ਰਿਸ਼ਵਤ ਲੈ ਕੇ ਕਥਿਤ ਦੋਸ਼ੀ ਦੇ ਭਰਾ-ਪੁੱਤ ਨੂੰ ਬਚਾਉਣ ਦੇ ਦੋਸ਼ ''ਚ SHO ਸਣੇ 5 ਵਿਰੁੱਧ ਮਾਮਲਾ ਦਰਜ਼

Thursday, Oct 24, 2024 - 05:27 AM (IST)

ਰਿਸ਼ਵਤ ਲੈ ਕੇ ਕਥਿਤ ਦੋਸ਼ੀ ਦੇ ਭਰਾ-ਪੁੱਤ ਨੂੰ ਬਚਾਉਣ ਦੇ ਦੋਸ਼ ''ਚ SHO ਸਣੇ 5 ਵਿਰੁੱਧ ਮਾਮਲਾ ਦਰਜ਼

ਮੋਗਾ (ਗੋਪੀ ਰਾਊਕੇ, ਆਜ਼ਾਦ, ਕਸ਼ਿਸ਼) - ਮੋਗਾ ਜ਼ਿਲ੍ਹੇ ਦੇ ਥਾਣਾ ਕੋਟ ਈਸੇ ਖਾਂ ਵਿਖੇ ਤਾਇਨਾਤ ਐੱਸ.ਐੱਚ.ਓ ਅਰਸ਼ਪ੍ਰੀਤ ਕੌਰ ਗਰੇਵਾਲ ਦੁਆਰਾ 1 ਅਕਤੂਬਰ ਨੂੰ ਅਫ਼ੀਮ ਦੇ ਮਾਮਲੇ ਵਿਚ ਦਰਜ ਇਕ ਮੁਕੱਦਮੇ ਵਿਚ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਉਹ ਖੁਦ ਇਸ ਮਾਮਲੇ ਵਿਚ ਨਾਮਜ਼ਦ ਕਥਿਤ ਦੋਸ਼ੀ ਅਮਰਜੀਤ ਸਿੰਘ ਸੋਨੂੰ ਦੇ ਭਰਾ ਅਤੇ ਪੁੱਤ ਨੂੰ ਬਚਾਉਣ ਦੇ ਮਾਮਲੇ ਵਿਚ ਲੱਖਾਂ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਘਿਰ ਗਏ।

ਜ਼ਿਕਰਯੋਗ ਹੈ ਕਿ ਕਾਫ਼ੀ ਦਿਨਾਂ ਤੋਂ ਇਹ ਮਾਮਲਾ ਚਰਚਾ ਵਿਚ ਸੀ। ਆਖਿਰਕਾਰ ਪੁਲਸ ਨੇ ਅੱਜ ਕਾਰਵਾਈ ਕੀਤੀ ਹੈ। ਡੀ. ਐੱਸ. ਪੀ. ਧਰਮਕੋਟ ਰਮਨਦੀਪ ਸਿੰਘ ਆਪਣੇ ਮੁਲਾਜ਼ਮਾਂ ਨਾਲ ਅੱਜ ਕੋਟ ਈਸੇ ਖਾਂ ਵਿਖੇ ਮੌਜੂਦ ਸਨ ਤਾਂ ਕਿਸੇ ਖਾਸ ਮੁਖ਼ਬਰ ਤੋਂ ਸੂਚਨਾ ਮਿਲੀ ਕਿ ਜੋ ਮੁਕੱਦਮਾ ਨੰਬਰ 131, 1 ਅਕਤੂਬਰ 2024 ਨੂੰ ਦਰਜ ਕੀਤਾ ਗਿਆ ਹੈ, ਉਸ ਵਿਚ 2 ਕਿਲੋ ਅਫ਼ੀਮ ਦੀ ਬਰਾਮਦਗੀ ਦਿਖਾਈ ਗਈ ਹੈ, ਜਿਸ ਵਿਚ ਅਮਰਜੀਤ ਸਿੰਘ ਸੋਨੂੰ ਨੂੰ ਨਾਮਜ਼ਦ ਕੀਤਾ ਗਿਆ ਹੈ, ਜਦੋਂਕਿ ਅਸਲੀਅਤ ਇਹ ਹੈ ਕਿ ਇਸ ਦੇ ਭਰਾ ਮਨਪ੍ਰੀਤ ਸਿੰਘ ਅਤੇ ਪੁੱਤ ਗੁਰਪ੍ਰੀਤ ਸਿੰਘ ਵੀ ਇਸ ਦੇ ਨਾਲ ਸਨ, ਜਿਨ੍ਹਾਂ ਕੋਲ 3 ਕਿਲੋ ਅਫ਼ੀਮ ਬਰਾਮਦ ਕੀਤੀ ਸੀ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਮੁੱਖ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਰਾਜਪਾਲ ਸਿੰਘ ਮੁੱਖ ਮੁਨਸ਼ੀ ਪੁਲਸ ਚੌਕੀ ਬਲਖੰਡੀ ਨੇ ਆਪਸ ਵਿਚ ਮਿਲ ਕੇ ਕਿਸੇ ਵਿਅਕਤੀ ਰਾਹੀਂ 8 ਲੱਖ ਰੁਪਏ ਵਿਚ ਸੌਦਾ ਕਰ ਕੇ 5 ਲੱਖ ਰੁਪਏ ਹਾਸਲ ਕਰ ਲਏ ਅਤੇ ਮਾਮਲਾ ਇਕੱਲੇ ਅਮਰਜੀਤ ਸਿੰਘ ਸੋਨੂੰ ’ਤੇ ਦਰਜ ਕਰ ਦਿੱਤਾ।

ਪੁਲਸ ਨੂੰ ਮਿਲੀ ਸੂਚਨਾ ਭਰੋਸੇਮੰਦ ਹੋਣ ਕਰ ਕੇ ਇਸ ਮਾਮਲੇ ਵਿਚ ਅਰਸ਼ਪ੍ਰੀਤ ਕੌਰ ਗਰੇਵਾਲ, ਹੌਲਦਾਰ ਗੁਰਪ੍ਰੀਤ ਸਿੰਘ, ਹੌਲਦਾਰ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ। ਡੀ. ਐੱਸ. ਪੀ. ਰਮਨਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਦਰਜ ਮਾਮਲੇ ਵਿਚ ਪੁਲਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।


author

Inder Prajapati

Content Editor

Related News