3 ਮਹੀਨੇ ਬਾਅਦ ਫੜੀ ਗਈ ਮੁਲਜ਼ਮ ਔਰਤ, ਬੱਚਾ ਬਰਾਮਦ

04/10/2019 9:34:00 AM

ਜਲੰਧਰ (ਮਹੇਸ਼)—10 ਜਨਵਰੀ ਨੂੰ ਕੈਂਟ ਰੇਲਵੇ ਸਟੇਸ਼ਨ 'ਤੇ ਦਿਨ-ਦਿਹਾੜੇ 6 ਮਹੀਨੇ ਦਾ ਬੱਚਾ ਅਗਵਾ ਹੋਣ ਦਾ ਮਾਮਲਾ ਅੱਜ ਰੇਲਵੇ ਪੁਲਸ ਜਲੰਧਰ ਕੈਂਟ ਨੇ ਸੁਲਝਾ ਲਿਆ ਹੈ। ਜੀ. ਆਰ. ਪੀ. ਚੌਕੀ ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਮਹਿਲਾ ਕਾਂਸਟੇਬਲ ਪੂਨਮ ਸਮੇਤ ਮੁਲਜ਼ਮ ਔਰਤ ਨੂੰ ਕਾਬੂ ਕਰ ਲਿਆ ਹੈ ਅਤੇ ਉਸ ਤੋਂ ਬੱਚੇ ਨੂੰ ਵੀ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ।

ਬੱਚੇ ਨੂੰ ਅਗਵਾ ਕਰਨ ਵਾਲੀ ਔਰਤ ਦੀ ਪਛਾਣ ਕਾਮਿਨੀ ਪਤਨੀ ਅਨੂਪ ਵਾਸੀ ਬੜਿੰਗ ਵਜੋਂ ਹੋਈ ਹੈ। ਉਸ ਦੇ ਖਿਲਾਫ ਓਮ ਦਾਸ ਨਾਂ ਦੇ ਬੱਚੇ ਅਤੇ ਮਾਸੂਮ ਬੱਚੇ ਦੀ ਮਾਂ ਲੀਲਾਵਤੀ ਪਤਨੀ ਧਰਮਵੀਰ ਵਾਸੀ ਪਿੰਡ ਕੋਟ ਪੰਡੋਰੀ ਮੇਹਰਾ ਥਾਣਾ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਬਿਆਨਾਂ 'ਤੇ ਰੇਲਵੇ ਪੁਲਸ ਨੇ ਆਈ. ਪੀ. ਸੀ. ਦੀ ਧਾਰਾ 363 ਦੇ ਤਹਿਤ ਕੇਸ ਦਰਜ ਕੀਤਾ ਸੀ। ਮੁਲਜ਼ਮ ਔਰਤ ਕੈਂਟ ਸਟੇਸ਼ਨ 'ਤੇ ਹੀ ਆਰਮੀ ਦੇ ਬਣੇ ਹੋਏ ਸੈਂਟਰ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਪਾਈ ਗਈ ਸੀ। ਪੁਲਸ 3 ਮਹੀਨਿਆਂ ਤੋਂ ਲਗਾਤਾਰ ਇਸ ਦੀ ਭਾਲ ਵਿਚ ਲੱਗੀ ਹੋਈ ਸੀ ਅਤੇ ਅੱਜ ਉਸ ਦੇ ਫੜੇ ਜਾਣ 'ਤੇ ਪੁਲਸ ਆਪਣੇ ਮਿਸ਼ਨ ਵਿਚ ਸਫਲ ਹੋ ਗਈ ਹੈ।

ਰੇਲਵੇ ਪੁਲਸ ਦੇ ਏ. ਐੱਸ. ਆਈ. ਮਨਜੀਤ ਸਿੰਘ ਨੇ ਦੱਸਿਆ ਕਿ ਜਾਂਚ ਵਿਚ ਆਇਆ ਹੈ ਕਿ ਮੁਲਜ਼ਮ ਔਰਤ ਦੇ ਆਪਣੇ ਖੁਦ ਦੇ 3 ਬੱਚੇ ਹਨ। ਇਸ ਦੇ ਬਾਵਜੂਦ ਉਸ ਦਾ ਬੱਚਾ ਅਗਵਾ ਕਰਨ ਦਾ ਕੀ ਇਰਾਦਾ ਸੀ, ਨੂੰ ਲੈ ਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਉਸ ਨੂੰ ਕੱਲ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਸ ਤੋਂ ਪੁੱਛਗਿੱਛ ਕੀਤੀ ਜਾ ਸਕੇ।

ਜਿਗਰ ਦੇ ਟੁਕੜੇ ਨੂੰ ਦੇਖ ਕੇ ਅੱਖਾਂ ਵਿਚੋਂ ਟਪਕੇ ਖੁਸ਼ੀ ਦੇ ਹੰਝੂ
ਮਾਸੂਮ ਬੱਚਾ ਜਦੋਂ ਓਮ ਦਾਸ ਅਗਵਾ ਕੀਤਾ ਗਿਆ ਸੀ ਤਾਂ ਉਸ ਦੀ ਉਮਰ ਸਿਰਫ 6 ਮਹੀਨੇ ਦੀ ਸੀ ਪਰ ਹੁਣ ਜਦੋਂ ਉਸ ਨੂੰ ਮੁਲਜ਼ਮ ਔਰਤ ਦੇ ਕਬਜ਼ੇ 'ਚੋਂ ਬਰਾਮਦ ਕੀਤਾ ਗਿਆ ਤਾਂ ਉਹ 9 ਮਹੀਨੇ ਦਾ ਹੋ ਚੁੱਕਾ ਸੀ। ਪੂਰੇ ਤਿੰਨ ਮਹੀਨੇ ਬਾਅਦ ਅੱਜ ਮਾਂ ਲੀਲਾਵਤੀ ਵਲੋਂ ਆਪਣੇ ਜਿਗਰ ਦੇ ਟੁਕੜੇ ਨੂੰ ਦੇਖ ਕੇ ਉਸ ਦੀਆਂ ਅੱਖਾਂ ਵਿਚ ਅਥਰੂ ਆ ਗਏ, ਜੋ ਸਾਫ ਇਹ ਦੱਸ ਰਹੇ ਸਨ ਕਿ ਉਸ ਨੇ ਉਸ ਬਿਨਾਂ ਪੂਰੇ ਤਿੰਨ ਮਹੀਨੇ ਕਿਵੇਂ ਲੰਘਾਏ ਹੋਣਗੇ।


Shyna

Content Editor

Related News