ਦਿਲ ਨੂੰ ਵਲੂੰਧਰ ਦੇਵੇਗੀ ਤੇਜ਼ਾਬੀ ਹਮਲੇ ਦੀ ਸ਼ਿਕਾਰ ਹੋਈ ਗੀਤਾ ਦੀ ਦਰਦਭਰੀ ਦਾਸਤਾਨ (ਵੀਡੀਓ)

01/13/2020 6:54:09 PM

ਅੰਮ੍ਰਿਤਸਰ/ਆਗਰਾ (ਹਰਪ੍ਰੀਤ ਸਿੰਘ ਕਾਹਲੋ)— ਸੋਚੋ ਜੇ ਤੁਹਾਨੂੰ ਉਸ ਬੰਦੇ ਨਾਲ ਹੀ ਰਹਿਣਾ ਪਵੇ, ਜਿਸ ਨੇ ਤੁਹਾਡੇ 'ਤੇ ਤੇਜ਼ਾਬ ਸੁੱਟਿਆ ਹੋਵੇ ਤਾਂ ਤੁਹਾਡਾ ਹਰ ਦਿਨ ਕਿਸ ਤਰ੍ਹਾਂ ਦਾ ਗੁਜ਼ਰੇਗਾ। ਇਹ ਤਾਂ ਦੋਹਰੀ ਤਸ਼ੱਦਦ ਹੋਈ ਪਰ ਅਜਿਹਾ ਹੀ ਹੋਇਆ। 46 ਸਾਲਾ ਗੀਤਾ ਇਸ ਸਵਾਲ ਨਾਲ ਉਲਟਾ ਸਾਨੂੰ ਹੀ ਸਵਾਲ ਕਰਦੀ ਹੈ। ਉਸ ਮੁਤਾਬਕ ਕਾਨੂੰਨ ਇਕ ਸਮੇਂ ਸਜ਼ਾ ਦੇ ਸਕਦਾ ਹੈ ਪਰ ਅਖੀਰ ਵੱਡਾ ਬੰਦੋਬਸਤ ਤਾਂ ਸਮਾਜੀ ਜ਼ਿੰਦਗੀ 'ਚ ਹੋਣਾ ਚਾਹੀਦਾ ਹੈ। ਸਮਾਜ 'ਚ ਕਾਨੂੰਨੀ ਲੜਾਈ ਤੋਂ ਬਾਅਦ ਦਾ ਬੰਦੋਬਸਤ ਯਕੀਨੀ ਨਾ ਹੋਣ ਕਰਕੇ ਬਹੁਤੀ ਵਾਰ ਲੜਾਈ ਖਿੰਡ ਜਾਂਦੀ ਹੈ।

ਇਹ 1992 ਦੇ ਦਿਨਾਂ ਦੀ ਗੱਲ ਹੈ। ਗੀਤਾ ਦਾ ਵਿਆਹ ਆਗਰਾ ਦੇ ਇੰਦਰ ਕੁਮਾਰ ਨਾਲ ਹੋਇਆ ਸੀ ਅਤੇ ਹੁਣ ਉਸ ਦੀਆਂ 3 ਬੇਟੀਆਂ ਹਨ। ਇੰਦਰ ਅਤੇ ਉਸ ਦੇ ਪਰਿਵਾਰ ਵੱਲੋਂ ਗੀਤਾ 'ਤੇ ਲੜਕਾ ਪੈਦਾ ਕਰਨ ਦਾ ਜ਼ੋਰ ਸੀ। ਤਿੰਨ ਬੇਟੀਆਂ ਹੋਣ ਕਰਕੇ ਅਤੇ ਮੁੰਡੇ ਦੀ ਆਸ 'ਚ ਗੀਤਾ ਲਈ ਹਰ ਦਿਨ ਔਖਾ ਹੋ ਜਾਂਦਾ। ਗੀਤਾ ਦੇ ਪਤੀ ਵੱਲੋਂ ਕੁੱਟ-ਕੁਟਾਪਾ ਅਤੇ ਸਹੁਰੇ ਘਰ 'ਚ ਨਿਤ ਦੀਆਂ ਫਿਟਕਾਰਾਂ ਆਮ ਸਨ।

ਤੇਜ਼ਾਬ ਸੁੱਟ ਕੇ ਪਤੀ ਨੇ ਦਿੱਤੀ ਦਰਦਭਰੀ ਦਾਸਤਾਨ
ਇਕ ਦਿਨ ਗੀਤਾ ਆਪਣੀਆਂ 2 ਬੇਟੀਆਂ ਨੀਤੂ ਅਤੇ ਕ੍ਰਿਸ਼ਨਾ ਨੂੰ ਲੈ ਕੇ ਆਪਣੇ ਪੇਕੇ ਫਤਿਹਪੁਰ ਸੀਕਰੀ ਗਈ। ਉਸ ਦਿਨ ਰਾਤ ਡੇਢ ਵਜੇ ਇੰਦਰ ਆਪਣੇ ਸਹੁਰੇ ਘਰ ਪਹੁੰਚਿਆ ਅਤੇ ਗੀਤਾ ਸਮੇਤ ਦੋਵਾਂ ਕੁੜੀਆਂ 'ਤੇ ਤੇਜ਼ਾਬ ਸੁੱਟ ਦਿੱਤਾ। ਉਸ ਸਮੇਂ ਨੀਤੂ ਢਾਈ ਸਾਲ ਅਤੇ ਕ੍ਰਿਸ਼ਨਾ ਡੇਢ ਸਾਲ ਦੀ ਸੀ। ਵੱਡੀ ਬੇਟੀ ਇਸ ਹਮਲੇ ਤੋਂ ਬਚ ਗਈ ਕਿਉਂਕਿ ਉਹ ਆਪਣੀ ਦਾਦੀ ਕੋਲ ਘਰ ਸੀ। ਗੀਤਾ ਮੁਤਾਬਕ ਇੰਦਰ ਉਸ ਰਾਤ ਸ਼ਰਾਬ ਪੀ ਕੇ ਆਇਆ ਅਤੇ ਉਸ ਨੇ ਸਾਡੇ 'ਤੇ ਤੇਜ਼ਾਬ ਸੁੱਟ ਦਿੱਤਾ। ਇਸ ਘਟਨਾ ਤੋਂ ਬਾਅਦ ਗੀਤਾ ਅਤੇ ਨੀਤੂ ਅੱਜ ਵੀ ਇਸ ਪੀੜ ਨੂੰ ਸਹਿ ਰਹੀਆਂ ਹਨ ਪਰ ਡੇਢ ਸਾਲ ਦੀ ਕ੍ਰਿਸ਼ਨਾ ਦੀ ਇਕ ਹਫਤੇ ਬਾਅਦ ਮੌਤ ਹੋ ਗਈ ਸੀ। ਇਸ ਵਾਰਦਾਤ ਤੋਂ ਬਾਅਦ ਇੰਦਰ ਨੂੰ ਜੇਲ ਹੋਈ, ਕੇਸ ਚੱਲਿਆ। ਉਸ ਨੇ ਜੇਲ 'ਚੋਂ ਗੀਤਾ ਨੂੰ ਦੋ ਚਿੱਠੀਆਂ ਲਿਖੀਆਂ। ਪਹਿਲੀ ਚਿੱਠੀ 'ਚ ਉਸ ਨੇ ਮੁਆਫੀ ਮੰਗੀ ਅਤੇ ਪਛਤਾਵਾ ਜ਼ਾਹਰ ਕੀਤਾ। ਇਸ ਚਿੱਠੀ ਦੇ ਜਵਾਬ 'ਚ ਗੀਤਾ ਨੇ ਉਸ ਨੂੰ ਮੁਆਫ ਨਹੀਂ ਕੀਤਾ ਅਤੇ ਕੇਸ ਵਾਪਸ ਲੈਣ ਦੀ ਬੇਨਤੀ ਨਹੀਂ ਮੰਨੀ। ਫਿਰ ਇੰਦਰ ਨੇ ਦੂਜੀ ਚਿੱਠੀ ਲਿਖੀ। ਇਸ ਚਿੱਠੀ 'ਚ ਧਮਕੀ ਸੀ ਕਿ ਇਕ ਦਿਨ ਉਹ ਆਪਣੀ ਸਜ਼ਾ ਭੁਗਤ ਕੇ ਵਾਪਸ ਆਵੇਗਾ ਤਾਂ ਉਸ ਦਿਨ ਤੁਸੀਂ ਸੋਚੋ ਕਿ ਮੈਂ ਕੀ ਕਰਾਂਗਾ? ਇਸ ਦੇ ਨਾਲ ਉਸ ਨੇ ਇਹ ਵੀ ਲਿਖਿਆ ਕਿ ਉਹ ਆਪਣੇ ਸਾਲੇ ਅਤੇ ਸੱਸ 'ਤੇ ਵੀ ਤੇਜ਼ਾਬ ਸੁੱਟੇਗਾ। ਇਸ ਚਿੱਠੀ ਤੋਂ ਬਾਅਦ ਗੀਤਾ ਬਹੁਤ ਡਰ ਗਈ। ਉਸ ਨੂੰ ਆਪਣੀ ਮਾਂ ਅਤੇ ਭਰਾ ਦੀ ਵੀ ਫਿਕਰ ਹੋਈ।

ਗੀਤਾ ਕਹਿੰਦੀ ਹੈ ਕਿ ਸੋਚੋ ਕਾਨੂੰਨੀ ਲੜਾਈ ਤੋਂ ਇਲਾਵਾ ਸਾਡਾ ਮਸਲਾ ਇਹ ਵੀ ਸੀ ਕਿ ਹੁਣ ਅਸੀਂ ਰਹਾਂਗੇ ਕਿੱਥੇ? ਅਸੀਂ ਕੀ ਖਾਵਾਂਗੇ, ਕਿੰਝ ਜੀਵਾਂਗੇ? ਸਾਡੇ ਕੋਲ ਤਾਂ ਅਜਿਹਾ ਕੋਈ ਵਸੀਲਾ ਵੀ ਨਹੀਂ ਸੀ। ਪੜ੍ਹੇ-ਲਿਖੇ ਹੁੰਦੇ ਤਾਂ ਨੌਕਰੀ ਕਰ ਲੈਂਦੇ। ਅਖੀਰ ਸਮਝੌਤਾ ਹੋਇਆ। ਫੈਸਲਾ ਹੋਇਆ ਅਤੇ ਗੀਤਾ ਨੇ ਕੇਸ ਵਾਪਸ ਲੈ ਲਿਆ। ਇੰਦਰ ਬਾਹਰ ਆਇਆ। ਸਮਝੌਤੇ 'ਚ ਸੀ ਕਿ ਇੰਦਰ ਗੀਤਾ ਅਤੇ ਆਪਣੀ ਬੇਟੀ ਨੀਤੂ ਨੂੰ ਆਪਣੇ ਨਾਲ ਹੀ ਰੱਖੇਗਾ ਅਤੇ ਉਨ੍ਹਾਂ ਦਾ ਖਰਚਾ ਚੁੱਕੇਗਾ। ਗੀਤਾ ਅਤੇ ਨੀਤੂ ਅੱਜ ਵੀ ਇੰਦਰ ਨਾਲ ਰਹਿੰਦੀਆਂ ਹਨ। ਗੀਤਾ ਮੁਤਾਬਕ ਹਮਲੇ ਤੋਂ ਬਾਅਦ 1992 ਤੋਂ ਹੁਣ ਤੱਕ ਜੋ ਦਿਨ ਇੰਦਰ ਨਾਲ ਗੁਜ਼ਾਰੇ ਹਨ, ਉਹ ਕਿਸੇ ਤਸ਼ੱਦਦ ਤੋਂ ਘੱਟ ਨਹੀਂ ਹਨ। ਇੰਦਰ ਸ਼ਰਾਬੀ ਹੈ ਅਤੇ ਉਸ ਨੇ ਸਾਡੀ ਕਦੀ ਵੀ ਫਿਕਰ ਨਹੀਂ ਕੀਤੀ। 2014 'ਚ ਸ਼ੀਰੋਜ਼ ਕੈਫੇਬਣਨ ਤੋਂ ਬਾਅਦ ਸਾਨੂੰ ਵੱਡਾ ਆਸਰਾ ਮਿਲਿਆ।

ਹਮਲੇ 'ਚ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ ਨੀਤੂ ਦੀਆਂ ਅੱਖਾਂ
ਨੀਤੂ ਹੁਣ 28 ਸਾਲ ਦੀ ਹੈ। ਨੀਤੂ ਦੀਆਂ ਅੱਖਾਂ ਇਸ ਹਮਲੇ 'ਚ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਸਨ। ਮੋਟੇ ਸ਼ੀਸ਼ਿਆਂ ਦੀ ਐਨਕ ਲਾਈ ਨੀਤੂ ਬਹੁਤ ਬੇਬਾਕੀ ਨਾਲ ਗੱਲਬਾਤ ਕਰਦੀ ਹੈ। ਗੀਤਾ ਅਤੇ ਨੀਤੂ ਦੋਵੇਂ ਮਾਵਾਂ ਧੀਆਂ ਇਕ-ਦੂਜੇ ਦਾ ਸਹਾਰਾ ਹਨ।

ਦੋਵਾਂ ਮਾਵਾਂ ਧੀਆਂ ਬਾਰੇ ਬਣ ਚੁੱਕੀ ਹੈ 'ਗੀਤਾ ਦਿ ਕਲਰ ਆਫ ਲਵ' ਨਾਂ ਦੀ ਫਿਲਮ
ਆਸਟਰੇਲੀਆ ਤੋਂ ਐਮਾ ਨਾਂ ਦੀ ਨਿਰਦੇਸ਼ਕ ਨੇ ਦੋਵਾਂ ਮਾਵਾਂ-ਧੀਆਂ ਬਾਰੇ ਇਕ ਦਸਤਾਵੇਜ਼ੀ ਫਿਲਮ ਬਣਾਈ ਹੈ। 'ਗੀਤਾ-ਦਿ ਕਲਰ ਆਫ ਲਵ' ਨਾਂ ਦੀ ਇਹ ਫ਼ਿਲਮ ਛੇਤੀ ਹੀ ਰਿਲੀਜ਼ ਹੋਵੇਗੀ। ਨੀਤੂ ਨੇ ਵਾਅਦਾ ਕੀਤਾ ਹੈ ਕਿ ਜਿਸ ਦਿਨ ਇਹ ਫਿਲਮ ਆਈ ਤਾਂ ਉਹ ਮੈਨੂੰ ਭੇਜੇਗੀ। ਦੋਵੇਂ ਸੱਚਮੁੱਚ ਹੀ ਪਿਆਰ ਦੇ ਰੰਗ ਹਨ। ਗੀਤਾ ਕੈਫ਼ੇ 'ਚ ਸਭ ਤੋਂ ਵੱਡੀ ਹੈ। ਸਭ ਉਸ ਨੂੰ ਆਂਟੀ ਕਹਿੰਦੇ ਹਨ। ਸ਼ੀਰੋਜ਼ ਕੈਫੇ 'ਚ ਗੀਤਾ ਨੇ ਸਭ ਨੂੰ ਮਾਂ ਦਾ ਪਿਆਰ ਦਿੱਤਾ ਹੈ। ਗੀਤਾ ਅਤੇ ਨੀਤੂ ਦੀ ਕਹਾਣੀ 'ਚ ਤੁਹਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ 2013 ਤੋਂ ਪਹਿਲਾਂ ਤੇਜ਼ਾਬੀ ਹਮਲਿਆਂ ਨੂੰ ਲੈ ਕੇ ਕਾਨੂੰਨ ਕਾਫੀ ਕਮਜ਼ੋਰ ਸੀ। ਇਸ ਕਾਨੂੰਨ 'ਚ ਇਹ ਸੰਗੀਨ ਜੁਰਮ ਨਾ ਹੋ ਕੇ ਸਿਰਫ ਸਰੀਰਕ ਨੁਕਸਾਨ ਪਹੁੰਚਾਏ ਜਾਣ ਦਾ ਜੁਰਮ ਹੀ ਮੰਨਿਆ ਗਿਆ ਸੀ। ਇਸ ਤਹਿਤ ਸਜ਼ਾ ਵੀ 7 ਸਾਲ ਸੀ।

2006 'ਚ ਲਕਸ਼ਮੀ ਅਗਰਵਾਲ ਵੱਲੋਂ ਪਾਈ ਪਟੀਸ਼ਨ, 226ਵੇਂ ਲਾਅ ਕਮਿਸ਼ਨ ਰਿਪੋਰਟ, ਜਸਟਿਸ ਜੇ. ਐੱਸ. ਵਰਮਾ ਕਮੇਟੀ ਦੀ ਰਿਪੋਰਟਾਂ ਦਾ ਅਸਰ ਹੈ ਕਿ ਹੁਣ ਤੇਜ਼ਾਬੀ ਹਮਲੇ ਨੂੰ ਸੰਗੀਨ ਜੁਰਮ ਮੰਨਿਆ ਗਿਆ ਹੈ ਅਤੇ ਇਸ ਤਹਿਤ ਉਮਰ ਕੈਦ ਦੀ ਸਜ਼ਾ ਵੀ ਹੈ। ਇਸ ਤੋਂ ਬਾਅਦ ਤੇਜ਼ਾਬ ਦੀ ਵਿਕਰੀ ਨੂੰ ਕਾਨੂੰਨਨ ਕੰਟਰੋਲ ਕੀਤਾ ਗਿਆ ਅਤੇ ਖਰੀਦਣ ਵਾਲੇ ਦਾ ਰਿਕਾਰਡ ਰੱਖਣਾ ਜ਼ਰੂਰੀ ਕੀਤਾ ਗਿਆ। ਹੁਣ ਪੀੜਤ ਨੂੰ 3 ਲੱਖ ਰੁਪਏ ਦੀ ਸਹਾਇਤਾ ਰਕਮ ਤੋਂ ਇਲਾਵਾ 8000 ਪ੍ਰਤੀ ਮਹੀਨਾ ਦੀ ਸਹਾਇਤਾ ਦਾ ਬੰਦੋਬਸਤ ਕੀਤਾ ਗਿਆ ਹੈ। 8 ਹਜ਼ਾਰ ਪ੍ਰਤੀ ਮਹੀਨੇ ਦੀ ਉਮਰ ਭਰ ਪੈਨਸ਼ਨ ਸਕੀਮ ਨੂੰ ਗੋਆ ਸੂਬੇ ਨੇ ਗੋਆ ਪੀੜਤ ਮੁਆਵਜ਼ਾ ਸਕੀਮ 2012 ਤਹਿਤ ਲਾਗੂ ਕਰ ਦਿੱਤਾ ਸੀ। ਇਸੇ ਸਿਲਸਿਲੇ 'ਚ ਪੰਜਾਬ ਨੇ ਇਹ ਸਕੀਮ 20 ਜੂਨ 2017 ਤੋਂ ਸ਼ੁਰੂ ਕੀਤੀ ਹੈ। ਇਹ ਸਭ ਕੁਝ ਉਸ ਸਮੇਂ 1992 'ਚ ਨਹੀਂ ਸੀ ਜਦੋਂ ਗੀਤਾ ਅਤੇ ਨੀਤੂ 'ਤੇ ਹਮਲਾ ਹੋਇਆ ਸੀ। ਫਿਲਹਾਲ ਗੀਤਾ ਅਤੇ ਨੀਤੂ ਸਪੇਨ 'ਚ ਇਕ ਖਾਸ ਪ੍ਰੋਗਰਾਮ 'ਚ ਹਿੱਸਾ ਲੈਣ ਜਾ ਰਹੀਆਂ ਹਨ।


shivani attri

Content Editor

Related News