MODEL TOWN ''ਚੋਂ ਨੌਜਵਾਨ ਦੀ ਲਾਸ਼ ਬਰਾਮਦ, ਨਸ਼ੇ ਦੀ ਓਵਰਡੋਜ਼ ਦਾ ਖ਼ਦਸ਼ਾ
Wednesday, May 13, 2026 - 04:49 PM (IST)
ਲੁਧਿਆਣਾ (ਰਿਸ਼ੀ)- ਮਹਾਨਗਰ ਦੇ ਮਾਡਲ ਟਾਊਨ ਇਲਾਕੇ ’ਚ ਮੰਗਲਵਾਰ ਨੂੰ ਇਕ ਖਾਲੀ ਪਲਾਟ ’ਚੋਂ ਸ਼ੱਕੀ ਹਾਲਤ ’ਚ ਨੌਜਵਾਨ ਦੀ ਲਾਸ਼ ਮਿਲਣ ਨਾਲ ਦਹਿਸ਼ਤ ਫੈਲ ਗਈ। ਸੂਚਨਾ ਮਿਲਦੇ ਹੀ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਜਾਂਚ ਲਈ ਪੁੱਜੇ ਹੈੱਡ ਕਾਂਸਟੇਬਲ ਸੁਖਪਾਲ ਰਾਮ ਨੇ ਮ੍ਰਿਤਕ ਦੀ ਪਛਾਣ 27 ਸਾਲਾ ਗੌਰਵ ਉਰਫ ਸੁਭਾਸ਼ ਵਜੋਂ ਕੀਤੀ ਹੈ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੋ ਸਕਦੀ ਹੈ, ਹਾਲਾਂਕਿ ਪੁਲਸ ਨੇ ਅਜੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਜਾਂਚ ਅਧਿਕਾਰੀ ਅਨੁਸਾਰ ਮੌਕੇ ਤੋਂ ਕੋਈ ਨਸ਼ੀਲਾ ਪਦਾਰਥ ਬਰਾਮਦ ਨਹੀਂ ਹੋਇਆ। ਲਾਸ਼ ਦਾ ਪਤਾ ਉਦੋਂ ਲੱਗਾ, ਜਦੋਂ ਇਕ ਵਿਅਕਤੀ ਪਲਾਟ ’ਚ ਬਣੇ ਕਮਰੇ ’ਚੋਂ ਸਾਮਾਨ ਚੁੱਕਣ ਗਿਆ ਅਤੇ ਲਾਸ਼ ਦੇਖ ਕੇ ਰੌਲਾ ਪਾ ਦਿੱਤਾ। ਪੁਲਸ ਹੁਣ ਪਰਿਵਾਰ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਨੌਜਵਾਨ ਰਾਤ ਨੂੰ ਘਰੋਂ ਕਦੋਂ ਨਿਕਲਿਆ ਸੀ ਅਤੇ ਉਸ ਸਮੇਂ ਉਸ ਨਾਲ ਕੌਣ ਸੀ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।
