026 - 01:46 PM (IST)

ਮੋਹਾਲੀ CLU ਘਪਲਾ : ED ਨੇ ਗਮਾਡਾ ਨੇ ਸੀ. ਟੀ. ਪੀ. ਪੰਕਜ ਬਾਵਾ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ/ਮੋਹਾਲੀ (ਵੈੱਬ ਡੈਸਕ, ਹਿਤੇਸ਼) : ਮੋਹਾਲੀ ਦੇ ਬਹੁ-ਚਰਚਿਤ ਸੀ. ਐੱਲ. ਯੂ. ਫਰਾਡ ਕੇਸ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵੱਡੀ ਕਾਰਵਾਈ ਕਰਦੇ ਹੋਏ ਗਮਾਡਾ ਦੇ ਸੀ. ਟੀ. ਪੀ. ਪੰਕਜ ਬਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕਾਰਵਾਈ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਅਤੇ ਚੰਡੀਗੜ੍ਹ ਖੇਤਰ 'ਚ ਬਿਲਡਰਾਂ ਅਤੇ ਡਿਵੈਲਪਰਾਂ ਦੇ ਟਿਕਾਣਿਆਂ 'ਤੇ ਮਾਰੀ ਗਈ ਰੇਡ ਤੋਂ ਬਾਅਦ ਅਮਲ 'ਚ ਲਿਆਂਦੀ ਗਈ ਹੈ। ਸੂਤਰਾਂ ਮੁਤਾਬਕ ਪੰਕਜ ਬਾਵਾ ਨੂੰ ਦੋ ਦਿਨ ਦੀ ਲਗਾਤਾਰ ਪੁੱਛਗਿੱਛ ਤੋਂ ਬਾਅਦ ਹਿਰਾਸਤ 'ਚ ਲਿਆ ਗਿਆ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਇਹ ਮਾਮਲਾ ਮੋਹਾਲੀ 'ਚ ਰਿਹਾਇਸ਼ੀ ਕਾਲੋਨੀਆਂ ਅਤੇ ਵਪਾਰਕ ਪ੍ਰਾਜੈਕਟਾਂ ਲਈ ਗਲਤ ਤਰੀਕੇ ਨਾਲ ਸੀ. ਐੱਲ. ਯੂ. ਹਾਸਲ ਕਰਨ ਨਾਲ ਜੁੜਿਆ ਹੋਇਆ ਹੈ। ਦੋਸ਼ ਹਨ ਕਿ ਕਈ ਬਿਲਡਰਾਂ ਨੇ ਜ਼ਮੀਨ ਦੀ ਪੂਰੀ ਰਜਿਸਟਰੀ ਨਾ ਹੋਣ ਦੇ ਬਾਵਜੂਦ ਅਸਲ ਮਾਲਕਾਂ ਦੇ ਫਰਜ਼ੀ ਦਸਤਖ਼ਤ ਕਰਕੇ ਅਤੇ ਅਧਿਕਾਰੀਆਂ ਨਾਲ ਮਿਲੀ-ਭੁਗਤ ਕਰਕੇ ਮਨਜ਼ੂਰੀਆਂ ਲਈਆਂ।

ਇਸ ਦੌਰਾਨ ਕਰੋੜਾਂ ਰੁਪਏ ਦੀ ਨਕਦੀ ਅਤੇ ਅਹਿਮ ਦਸਤਾਵੇਜ਼ ਬਰਾਮਦ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਭ ਤੋਂ ਵੱਡਾ ਸਵਾਲ ਪੰਕਜ ਬਾਵਾ ਦੀ ਨਿਯੁਕਤੀ 'ਤੇ ਉੱਠ ਰਿਹਾ ਹੈ। ਉਸ ਨੂੰ ਫਰਵਰੀ 2024 'ਚ ਵਿਜੀਲੈਂਸ ਨੇ ਵੀ ਇਨ੍ਹਾਂ ਹੀ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਸੀ ਪਰ ਉਹ ਜ਼ਮਾਨਤ ਮਿਲਣ ਤੋਂ ਬਾਅਦ ਨਵੰਬਰ 2024 'ਚ ਦੁਬਾਰਾ ਸੀ. ਟੀ. ਪੀ. ਗਮਾਡਾ ਦੀ ਕੁਰਸੀ ਹਾਸਲ ਕਰਨ 'ਚ ਕਾਮਯਾਬ ਰਿਹਾ। ਇਸ ਨਾਲ ਬਿਲਡਰਾਂ ਅਤੇ ਸਿਆਸੀ ਆਗੂਆਂ ਨਾਲ ਉਸ ਦੀ ਮਿਲੀ-ਭੁਗਤ ਦੇ ਇਲਜ਼ਾਮ ਹੋਰ ਪੁਖ਼ਤਾ ਹੋ ਗਏ ਹਨ। ਈ. ਡੀ. ਦੀ ਇਸ ਕਾਰਵਾਈ ਨੇ ਗਮਾਡਾ ਦੇ ਹੋਰਨਾਂ ਅਧਿਕਾਰੀਆਂ 'ਚ ਵੀ ਦਹਿਸ਼ਤ ਪੈਦਾ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਕਈ ਅਧਿਕਾਰੀ ਗ੍ਰਿਫ਼ਤਾਰੀ ਦੇ ਡਰੋਂ ਆਪਣੇ ਫੋਨ ਬੰਦ ਕਰਕੇ ਰੂਪੋਸ਼ ਹੋ ਗਏ ਹਨ। ਜਾਂਚ ਦੌਰਾਨ ਹੋਰ ਵੀ ਕਈ ਬਿਲਡਰਾਂ ਅਤੇ ਉੱਚ ਅਧਿਕਾਰੀਆਂ ਦੇ ਨਾਮ ਸਾਹਮਣੇ ਆਉਣ ਦੀ ਸੰਭਾਵਨਾ ਹੈ


 


author

Babita

Content Editor

Related News