ਕਤਲ ਮਾਮਲੇ ’ਚ ਲੋੜੀਂਦਾ ਚੱਲ ਰਿਹਾ ਮੁਲਜ਼ਮ ਮੋਗਾ ਤੋਂ ਕਾਬੂ, ਪਿੰਡ ਵਾਸੀਆਂ ਦੇ ਹੰਗਾਮੇ ਦੇ ਬਾਵਜੂਦ ਪੁਲਸ ਨੇ ਦਬੋਚਿਆ
Tuesday, Aug 25, 2026 - 08:48 AM (IST)
ਕਪੂਰਥਲਾ (ਭੂਸ਼ਣ, ਮਹਾਜਨ, ਮਲਹੋਤਰਾ) : ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਜ਼ਿਲਾ ਮੋਗਾ ਦੇ ਇਕ ਪਿੰਡ ’ਚ ਛਾਪੇਮਾਰੀ ਕਰਕੇ ਕਤਲ ਦੇ ਇਕ ਮਾਮਲੇ ’ਚ ਲੰਬੇ ਸਮੇਂ ਤੋਂ ਲੋੜੀਂਦੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੇ ਪਿੰਡ ਪਹੁੰਚੀ ਪੁਲਸ ਟੀਮ ਨੂੰ ਰੋਕਣ ਦੇ ਲਈ ਪਿੰਡ ਨਾਲ ਸਬੰਧਤ ਕੁਝ ਲੋਕਾਂ ਨੇ ਨੌਜਵਾਨ ਨੂੰ ਹਿਰਾਸਤ ’ਚ ਲੇਣ ਤੋਂ ਰੋਕਣ ਦੇ ਲਈ ਹੰਗਾਮਾ ਵੀ ਕੀਤਾ ਗਿਆ ਪਰ ਕਪੂਰਥਲਾ ਪੁਲਸ ਦੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਸੂਚਨਾ ’ਤੇ ਮੋਗਾ ਪੁਲਸ ਨੇ ਕਾਰਵਾਈ ਕਰਦੇ ਹੋਏ ਮੁਲਜ਼ਮ ਨੂੰ ਕਪੂਰਥਲਾ ਪੁਲਸ ਦੇ ਹਵਾਲੇ ਕਰ ਦਿੱਤ।
ਜਾਣਕਾਰੀ ਅਨੁਸਾਰ 22 ਅਕਤੂਬਰ 2024 ਨੂੰ ਗੁਰਮੁਖ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਸੁਖੀਆ ਨੰਗਲ ਫੱਤੂਢੀਂਗਾ ਕਪੂਰਥਲਾ ਨੇ ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਮੈਂ ਖੇਤੀਬਾੜੀ ਕਰਦਾ ਹਾਂ। ਮੇਰੇ ਪਿਤਾ ਜਸਪਾਲ ਸਿੰਘ ਨੇ ਕਰੀਬ 25 ਏਕੜ ਜ਼ਮੀਨ ਪਿੰਡ ਝੱਲ ਠੀਕਰੀਵਾਲ ’ਚ 9-10 ਸਾਲਾਂ ਤੋਂ ਠੇਕੇ ’ਤੇ ਲਈ ਹੋਈ ਹੈ। ਇਸ ਜ਼ਮੀਨ ’ਤੇ ਰਤਨ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਪੱਤੀ ਜੀਵਨ ਨਗਰ ਵਲਟੋਹਾ ਜ਼ਿਲਾ ਤਰਨਤਾਰਨ, ਤਰਸੇਮ ਸਿੰਘ ਪੁੱਤਰ ਬਿੰਦਰ ਵਾਸੀ ਕਮਾਲਕੇ ਜ਼ਿਲਾ ਮੋਗਾ ਤੇ ਬੱਗਾ ਸਿੰਘ ਤੇ ਉਸਦੇ ਸਾਥੀ ਆਦਿ ਜ਼ਮੀਨ ’ਤੇ ਆਪਣਾ ਹੱਕ ਜਮਾਉਂਦੇ ਸਨ।
ਇਹ ਵੀ ਪੜ੍ਹੋ : ਲੁਧਿਆਣਾ 'ਚ ਭਿਆਨਕ ਹਾਦਸਾ! ਪੁੱਤ ਦੀਆਂ ਅੱਖਾਂ ਮੂਹਰੇ ਮਾਂ ਦੀ ਦਰਦਨਾਕ ਮੌਤ
22 ਅਕਤੂਬਰ 2024 ਨੂੰ ਮੈਂ ਆਪਣੇ ਪਿਤਾ ਦੇ ਨਾਲ ਕਾਰ ’ਚ ਜਦੋਂ ਠੇਕੇ ’ਤੇ ਲਈ ਹੋਈ ਜ਼ਮੀਨ ਪਿੰਡ ਝੱਲ ਠੀਕਰੀਵਾਲ ਗਏ ਤਾਂ ਦੁਪਹਿਰ ਕਰੀਬ 2 ਵਜੇ ਇਕ 30-35 ਸਾਲ ਦੇ ਨੌਜਵਾਨ ਨੇ ਸਾਡੀ ਗੱਡੀ ਨੂੰ ਰੋਕ ਲਿਆ ਤੇ ਉਕਤ ਨੌਜਵਾਨ ਨੇ ਉਸਦੇ ਪਿਤਾ ਨੂੰ ਕਿਹਾ ਕਿ ਸਾਨੂੰ ਵੀ ਜ਼ਮੀਨ ’ਚੋਂ ਕੁਝ ਦੇ ਦੋ ਤਾਂ ਮੇਰੇ ਪਿਤਾ ਨੇ ਉਸ ਨੌਜਵਾਨ ਨੂੰ ਕਿਹਾ ਕਿ ਮੈਂ ਤਾਂ ਖੁਦ ਠੇਕੇ ’ਤੇ ਲਈ ਹੋਈ ਹੈ, ਤੂੰ ਇਸ ਬਾਰੇ ਜ਼ਮੀਨ ਦੇ ਮਾਲਕਾਂ ਨਾਲ ਗੱਲ ਕਰ। ਇਹ ਗੱਲ ਸੁਣ ਕੇ ਉਕਤ ਨੌਜਵਾਨ ਨੇ ਤੈਸ਼ ’ਚ ਆ ਕੇ ਆਪਣੇ ਡੱਬ ’ਚੋਂ ਪਿਸਤੌਲ ਕੱਢਦੇ ਹੋਏ ਕਿਹਾ ਕਿ ਜੇ ਤੁਸੀ ਬੱਗਾ ਤੇ ਰਤਨ ਸਿੰਘ ਦੇ ਨਾਲ ਼ਜ਼ਮੀਨ ਸਬੰਧੀ ਸਮਝੌਤਾ ਨਾ ਕੀਤਾ ਤਾਂ ਪਹਿਲਾਂ ਤੁਸੀਂ ਇਸਦਾ ਖਮਿਆਜ਼ਾ ਭੁਗਤੋ ਤੇ ਮੁਲਜ਼ਮ ਨੇ ਪਿਸਤੌਲ ਨਾਲ ਮੇਰੇ ਪਿਤਾ ਦੇ ਮੱਥੇ ’ਤੇ ਗੋਲੀ ਚਲਾ ਦਿੱਤੀ ਤੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ। ਜਿਸ ਦੌਰਾਨ ਮੇਰੇ ਪਿਤਾ ਦੀ ਸਿਵਲ ਹਸਪਤਾਲ ਕਪੂਰਥਲਾ ’ਚ ਇਲਾਜ ਦੌਰਾਨ ਮੌਤ ਹੋ ਗਈ ਸੀ।
ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਰਤਨ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਪੱਤੀ ਜੀਵਨ ਨਗਰ ਵਲਟੋਹਾ ਜ਼ਿਲਾ ਤਰਨਤਾਰਨ, ਤਰਸੇਮ ਸਿੰਘ ਪੁੱਤਰ ਬਿੰਦਰ ਵਾਸੀ ਕਮਾਲਕੇ ਧਰਮਕੋਟ ਜ਼ਿਲਾ ਮੋਗਾ, ਬੱਗਾ ਸਿੰਘ ਪੁੱਤਰ ਨਾਹਰ ਸਿੰਘ ਵਾਸੀ ਝੱਲ ਠੀਕਰੀਵਾਲ ਤੇ ਬੱਗਾ ਸਿੰਘ ਦੇ ਭਰਾ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ। ਇਸ ਦੌਰਾਨ ਕੋਤਵਾਲੀ ਪੁਲਸ ਨੇ ਮੁੱਖ ਮੁਲਜਮ ਤਰਸੇਮ ਸਿੰਘ ਉਰਫ ਵਿਸ਼ਾਲ ਨੂੰ ਛਾਪਾਮਾਰੀ ਦੌਰਾਨ ਗ੍ਰਿਫਤਾਰ ਕਰ ਲਿਆ, ਜਦਕਿ ਤਰਸੇਮ ਸਿੰਘ ਉਰਫ ਵਿਸ਼ਾਲ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਖੁਲਾਸਾ ਕੀਤਾ ਕਿ ਵਾਰਦਾਤ ਦੌਰਾਨ ਇਸਤੇਮਾਲ ਕੀਤਾ ਗਿਆ ਪਿਸਤੌਲ ਉਸਨੂੰ ਮਨਪ੍ਰੀਤ ਸਿੰਘ ਉਰਫ ਮੰਨੂ ਪੁੱਤਰ ਬੂਟਾ ਸਿੰਘ ਵਾਸੀ ਪਿੰਡ ਕਾਵਾਂ ਵਾਲਾ ਥਾਣਾ ਧਰਮਕੋਟ ਨੇ ਮੁਹੱਈਆ ਕਰਵਾਇਆ ਸੀ। ਜਿਸ ’ਤੇ ਕੋਤਵਾਲੀ ਪੁਲਸ ਨੇ ਮਨਪ੍ਰੀਤ ਸਿੰਘ ਉਰਫ ਮੰਨੂ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰ ਲਿਆ ਸੀ। ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨੂ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਸੀ।
ਇਹ ਵੀ ਪੜ੍ਹੋ : ਦੇਸ਼ 'ਚ ਚੀਨੀ ਦੀਆਂ ਕੀਮਤਾਂ 'ਚ ਭਾਰੀ ਉਛਾਲ; 50 ਰੁਪਏ ਤੋਂ ਵਧ ਕੇ 80 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚੇ ਰੇਟ
ਇਸ ਦੌਰਾਨ ਥਾਣਾ ਕੋਤਵਾਲੀ ਦੇ ਐੱਸ. ਐੱਚ. ਓ. ਲਖਬੀਰ ਸਿੰਘ ਗੋਸਲ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨੂ ਇਸ ਸਮੇਂ ਆਪਣੇ ਪਿੰਡ ਕਾਵਾਂ ਵਾਲਾ ਜ਼ਿਲਾ ਮੋਗਾ ’ਚ ਆਪਣੇ ਘਰ ’ਚ ਮੌਜੂਦ ਹੈ, ਜਿਸ ਦੌਰਾਨ ਜਦੋਂ ਥਾਣਾ ਕੋਤਵਾਲੀ ਦੀ ਪੁਲਸ ਨੇ ਪਿੰਡ ਕਾਵਾਂ ਵਾਲਾ ਜ਼ਿਲਾ ਮੋਗਾ ’ਚ ਮਨਪ੍ਰੀਤ ਸਿੰਘ ਉਰਫ ਮੰਨੂ ਨੂੰ ਗ੍ਰਿਫਤਾਰ ਕਰਨ ਪਹੁੰਚੀ ਤਾਂ ਪਿੰਡ ਨਾਲ ਸਬੰਧਤ ਕੁਝ ਲੋਕਾਂ ਨੇ ਪੁਲਸ ਦੀ ਕਾਰਵਾਈ ਰੋਕਣ ਦੇ ਲਈ ਹੰਗਾਮਾ ਕਰ ਦਿੱਤਾ। ਜਿਸ ’ਤੇ ਐੱਸ. ਐੱਚ. ਓ. ਕੋਤਵਾਲੀ ਲਖਬੀਰ ਸਿੰਘ ਗੋਸਲ ਨੇ ਪੂਰੀ ਘਟਨਾ ਦੀ ਜਾਣਕਾਰੀ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨੂੰ ਦਿੱਤੀ, ਜਿਨ੍ਹਾਂ ਨੇ ਡੀ. ਐੱਸ. ਪੀ. ਸਬ ਡਵੀਜਨ ਸ਼ੀਤਲ ਸਿੰਘ ਨੂੰ ਪੂਰੇ ਮਾਮਲੇ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ, ਜਿਸ ’ਤੇ ਕਪੂਰਥਲਾ ਪੁਲਸ ਦੀ ਸੂਚਨਾ ’ਤੇ ਮੋਗਾ ਪੁਲਸ ਨੇ ਮੌਕੇ ’ਤੇ ਪਹੁੰਚਦੇ ਹੋਏ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨੂ ਨੂੰ ਹਿਰਾਸਤ ’ਚ ਲੈ ਕੇ ਕਪੂਰਥਲਾ ਪੁਲਸ ਦੇ ਹਵਾਲੇ ਕਰ ਦਿੱਤਾ।
ਮੁਲਜ਼ਮ ਨੂੰ ਕਪੂਰਥਲਾ ਲਿਆ ਕੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜਮ ਮਨਪ੍ਰੀਤ ਸਿੰਘ ਉਰਫ ਮੰਨੂ ਤੋਂ ਪੁੱਛਗਿੱਛ ਜਾਰੀ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਮਨਪ੍ਰੀਤ ਸਿੰਘ ਉਰਫ ਮੰਨੂ ਤੋਂ ਕਈ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
